ਬ੍ਰਿਟੇਨ ’ਚ ਕੀਰਤਨ ਨੂੰ ਸਿੱਖ ਪਵਿੱਤਰ ਸੰਗੀਤ ਵਜੋਂ ਮਿਲੀ ਮਾਨਤਾ

ਇੰਗਲੈਂਡ ਵਿਚ ਸਥਿਤ ਮਿਊਜ਼ਕ ਟੀਚਰ ਬੋਰਡ ਯਾਨੀ ਐਮਟੀਬੀ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਐ, ਜਿਸ ਤੋਂ ਬਾਅਦ ਹੁਣ ਐਮਟੀਬੀ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਅੱਠਵੀਂ ਕਲਾਸ ਦੀਆਂ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ ਸਿੱਖ ਪਵਿੱਤਰ ਸੰਗੀਤ ਦੀ ਪੇਸ਼ਕਸ਼ ਕਰੇਗਾ।;

Update: 2024-09-20 13:58 GMT

ਲੰਡਨ : ਇੰਗਲੈਂਡ ਵਿਚ ਸਥਿਤ ਮਿਊਜ਼ਕ ਟੀਚਰ ਬੋਰਡ ਯਾਨੀ ਐਮਟੀਬੀ ਵੱਲੋਂ ਕੀਰਤਨ ਨੂੰ ‘ਸਿੱਖ ਪਵਿੱਤਰ ਸੰਗੀਤ’ ਦੇ ਰੂਪ ਵਿਚ ਮਾਨਤਾ ਦਿੱਤੀ ਗਈ ਐ, ਜਿਸ ਤੋਂ ਬਾਅਦ ਹੁਣ ਐਮਟੀਬੀ ਵਿਸ਼ਵ ਪੱਧਰ ’ਤੇ ਮਾਨਤਾ ਪ੍ਰਾਪਤ ਅੱਠਵੀਂ ਕਲਾਸ ਦੀਆਂ ਸੰਗੀਤ ਪ੍ਰੀਖਿਆਵਾਂ ਦੇ ਹਿੱਸੇ ਵਜੋਂ ਸਿੱਖ ਪਵਿੱਤਰ ਸੰਗੀਤ ਦੀ ਪੇਸ਼ਕਸ਼ ਕਰੇਗਾ। ਇਸ ਖ਼ਬਰ ਤੋਂ ਬਾਅਦ ਸਥਾਨਕ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ। 

ਬ੍ਰਿਟੇਨ ਤੋਂ ਸਿੱਖਾਂ ਲਈ ਬੇਹੱਦ ਖ਼ੁਸ਼ੀ ਦੀ ਖ਼ਬਰ ਸਾਹਮਣੇ ਆ ਰਹੀ ਐ, ਜਿੱਥੇ ਸਰਕਾਰ ਵੱਲੋਂ ਕੀਰਤਨ ਨੂੰ ਗ੍ਰੇਡਡ ਸੰਗੀਤ ਪ੍ਰੀਖਿਆ ਪ੍ਰਣਾਲੀ ਦਾ ਹਿੱਸਾ ਮੰਨਦਿਆਂ ‘ਸਿੱਖ ਪਵਿੱਤਰ ਸੰਗੀਤ’ ਵਜੋਂ ਮਾਨਤਾ ਦਿੱਤੀ ਗਈ ਐ। ਇਹ ਮਾਨਤਾ ਮਿਊਜ਼ਕ ਟੀਚਰ ਬੋਰਡ ਯਾਨੀ ਐਮਟੀਬੀ ਵੱਲੋਂ ਦਿੱਤੀ ਗਈ ਐ। ਇਸ ਤੋਂ ਬਾਅਦ ਹੁਣ ਗ੍ਰੇਡਡ ਸੰਗੀਤ ਪ੍ਰੀਖਿਆ ਪ੍ਰਣਾਲੀ ਦੇ ਤਹਿਤ ਵਿਦਿਆਰਥੀ ‘ਸਿੱਖ ਪਵਿੱਤਰ ਸੰਗੀਤ’ ਦੇ ਲਈ ਰਸਮੀ ਪਾਠਕ੍ਰਮ ਅਤੇ ਪਾਠ ਸਮੱਗਰੀ ਹਾਸਲ ਕਰ ਸਕਣਗੇ। ਐਮਟੀਬੀ ਦੇ ਪ੍ਰਬੰਧ ਨਿਦੇਸ਼ਕ ਡੇਵਿਡ ਕੇਸੇਲ ਨੇ ਆਖਿਆ ਕਿ ਇਹ ਦੇਖਣਾ ਚੰਗਾ ਹੋਵੇਗਾ ਕਿ ਜੋ ਲੋਕ ਸਿੱਖ ਪਵਿੱਤਰ ਸੰਗੀਤ ਨੂੰ ਸਿੱਖਦੇ ਨੇ, ਉਨ੍ਹਾਂ ਨੂੰ ਠੀਕ ਉਸੇ ਤਰ੍ਹਾਂ ਸਖ਼ਤ ਮਿਹਨਤ ਦੇ ਲਈ ਪਛਾਣ ਮਿਲੇਗੀ, ਜਿਵੇਂ ਪਿਆਨੋ, ਵਾਇਲਨ ਜਾਂ ਗਿਟਾਰ ਵਰਗੇ ਹੋਰ ਸੰਗੀਤਕ ਸਾਜ਼ਾਂ ਨੂੰ ਸਿੱਖਣ ’ਤੇ ਮਿਲਦੀ ਐ।

ਇਸ ਬਾਰੇ ਬੋਲਦਿਆਂ ਗੁਰਮਤਿ ਸੰਗੀਤ ਅਕਾਦਮੀ ਦੇ ਅਧਿਆਪਕ ਡਾ. ਹਰਜਿੰਦਰ ਸਿੰਘ ਲਾਲੀ ਨੇ ਆਖਿਆ ਕਿ ਇਸ ਪਾਠਕ੍ਰਮ ਨੂੰ ਸਵੀਕਾਰ ਕਰਨ ਅਤੇ ਲਾਂਚ ਕਰਵਾਉਣ ਵਿਚ 10 ਸਾਲ ਸਖ਼ਤ ਮਿਹਨਤ ਲੱਗੀ ਐ ਪਰ ਸਾਨੂੰ ਹੁਣ ਮਾਣ ਹੋ ਰਿਹਾ ਏ ਕਿ ਸਾਡੀ ਮਿਹਨਤ ਰੰਗ ਲਿਆਈ ਐ। ਉਨ੍ਹਾਂ ਕਿਹਾ ਕਿ ਪੱਛਮ ਦੇ ਲੋਕ ਸਾਡੇ ਕੰਮ ’ਤੇ ਬਹੁਤ ਧਿਆਨ ਦੇ ਰਹੇ ਨੇ ਅਤੇ ਸਭ ਤੋਂ ਖ਼ਾਸ ਗੱਲ ਇਹ ਐ ਕਿ ਉਹ ਇਸ ਗੱਲ ਦੀ ਸ਼ਲਾਘਾ ਕਰ ਸਕਦੇ ਨੇ ਕਿ ਸਿੱਖ ਕੀਰਤਨ ਵਾਇਲਨ, ਪਿਆਨੋ ਜਾਂ ਕਿਸੇ ਹੋਰ ਪੱਛਮੀ ਸੰਗੀਤ ਸ਼ੈਲੀ ਤੋਂ ਘੱਟ ਨਹੀਂ। ਉਨ੍ਹਾਂ ਆਖਿਆ ਕਿ ਸਾਡਾ ਟੀਚਾ ਇਹ ਯਕੀਨੀ ਬਣਾਉਣ ਦਾ ਏ ਕਿ ਅਸੀਂ ਆਉਣ ਵਾਲੀਆਂ ਪੀੜ੍ਹੀਆਂ ਦੇ ਲਈ ਆਪਣੀ ਵਿਰਾਸਤ ਨੂੰ ਸੰਭਾਲ ਕੇ ਰੱਖੀਏ।

ਸੰਗੀਤ ਪ੍ਰੀਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਕਰਨ ਵਾਲੇ ਸਿੱਖ ਪਵਿੱਤਰ ਸੰਗੀਤ ਪਾਠਕ੍ਰਮ ਵਿਚ ਪੰਜ ਭਾਰਤੀ ਤਾਰ ਵਾਲੇ ਸਾਜ਼ਾਂ ਦਿਲਰੁਬਾ, ਤਾਊਸ, ਇਸਰਾਜ, ਸਾਰੰਗੀ ਅਤੇ ਸਾਰੰਦਾ ਨੂੰ ਮਾਨਤਾ ਦਿੱਤੀ ਗਈ ਐ। ਹਰਜਿੰਦਰ ਸਿੰਘ ਲਾਲੀ ਦਾ ਕਹਿਣਾ ਏ ਕਿ 550 ਸਾਲ ਪਹਿਲਾਂ ਕੀਰਤਨ ਤੰਤੀ ਸਾਜ਼ਾਂ ਜਾਂ ਤਾਰ ਵਾਲੇ ਵਾਦਯੰਤਰਾਂ ਦੇ ਨਾਲ ਕੀਤਾ ਜਾਂਦਾ ਸੀ। ਹਾਲਾਂਕਿ ਪਿਛਲੇ 150 ਸਾਲ ਤੋਂ ਤਾਰ ਵਾਰ ਸਾਜ਼ਾਂ ਦੀ ਥਾਂ ਹਾਰਮੋਨੀਅਮ ਨੇ ਲੈ ਲਈ ਐ। ਫਿਲਹਾਲ ਇਸ ਪ੍ਰਾਪਤੀ ਨੂੰ ਲੈ ਕੇ ਸਮੁੱਚੇ ਸਿੱਖ ਭਾਈਚਾਰੇ ਵਿਚ ਖ਼ੁਸ਼ੀ ਦੀ ਲਹਿਰ ਪਾਈ ਜਾ ਰਹੀ ਐ।

Tags:    

Similar News