ਰਿਟਾਇਰਮੈਂਟ ਲਾਈਫ ਅਤੇ ਸਿਹਤ

ਕੀ ਰਿਟਾਇਰਮੈਂਟ ਬਾਅਦ ਸਿਹਤ ਅਕਸਰ ਖ਼ਰਾਬ ਰਹਿਦੀ ਹੈ? ਨਹੀਂ ਥੋੜ੍ਹੀ ਜਿਹੀ ਦਿਲਚਸਪੀ, ਚੇਤੰਨਤਾ, ਧਿਆਨ ਅਤੇ ਸਮਾਂ ਲਾ ਕੇ ਇਨ੍ਹਾਂ ਸਾਲਾਂ ਨੂੰ ਸਿਹਤਮੰਦ ਪ੍ਰਸੰਨ ਲੰਮੀ ਉਮਰ ਵਿਚ ਬਦਲਿਆ ਜਾ ਸਕਦਾ ਹੈ।;

Update: 2024-07-26 07:45 GMT

ਕੀ ਰਿਟਾਇਰਮੈਂਟ ਬਾਅਦ ਸਿਹਤ ਅਕਸਰ ਖ਼ਰਾਬ ਰਹਿਦੀ ਹੈ? ਨਹੀਂ ਥੋੜ੍ਹੀ ਜਿਹੀ ਦਿਲਚਸਪੀ, ਚੇਤੰਨਤਾ, ਧਿਆਨ ਅਤੇ ਸਮਾਂ ਲਾ ਕੇ ਇਨ੍ਹਾਂ ਸਾਲਾਂ ਨੂੰ ਸਿਹਤਮੰਦ ਪ੍ਰਸੰਨ ਲੰਮੀ ਉਮਰ ਵਿਚ ਬਦਲਿਆ ਜਾ ਸਕਦਾ ਹੈ।

1.ਸਰੀਰ ਦੀ ਸਮਰੱਥਾ ਅਤੇ ਸ਼ੌਕ ਅਨੁਸਾਰ ਸੈਰ-ਕਸਰਤ-ਯੋਗਾ-ਸਾਈਕਲਿੰਗ-ਸਵਿਮਿੰਗ ਵਿਚੋਂ ਕੁਝ ਵੀ ਕਰੋ। ਨਵੀਆਂ ਕਸਰਤਾਂ ਸਿੱਖੋ। ਘੁੰਮਣ ਫਿਰਨ, ਨਵੀਆਂ ਥਾਵਾਂ ਵੇਖਣ ਦੀ ਰੁਚੀ ਪੈਦਾ ਕਰੋ। ਸੀਨੀਅਰ ਸਿਹਤ-ਗਰੁੱਪ ਜਾਇਨ ਕਰੋ। ਸਰੀਰਕ ਤੌਰ ਤੇ ਸਰਗਰਮ ਰਹੋ।

2.ਜੀਵਨ-ਸ਼ੈਲੀ ਬਦਲੋ। ਕ੍ਰਾਂਤੀਕਾਰੀ ਤਬਦੀਲੀਆਂ ਲਿਆਓ। ਸਿਹਤਮੰਦ ਖ਼ੁਰਾਕ ʼਤੇ ਫੋਕਸ ਕਰੋ। ਗੈਰ-ਸਿਹਤਮੰਦ ਖ਼ੁਰਾਕ ਨੂੰ ਜੀਵਨ ਵਿਚੋਂ, ਰਸੋਈ ਵਿਚੋਂ ਕੱਢ ਦਿਓ।

3.ਸਾਕਾਰਾਤਮਕ ਸੋਚ ਅਪਣਾਓ। ਗੂੜ੍ਹੀ-ਗਹਿਰੀ ਨੀਂਦ ਲਓ। ਲੰਮੇ-ਡੂੰਘੇ ਸਾਹ ਲਓ। ਪੀਸ ਆਫ਼ ਮਾਈਂਡ ਨੂੰ ਤਰਜੀਹ ਦਿਓ। ਮੈਡੀਟੇਸ਼ਨ ਨੂੰ ਸਮਾਂ ਦਿਓ। ਲੋਕਾਂ ਦੇ ਦੁਖ ਸੁਖ ਵਿਚ ਸ਼ਾਮਲ ਹੋਵੋ। ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਦੇ ਸੰਪਰਕ ਵਿਚ ਰਹੋ। ਪਰਿਵਾਰ ਨੂੰ, ਆਪਣੇ ਸ਼ੌਕ ਨੂੰ ਸਮਾਂ ਦਿਓ। ਰੁੱਝੇ ਰਹੋ। ਪਾਣੀ, ਫਲ, ਸਲਾਦ, ਸਬਜ਼ੀਆਂ ਵਧੇਰੇ ਮਾਤਰਾ ਵਿਚ ਲਓ। ਜੀਵਨ ਦਾ, ਹਰ ਦਿਨ ਦਾ ਉਦੇਸ਼ ਮਿਥੋ ਅਤੇ ਉਸ ਨੂੰ ਪੂਰਾ ਕਰਨ ਵਿਚ ਲੱਗੇ ਰਹੋ। ਮਨੋਰੰਜਨ ਲਈ, ਆਰਾਮ ਲਈ ਸਮਾਂ ਕੱਢੋ। ਸੰਗੀਤ ਸੁਣੋ, ਪੁਸਤਕਾਂ ਪੜ੍ਹੋ, ਬਗੀਚੀ ਦੇ ਫੁੱਲਾਂ-ਫਲ੍ਹਾਂ-ਸਬਜ਼ੀਆਂ ਨੂੰ ਪਾਣੀ ਦਿਓ। ਕੁਦਰਤ ਦੇ ਅੰਗ ਸੰਗ ਰਹੋ। ਮਨ ਦੀ ਤਾਕਤ ਨੂੰ ਪਛਾਣੋ। ਸ਼ੁਕਰਾਨਾ ਕਰੋ, ਚਿਹਰੇ ʼਤੇ ਮੁਸਕਾਨ ਰੱਖੋ। ਪ੍ਰਦੂਸ਼ਨ ਤੋ ਬਚੋ। ਵੱਧ ਤੋਂ ਵੱਧ ਸਮਾਂ ਖੁਲ੍ਹੀ ਹਵਾ ਵਿਚ ਬਤੀਤ ਕਰੋ। ਘਰ ਦੇ ਖਿੜਕੀਆਂ ਦਰਵਾਜ਼ੇ ਖੁਲ੍ਹੇ ਰੱਖੋ। ਜਾਲੀ ਵਾਲੇ ਦਰਵਾਜ਼ਿਆਂ ਖਿੜਕੀਆਂ ਦੀਆਂ ਜਾਲੀਆਂ ਸਾਫ਼ ਕਰੋ ਤਾਂ ਜੋ ਵੱਧ ਤੋਂ ਵੱਧ ਹਵਾ ਕਮਰਿਆਂ ਅੰਦਰ ਆ ਜਾ ਸਕੇ।

4.ਜਿੱਥੇ ਵੀ ਹੋ ਖੁਸ਼ ਰਹੋ, ਰੁੱਝੇ ਰਹੋ। ਰੁਝੇਵੇਂ ਵਾਲੀ ਅਰਥ ਭਰਪੂਰ ਜ਼ਿੰਦਗੀ ਜਿਊਣ ਦੀ ਕੋਸ਼ਿਸ ਕਰੋ। ਕਿਸੇ ਸੰਸਥਾ, ਹਸਪਤਾਲ, ਲਾਇਬਰੇਰੀ, ਐਨ ਜੀ ਓ ਨਾਲ ਵਲੰਟੀਅਰ ਵਜੋਂ ਜੁੜੋ।

ਕਿਸੇ ਉਦੇਸ਼ ਲਈ ਜੀਣਾ, ਦੂਸਰਿਆਂ ਦੇ ਕੰਮ ਆਉਣਾ ਲੰਮੇ ਸਮੇਂ ਵਿਚ ਸਰੀਰਕ ਮਾਨਸਿਕ ਤੰਦਰੁਸਤੀ ਲਈ ਫਾਇਦੇਮੰਦ ਹੁੰਦਾ ਹੈ। ਜੇ ਤੁਸੀਂ ਸਾਫ਼-ਸ਼ੁੱਧ ਹਵਾ ਚਾਹੁੰਦੇ ਹੋ ਤਾਂ ਰਹਿਣ ਲਈ ਕਿਸੇ ਅਜਿਹੇ ਸਥਾਨ ਦੀ ਚੋਣ ਕਰੋ।

5.ਧੁੱਪ ਇਸ ਉਮਰ ਵਿਚ ਵਰਦਾਨ ਹੈ। ਵਿਟਾਮਿਨ ਬੀ12, ਡੀ, ਸੀ, ਈ, ਏ ਦੀ ਕਮੀ ਨਾ ਹੋਣ ਦਿਓ। ਸੰਤੁਲਿਤ ਖੁਰਾਕ ਲਓ ਜਿਸ ਵਿਚ ਕਾਰਬੋਹਾਈਡਰੇਟਸ, ਪ੍ਰੋਟੀਨ, ਫਾਈਬਰ, ਫੈਟ, ਮਿਨਰਲ, ਵਿਟਾਮਿਨ ਅਤੇ ਹੋਰ ਲੋੜੀਂਦੇ ਖੁਰਾਕੀ ਤੱਤ ਸ਼ਾਮਲ ਹੋਣ। ਖੂਨ ਦਾ ਦਬਾਅ, ਦਿਲ ਦੀ ਧੜਕਨ, ਤਣਾਅ ਅਤੇ ਕੋਲੈਸਟਰੋਲ ʼਤੇ ਕੰਟਰੋਲ ਰੱਖੋ।

6.ਭਾਰ ʼਤੇ ਕਾਬੂ ਰੱਖੋ। ਬਜ਼ਾਰੀ ਭੋਜਨ ਤੋਂ ਪ੍ਰਹੇਜ ਕਰੋ। ਕਣਕ ਦੀ ਵਰਤੋਂ ਘੱਟ ਤੋਂ ਘੱਟ ਕਰੋ। ਡੇਅਰੀ ਪ੍ਰੋਡਕਟ, ਬੇਕਰੀ ਪ੍ਰੋਡਕਟ, ਮਠਿਆਈਆਂ, ਪ੍ਰੋਸੈਸਡ ਫੂਡ, ਡੱਬਾ ਬੰਦ, ਬੋਤਲ ਬੰਦ, ਪੈਕਟ ਬੰਦ ਖੁਰਾਕੀ ਵਸਤੂਆਂ ਤੋਂ ਬਚੋ। ਖੇਤਾਂ ਵਿਚੋਂ, ਪੌਦਿਆਂ ਤੋਂ ਆਉਣ ਵਾਲੀਆਂ ਕੁਦਰਤੀ ਵਸਤਾਂ ਨੂੰ ਤਰਜੀਹ ਦਿਓ।

7.ਸਿਹਤ ਦੀ ਜਾਂਚ ਕਰਵਾਉਂਦੇ ਰਹੋ। ਡਾਕਟਰ ਦੀਆਂ ਹਦਾਇਤਾਂ ਦੀ ਪਾਲਣਾ ਕਰੋ। ਦਵਾਈ ਨਿਯਮਤ ਤੌਰ ʼਤੇ ਸਮੇਂ ਸਿਰ ਲਓ। ਬੀ ਪੀ ਅਤੇ ਤਣਾਅ ਵਧਣ ਨਾ ਦਿਓ ਤਾਂ ਜੋ ਸਟ੍ਰੋਕ ਅਤੇ ਦਿਲ ਦੀਆਂ ਬਿਮਾਰੀਆਂ ਤੋਂ ਬਚੇ ਰਹੋ। ਸਰੀਰ ਵਾਂਗ ਦਿਮਾਗ ਨੂੰ ਵੀ ਕਸਰਤ ਦੀ ਲੋੜ ਹੈ। ਇਸਨੂੰ ਆਪਣੇ ਪਸੰਦ ਦੀਆਂ ਸਿਰਜਣਾਤਮਿਕ ਸਰਗਰਮੀਆਂ ਵਿਚ ਲਗਾਈ ਰੱਖੋ।

8.ਘਰ ਅਤੇ ਬਾਹਰ ਤੁਰਦੇ ਫਿਰਦੇ ਛੋਟੀਆਂ ਛੋਟੀਆਂ ਸੱਟਾਂ, ਐਕਸੀਡੈਂਟਾਂ ਤੋਂ ਬਚੋ। ਉੱਚੀ, ਨੀਵੀਂ, ਤਿਲਕਵੀਂ ਥਾਂ ਅਤੇ ਪੌੜੀਆਂ ਪ੍ਰਤੀ ਸੁਚੇਤ ਰਹੋ। ਲੋੜ ਅਨੁਸਾਰ ਘਰ, ਕਮਰੇ ਅਤੇ ਬਾਥਰੂਮ ਵਿਚ ਰੋਸ਼ਨੀ ਦੀ ਵਿਵਸਥਾ ਕਰੋ।

9.ਜਿਹੜੇ ਲੋਕ ਰਿਟਾਇਰਮੈਂਟ ਬਾਅਦ ਆਪਣੇ ਸਮੇਂ ਦੀ ਵਿਉਂਤਬੰਦੀ ਕਰਕੇ ਰੁੱਝੇ ਰਹਿੰਦੇ ਹਨ ਉਹ ਮੁਕਾਬਲਤਨ ਵਧੇਰੇ ਖੁਸ਼ ਤੇ ਸੰਤੁਸ਼ਟ ਰਹਿੰਦੇ ਹਨ।

10.ਊਰਜਾ ਲਈ ਆਲੇ ਦੁਆਲੇ, ਘਰ-ਪਰਿਵਾਰ ਅਤੇ ਜੀਵਨ ਵਿਚ ਦਿਲਚਸਪੀ ਬਣਾਈ ਰੱਖੋ। ਤਕਨੀਕੀ ਸਹੂਲਤਾਂ ਅਪਣਾਓ ਪਰ ਉਨ੍ਹਾਂ ਦੇ ਗੁਲਾਮ ਨਾ ਬਣੋ। ਸਮਾਰਟ ਫੋਨ ਅਤੇ ਇੰਟਰਨੈਟ ਸਾਡੀ ਸਹੂਲਤ ਲਈ ਹਨ ਇਨ੍ਹਾਂ ਨੂੰ ਜ਼ਿੰਦਗੀ ʼਤੇ ਹਾਵੀ ਨਾ ਹੋਣ ਦਿਓ।

11.ਮਨੋਰੰਜਨ ਤੇ ਸ਼ੌਕ ਜ਼ਰੂਰੀ ਹਨ। ਮਨ ਨੂੰ ਖੁਲ੍ਹਾ ਤੇ ਲਚਕੀਲਾ ਰੱਖੋ। ਵਰਤਮਾਨ ਮਹੱਤਵਪੂਰਨ ਹੈ। ਵਰਤਮਾਨ ਵਿਚ ਜੀਓ। ਜੇਕਰ ਤੁਸੀਂ ਇਸ ਉਮਰ ਲਈ ਯੋਜਨਾਬੰਦੀ ਅਤੇ ਤਿਆਰੀ ਨਹੀਂ ਕੀਤੀ ਤਾਂ ਅੱਜ ਤੋਂ ਹੀ ਸ਼ੁਰੂ ਕਰ ਦਿਓ।

ਖੇਡ ਲੇਖਕ ਪ੍ਰਿੰਸੀਪਲ ਸਰਵਣ ਸਿੰਘ ਲਿਖਦੇ ਹਨ ਜਿਹੜਾ ਦੌੜ ਸਕਦੈ ਉਹ ਵਗੇ ਨਾ। ਜਿਹੜਾ ਵਗ ਸਕਦੈ ਉਹ ਤੁਰੇ ਨਾ, ਜਿਹੜਾ ਤੁਰ ਸਕਦੈ ਉਹ ਖੜੇ ਨਾ, ਜਿਹੜਾ ਖੜ੍ਹ ਸਕਦੈ ਉਹ ਬੈਠੇ ਨਾ, ਜਿਹੜਾ ਬੈਠ ਸਕਦੈ ਉਹ ਲੇਟੇ ਨਾ। ਜਿੰਨੇ ਜੋਗਾ ਕੋਈ ਹੈ ਓਨਾ ਕੁਛ ਕਰਨ ਦੀ ਕੋਸ਼ਿਸ਼ ਜ਼ਰੂਰ ਕਰਦਾ ਰਹੇ। ਤੁਰੋ ਤੇ ਤੰਦਰੁਸਤ ਰਹੋ। ਤੁਹਾਡੇ ਰੁਝੇਵੇਂ ਕਦੇ ਨਾ ਮੁੱਕਣ। ਕਿਸੇ ਨਾ ਕਿਸੇ ਆਹਰੇ ਜ਼ਰੂਰ ਲੱਗੇ ਰਹੋ। ਆਹਰ ਮੁੱਕ ਜਾਣ ਤਾਂ ਬੰਦਾ ਬਹੁਤੀ ਦੇਰ ਜਿਉਂਦਾ ਨਹੀਂ ਰਹਿ ਸਕਦਾ।

Tags:    

Similar News