'ਫ਼ੈਟੀ ਲਿਵਰ' ਬਣਦਾ ਜਾ ਰਿਹਾ ਹੈ ਮਹਾਂਮਾਰੀ

'ਫੈਟੀ ਲਿਵਰ' ਭਾਵ 'ਵਧਿਆ ਜਿਗਰ' ਰੋਗ ਭਾਰਤ 'ਚ ਹੁਣ ਇੱਕ ਚੁੱਪ–ਕੀਤੀ ਮਹਾਂਮਾਰੀ ਵਾਂਗ ਵਧਦਾ ਜਾ ਰਿਹਾ ਹੈ। ਇਸ ਦਾ ਤਕਨੀਕੀ ਨਾਂਅ 'ਮੈਟਾਬੌਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼ ਜਾਂ MASLD ਹੈ।

Update: 2026-02-16 09:57 GMT

65 ਫ਼ੀ ਸਦੀ ਲੋਕਾਂ ਨੂੰ ਘੇਰਿਆ 'ਵਧੇ ਜਿਗਰ' ਨੇ

ਆਧੁਨਿਕ ਜੀਵਨ–ਸ਼ੈਲੀ ਹੈ ਇਸ ਦਾ ਵੱਡਾ ਕਾਰਣ

ਨਵੀਂ ਦਿੱਲੀ: 'ਫੈਟੀ ਲਿਵਰ' ਭਾਵ 'ਵਧਿਆ ਜਿਗਰ' ਰੋਗ ਭਾਰਤ 'ਚ ਹੁਣ ਇੱਕ ਚੁੱਪ–ਕੀਤੀ ਮਹਾਂਮਾਰੀ ਵਾਂਗ ਵਧਦਾ ਜਾ ਰਿਹਾ ਹੈ। ਇਸ ਦਾ ਤਕਨੀਕੀ ਨਾਂਅ 'ਮੈਟਾਬੌਲਿਕ ਡਿਸਫੰਕਸ਼ਨ-ਐਸੋਸੀਏਟਿਡ ਸਟੀਏਟੋਟਿਕ ਲਿਵਰ ਡਿਜ਼ੀਜ਼ ਜਾਂ MASLD ਹੈ।

ਤਾਜ਼ਾ ਅਧਿਐਨਾਂ ਅਨੁਸਾਰ, ਭਾਰਤ ਵਿੱਚ ਲਗਭਗ 38-40% ਬਾਲਗਾਂ ਨੂੰ ਇਹ ਰੋਗ ਲੱਗਾ ਹੋਇਆ ਹੈ। ਇਹ ਸਮੱਸਿਆ ਇਕੱਲੇ ਭਾਰਤ 'ਚ ਹੀ ਨਹੀਂ, ਸਗੋਂ ਕੌਮਾਂਤਰੀ ਪੱਧਰ 'ਤੇ ਵਧ ਰਿਹਾ ਹੈ। ਪਰ ਭਾਰਤ 'ਚ ਇਹ ਕੁਝ ਵਧੇਰੇ ਹੀ ਤੇਜ਼ੀ ਨਾਲ ਵਧ ਰਿਹਾ ਹੈ। ਫੀਨੋਮ ਇੰਡੀਆ ਕੋਹੋਰਟ ਵੱਲੋਂ ਕੀਤੇ ਗਏ ਇੱਕ ਅਧਿਐਨ ਵਿੱਚ 7,764 ਬਾਲਗਾਂ ਵਿੱਚੋਂ 38.9 ਫ਼ੀ ਸਦੀ ਇਸ ਰੋਗ ਤੋਂ ਪੀੜਤ ਪਾਏ ਗਏ ਹਨ। 'ਅਪੋਲੋ ਹੈਲਥ ਆਫ ਦ ਨੇਸ਼ਨ–2025' ਰਿਪੋਰਟ ਵਿੱਚ 2 ਲੱਖ 57 ਹਜ਼ਾਰ ਲੋਕਾਂ ਵਿੱਚੋਂ 65% ਨੂੰ ਫੈਟੀ ਲਿਵਰ ਮਿਲਿਆ ਹੈ।

ਹੈਰਾਨੀ ਦੀ ਗੱਲ ਇਹ ਵੀ ਹੈ ਕਿ ਇਨ੍ਹਾਂ ਵਿੱਚੋਂ 85% ਲੋਕਾਂ ਨੇ ਕਦੇ ਸ਼ਰਾਬ ਨਹੀਂ ਪੀਤੀ। ਇਹ ਰੋਗ ਲਿਵਰ ਵਿੱਚ ਵਾਧੂ ਚਰਬੀ ਜਮ੍ਹਾਂ ਹੋਣ ਕਾਰਨ ਹੁੰਦਾ ਹੈ, ਜੋ ਅੱਗੇ ਜਾ ਕੇ ਫਾਈਬਰੋਸਿਸ, ਸਿਰੋਸਿਸ ਜਾਂ ਜਿਗਰ ਦੇ ਕੈਂਸਰ ਵੱਲ ਵਧ ਸਕਦਾ ਹੈ। ਭਾਰਤ ਵਿੱਚ ਇਸ ਬੀਮਾਰੀ ਦੇ ਵਧਣ ਨਾਲ ਸਾਲ 1990 ਤੋਂ ਲੈ ਕੇ 2021 ਤੱਕ ਦੇ 31 ਸਾਲਾਂ ਦੌਰਾਨ ਲਿਵਰ ਰੋਗਾਂ ਕਾਰਨ ਮੌਤਾਂ ਵਿੱਚ 169% ਵਾਧਾ ਹੋਇਆ ਹੈ।

ਫੈਟੀ ਲਿਵਰ ਰੋਗ ਵਧਣ ਦੇ ਕਾਰਨ ਅਤੇ ਰੋਕਥਾਮ ਦੇ ਉਪਾਅ

ਭਾਰਤ ਵਿੱਚ ਇਸ ਰੋਗ ਦੇ ਵਧਣ ਦੇ ਮੁੱਖ ਕਾਰਨ ਮੈਟਾਬੌਲਿਕ ਸਮੱਸਿਆਵਾਂ ਅਤੇ ਜੀਵਨ–ਸ਼ੈਲੀ ਨਾਲ ਜੁੜੇ ਹਨ। ਤੇਜ਼–ਰਫ਼ਤਾਰ ਸ਼ਹਿਰੀਕਰਨ, ਗ਼ੈਰ–ਸਿਹਤਮੰਦ ਖੁਰਾਕ ਅਤੇ ਜ਼ਿਆਦਾਤਰ ਬੈਠੇ ਰਹਿਣ ਦੀ ਜੀਵਨ–ਸ਼ੈਲੀ ਨੇ ਇਸ ਨੂੰ ਵਧਾਇਆ ਹੈ। ਅਧਿਐਨਾਂ ਅਨੁਸਾਰ, ਦਿਹਾਤੀ ਖੇਤਰਾਂ ਵਿੱਚ ਵੀ ਇਹ ਰੋਗ ਹੁਣ 9 ਤੋਂ 32 ਫ਼ੀ ਸਦੀ ਤੱਕ ਪਾਇਆ ਜਾਣ ਲੱਗਾ ਹੈ। ਸ਼ਹਿਰੀ ਇਲਾਕਿਆਂ 'ਚ ਤਾਂ ਇਹ ਵੱਧ ਹੈ ਹੀ।ਹਰ ਵੇਲੇ ਬਹਿ ਕੇ ਕੰਮ ਕਰਨ ਵਾਲ਼ੇ ਆਈਟੀ ਪ੍ਰੋਫੈਸ਼ਨਲਾਂ ਵਿੱਚ ਤਾਂ ਇਹ 80-84% ਤੱਕ ਪਹੁੰਚ ਗਿਆ ਹੈ ਕਿਉਂਕਿ ਉਹ ਦੇਰ ਰਾਤ ਤੱਕ ਕੰਮ ਕਰਦੇ ਹਨ, ਦੇਰ ਨਾਲ ਖਾਂਦੇ ਹਨ ਅਤੇ ਫਿਰ ਅਲਕੋਹਲ ਦਾ ਸੇਵਨ ਵੀ ਕਰਦੇ ਹਨ। ਔਰਤਾਂ ਵਿੱਚ ਮਾਹਵਾਰੀ ਬੰਦ ਹੋਣ ਤੋਂ ਬਾਅਦ ਇਹ ਰੋਗ 54% ਤੋਂ 70% ਤੱਕ ਵਧਦਾ ਜਾ ਰਿਹਾ ਹੈ।

ਇਸ ਰੋਗ ਦਾ ਵੱਡਾ ਕਾਰਣ ਮੋਟਾਪਾ ਵੀ ਹੈ। ਮੋਟਾਪਾ ਵੀ ਅਜਿਹਾ, ਜਿਸ ਨੂੰ ਆਸਾਨੀ ਨਾਲ਼ ਰੋਕਿਆ ਜਾ ਸਕਦਾ ਹੈ ਪਰ ਅਖੌਤੀ ਆਧੁਨਿਕ ਜੀਵਨ–ਸ਼ੈਲੀ ਨੇ ਮੋਟਾਪਾ ਵਧਾਉਣ 'ਤੇ ਜ਼ੋਰ ਦਿੱਤਾ ਹੋਇਆ ਹੈ। ਡਾਇਬਟੀਜ਼ ਦੇ ਰੋਗੀਆਂ 'ਚ ਇਹ ਬੀਮਾਰੀ 55 ਤੋ਼ 60 ਫ਼ੀ ਸਦੀ ਪਾਈ ਜਾ ਰਹੀ ਹੈ। ਸਾਫ਼ਟ–ਡ੍ਰਿੰਕਸ ਇਸ ਫ਼ੈਟੀ–ਲਿਵਰ ਰੋਗ ਵਿੱਚ ਬਹੁਤ ਜ਼ਿਆਦਾ ਵਾਧਾ ਕਰ ਰਹੇ ਹਨ।

ਫੈਟੀ ਲਿਵਰ ਦੀ ਬੀਮਾਰੀ ਨੂੰ ਰੋਕਣ ਲਈ ਸਾਨੂੰ ਆਪਣੀ ਜੀਵਨ–ਸ਼ੈਲੀ ਵਿੱਚ ਵੱਡਾ ਬਦਲਾਅ ਕਰਨ ਦੀ ਜ਼ਰੂਰਤ ਹੈ। ਪਰ ਜੇ ਸ਼ੁਰੂ ਵਿੱਚ ਹੀ ਇਸ ਰੋਗ ਨੂੰ ਫੜ ਲਿਆ ਜਾਵੇ, ਤਾਂ ਇਸ ਦਾ ਇਲਾਜ ਬਹੁਤ ਸੁਖਾਲ਼ਾ ਹੈ ਤੇ ਇਸ ਨਾਲ਼ ਪਰਹੇਜ਼ ਰਾਹੀਂ ਵੀ ਨਜਿੱਠਿਆ ਜਾ ਸਕਦਾ ਹੈ।

ਭਾਰਤ ਸਰਕਾਰ ਨੇ ਇਸ ਰੋਗ ਨੂੰ 'ਨੈਸ਼ਨਲ ਪ੍ਰੋਗਰਾਮ ਫੌਰ ਪ੍ਰੀਵੈਂਸ਼ਨ ਐਂਡ ਕੰਟਰੋਲ ਆਫ ਨਾਨ-ਕਮਿਊਨੀਕੇਬਲ ਡਿਜ਼ੀਜ਼' (NP-NCD) ਦੇ ਵਰਗ ਵਿੱਚ ਸ਼ਾਮਲ ਕੀਤਾ ਹੈ।

ਇਸ ਰੋਗ ਤੋਂ ਬਚਣ ਲਈ ਰੋਜ਼ਾਨਾ ਸੈਰ ਤੇ ਹਲਕੀ ਕਸਰਤ ਬਹੁਤ ਜ਼ਰੂਰੀ ਹੈ। ਸਰੀਰ ਦਾ ਵਜ਼ਨ ਘਟਾਉਣ ਅਤੇ ਫਿਰ ਇੱਕ ਥਾਂ 'ਤੇ ਲਿਆ ਕੇ ਖੜ੍ਹਾਉਣਾ ਬਹੁਤ ਜ਼ਰੂਰੀ ਹੈ। ਫ਼ਾਸਟ–ਫ਼ੂਡਜ਼ ਅਤੇ ਅਲਕੋਹਲ ਤੋਂ ਜਿੰਨਾ ਦੂਰ ਰਹਿ ਸਕਦੇ ਹੋ, ਰਹੋ।

ਸਰਕਾਰੀ ਪ੍ਰੋਗਰਾਮ ਵਿੱਚ ਹੈਲਥ ਵਰਕਰਾਂ ਨੂੰ ਟ੍ਰੇਨਿੰਗ ਦਿੱਤੀ ਜਾਂਦੀ ਹੈ ਤਾਂ ਜੋ ਕਮਿਊਨਿਟੀ ਲੈਵਲ 'ਤੇ ਰੋਕਥਾਮ ਅਤੇ ਟ੍ਰੀਟਮੈਂਟ ਨੂੰ ਯਕੀਨੀ ਬਣਾਇਆ ਜਾਵੇ। ਨਿਯਮਿਤ ਚੈੱਕਅੱਪ ਅਤੇ ਲਾਈਫਸਟਾਈਲ ਚੇਂਜ ਨਾਲ ਇਸ ਨੂੰ ਸਹਿਜੇ ਹੀ ਠੀਕ ਵੀ ਕੀਤਾ ਜਾ ਸਕਦਾ ਹੈ। ਜੇ ਤੁਹਾਨੂੰ ਰਿਸਕ ਫੈਕਟਰ ਹਨ, ਤਾਂ ਡਾਕਟਰ ਦੀ ਸਲਾਹ ਲਓ। ਵਧੇਰੇ ਜਾਣਕਾਰੀ ਲਈ NACO ਜਾਂ ਸਥਾਨਕ ਹੈਲਥ ਸੈਂਟਰ ਨਾਲ ਸੰਪਰਕ ਕਰੋ।

Tags:    

Similar News