Shah Rukh Khan: ਸ਼ਾਹਰੁਖ਼ ਖ਼ਾਨ ਦੀ ਧੀ ਸੁਹਾਨਾ ਖਾਨ ਵਿਵਾਦਾਂ ਚ, ਕਿਸਾਨ ਦੀ ਜ਼ਮੀਨ ਹੜਪਣ ਦੇ ਲੱਗੇ ਇਲਜ਼ਾਮ
12.91 ਕਰੋੜ ਵਿੱਚ ਖ਼ਰੀਦੀ ਸੀ ਕਿਸਾਨ ਦੀ ਜ਼ਮੀਨ, ਹੋਵੇਗੀ ਜਾਂਚ
Suhana Khan Controversy: ਸ਼ਾਹਰੁਖ ਖਾਨ ਦੀ ਧੀ ਸੁਹਾਨਾ ਖਾਨ ਨੇ ਰਾਏਗੜ੍ਹ ਜ਼ਿਲ੍ਹੇ ਦੇ ਅਲੀਬਾਗ ਇਲਾਕੇ ਵਿੱਚ ਕਰੋੜਾਂ ਰੁਪਏ ਦੀ ਖੇਤੀਬਾੜੀ ਜ਼ਮੀਨ ਖਰੀਦੀ ਹੈ। ਹੁਣ ਇਸ ਸੌਦੇ 'ਤੇ ਸਵਾਲ ਉਠਾਏ ਜਾ ਰਹੇ ਹਨ। ਮਹਾਰਾਸ਼ਟਰ ਰਾਜ ਦੇ ਕਾਨੂੰਨ ਅਨੁਸਾਰ, ਸਿਰਫ਼ ਇੱਕ ਕਿਸਾਨ ਹੀ ਖੇਤੀਬਾੜੀ ਜ਼ਮੀਨ ਖਰੀਦ ਸਕਦਾ ਹੈ। ਹੁਣ ਇਹ ਮਾਮਲਾ ਵਿਵਾਦਾਂ ਵਿੱਚ ਘਿਰਿਆ ਹੋਇਆ ਹੈ ਅਤੇ ਜਾਂਚ ਤੋਂ ਬਾਅਦ, ਜ਼ਮੀਨ ਸੌਦਾ ਰੱਦ ਹੋਣ ਜਾਂ ਜੁਰਮਾਨਾ ਹੋਣ ਦੀ ਸੰਭਾਵਨਾ ਹੈ।
ਜਾਣਕਾਰੀ ਅਨੁਸਾਰ, ਸੁਹਾਨਾ ਨੂੰ ਇਸ ਸੌਦੇ ਵਿੱਚ ਇੱਕ ਕਿਸਾਨ ਦੱਸਿਆ ਗਿਆ ਸੀ, ਪਰ ਪ੍ਰਸ਼ਾਸਨ ਨੇ ਇਸ ਲੈਣ-ਦੇਣ ਸਬੰਧੀ ਕਾਰਵਾਈ ਕਰਦੇ ਹੋਏ ਇੱਕ ਨੋਟਿਸ ਜਾਰੀ ਕੀਤਾ ਹੈ। 2023 ਵਿੱਚ ਪ੍ਰਾਪਤ ਦਸਤਾਵੇਜ਼ਾਂ ਅਨੁਸਾਰ, ਸੁਹਾਨਾ ਨੇ ਅਲੀਬਾਗ ਵਿੱਚ ਲਗਭਗ 12 ਕਰੋੜ 91 ਲੱਖ ਰੁਪਏ ਵਿੱਚ ਜ਼ਮੀਨ ਖਰੀਦੀ ਸੀ, ਜੋ ਦੇਜਾ ਵੂ ਫਾਰਮ ਪ੍ਰਾਈਵੇਟ ਲਿਮਟਿਡ ਦੇ ਨਾਮ 'ਤੇ ਰਜਿਸਟਰਡ ਸੀ।
ਸੁਹਾਨਾ ਨੇ ਮੁੰਬਈ ਦੇ ਅਲੀਬਾਗ ਦੇ ਥਾਲ ਪਿੰਡ ਵਿੱਚ ਜ਼ਮੀਨ ਦਾ ਇੱਕ ਵੱਡਾ ਟੁਕੜਾ ਲਿਆ ਸੀ। ਇਹ ਜ਼ਮੀਨ ਸਰਕਾਰ ਨੇ ਖੇਤੀ ਲਈ ਤੈਅ ਕੀਤੀ ਸੀ, ਜਿਸ 'ਤੇ ਸਿਰਫ਼ ਕਿਸਾਨ ਹੀ ਖੇਤੀ ਕਰ ਸਕਦੇ ਹਨ। ਸੁਹਾਨਾ ਨੇ ਪਿੰਡ ਦੀ ਇਹ ਜ਼ਮੀਨ ਅੰਜਲੀ, ਰੇਖਾ ਅਤੇ ਪ੍ਰਿਆ ਨਾਮਕ ਤਿੰਨ ਭੈਣਾਂ ਤੋਂ ਲਈ। ਇਨ੍ਹਾਂ ਤਿੰਨਾਂ ਭੈਣਾਂ ਨੂੰ ਇਹ ਜ਼ਮੀਨ ਆਪਣੇ ਮਾਪਿਆਂ ਤੋਂ ਮਿਲੀ ਹੈ।
ਜਦੋਂ ਸੁਹਾਨਾ ਨੇ ਇਹ ਜ਼ਮੀਨ ਖਰੀਦੀ ਸੀ, ਤਾਂ ਉਸਨੇ ਇਸਦੇ ਲਈ ਲਗਭਗ 77.46 ਲੱਖ ਰੁਪਏ ਦੀ ਸਟੈਂਪ ਡਿਊਟੀ ਵੀ ਅਦਾ ਕੀਤੀ ਸੀ। ਹੁਣ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਅਧਿਕਾਰੀਆਂ ਨੇ ਇਸ ਮਾਮਲੇ ਬਾਰੇ ਅਲੀਬਾਗ ਦੇ ਤਹਿਸੀਲਦਾਰ ਤੋਂ ਰਿਪੋਰਟ ਮੰਗੀ ਹੈ। ਡਿਪਟੀ ਕੁਲੈਕਟਰ ਨੇ ਵੀ ਇਸ ਮਾਮਲੇ ਦੀ ਜਾਂਚ ਦੇ ਹੁਕਮ ਦਿੱਤੇ ਹਨ।