Rajesh Khanna: ਧਰਮਿੰਦਰ ਨੇ ਬਰਬਾਦ ਕੀਤਾ ਸੀ ਸੁਪਰਸਟਾਰ ਰਾਜੇਸ਼ ਖੰਨਾ ਦਾ ਕਰੀਅਰ, ਪੈਸੇ ਪੈਸੇ ਲਈ ਹੋਏ ਸੀ ਮੋਹਤਾਜ
ਰਾਜੇਸ਼ ਖੰਨਾ ਦੇ ਜਨਮਦਿਨ ਮੌਕੇ ਪੜ੍ਹੋ ਇਹ ਦਿਲਚਸਪ ਕਿੱਸਾ
By : Annie Khokhar
Update: 2025-12-29 07:37 GMT
Rajesh Khanna Birth Anniversary; ਰਾਜੇਸ਼ ਖੰਨਾ ਉਹ ਨਾਮ ਹੈ ਜੋਂ ਕਿਸੇ ਜਾਣ ਪਹਿਚਾਣ ਦਾ ਮੋਹਤਾਜ ਨਹੀਂ ਹੈ। ਰਾਜੇਸ਼ ਖੰਨਾ ਗੁਜ਼ਰੇ ਜ਼ਮਾਨੇ ਦੇ ਸੁਪਰਸਟਾਰ ਸਨ। ਅੱਜ ਯਾਨੀ 29 ਦਸੰਬਰ ਨੂੰ ਰਾਜੇਸ਼ ਖੰਨਾ ਦਾ 83ਵਾਂ ਜਨਮ ਦਿਹਾੜਾ ਹੈ। ਇਸ ਦਿਨ ਉਹਨਾਂ ਦੀ ਫੈਮਲੀ ਅਤੇ ਫ਼ੈਨਜ਼ ਉਹਨਾਂ ਨੂੰ ਯਾਦ ਕਰ ਰਹੇ ਹਨ। ਅੱਜ ਦੇ ਇਸ ਖਾਸ ਦਿਨ ਅਸੀਂ ਤੁਹਾਨੂੰ ਰਾਜੇਸ਼ ਖੰਨਾ ਦੀ ਜ਼ਿੰਦਗੀ ਨਾਲ ਜੁੜਿਆ ਅਜਿਹਾ ਕਿੱਸਾ ਦੱਸਣ ਜਾ ਰਹੇ ਹਨ, ਜਿਸ ਨੂੰ ਜਾਣ ਕੇ ਤੁਸੀਂ ਹੈਰਾਨ ਹੋ ਜਾਓਗੇ। ਇਸ ਕਿੱਸੇ ਦਾ ਸਿੱਧਾ ਸਬੰਧ ਧਰਮਿੰਦਰ ਨਾਲ ਹੈ।
ਧਰਮਿੰਦਰ ਨੂੰ ਬਾਲੀਵੁੱਡ ਦਾ ਹੀਮੈਨ ਕਿਹਾ ਜਾਂਦਾ ਹੈ। ਧਰਮ ਪਾਜੀ ਬਾਲੀਵੁੱਡ ਦੇ ਉਹ ਸੁਪਰਸਟਾਰ ਹਨ, ਜੋ ਸਭ ਤੋਂ ਜ਼ਿਆਦਾ ਹਿੱਟ ਤੇ ਸੁਪਰਹਿੱਟ ਫਿਲਮਾਂ ਦੇਣ ਵਾਲੇ ਇਕਲੌਤੇ ਐਕਟਰ ਹਨ। ਉਨ੍ਹਾਂ ਦਾ ਰਿਕਾਰਡ ਅੱਜ ਤੱਕ ਕੋਈ ਤੋੜ ਨਹੀਂ ਸਕਿਆ। ਧਰਮਿੰਦਰ ਉਸ ਸਮੇਂ ਸਟਾਰ ਬਣੇ ਜਦੋਂ ਬਾਲੀਵੁੱਡ 'ਚ ਪਹਿਲਾਂ ਤੋਂ ਹੀ ਰਾਜੇਸ਼ ਖੰਨਾ ਵਰਗਾ ਸੁਪਰਸਟਾਰ ਮੌਜੂਦ ਸੀ।
ਰਾਜੇਸ਼ ਖੰਨਾ ਬਾਲੀਵੁੱਡ ਦੇ ਪਹਿਲੇ ਸੁਪਰਸਟਾਰ ਸਨ। ਰਾਜੇਸ਼ ਖੰਨਾ 60-70 ਦੇ ਦਹਾਕਿਆਂ ਦੇ ਸੁਪਰਸਟਾਰ ਸਨ। ਸਭ ਨੂੰ ਇਹੀ ਲੱਗਦਾ ਸੀ ਕਿ ਰਾਜੇਸ਼ ਖੰਨਾ ਦੇ ਬਰਾਬਰ ਕੋਈ ਦੂਜਾ ਸਟਾਰ ਆ ਨਹੀਂ ਸਕੇਗਾ। ਪਰ ਧਰਮਿੰਦਰ ਦੇ ਆਉਣ ਨਾਲ ਸਭ ਬਦਲਣ ਲੱਗ ਪਿਆ ਸੀ।
ਕਿਹਾ ਜਾਂਦਾ ਹੈ ਕਿ 1973 ਹੀ ਉਹ ਸਾਲ ਸੀ, ਜਦੋਂ ਰਾਜੇਸ਼ ਖੰਨਾ ਦਾ ਕਰੀਅਰ ਡੋਲਣਾ ਸ਼ੁਰੂ ਹੋਇਆ ਸੀ। ਧਰਮਿੰਦਰ ਨੂੰ ਸਾਲ 1971 'ਚ ਉਦੋਂ ਝਟਕਾ ਲੱਗਾ ਸੀ, ਜਦੋਂ ਉਨ੍ਹਾਂ ਨੂੰ ਫਿਲਮ 'ਆਨੰਦ' 'ਚੋਂ ਬਾਹਰ ਕੱਢ ਕੇ ਰਾਜੇਸ਼ ਖੰਨਾ ਨੂੰ ਕਾਸਟ ਕੀਤਾ ਗਿਆ ਸੀ। ਧਰਮਿੰਦਰ ਨੂੰ ਇਹ ਗੱਲ ਇੰਨੀਂ ਬੁਰੀ ਲੱਗੀ ਕਿ ਉਹ ਸ਼ਰਾਬ ਪੀਕੇ ਪੂਰੀ ਰਾਤ ਫਿਲਮ ਦੇ ਡਾਇਰੈਕਟਰ ਰਿਸ਼ੀਕੇਸ਼ ਮੁਖਰਜੀ ਨੂੰ ਫੋਨ ਕਰਦੇ ਰਹੇ। ਪਰ ਧਰਮਿੰਦਰ ਨੇ ਇਹ ਫੈਸਲਾ ਕਰ ਲਿਆ ਸੀ ਕਿ ਉਹ ਆਪਣੀ ਕਾਮਯਾਬੀ ਨਾਲ ਇਸ ਬੇਇੱਜ਼ਤੀ ਬਦਲਾ ਲੈਣਗੇ। ਇਸ ਤੋਂ ਬਾਅਦ ਧਰਮਿੰਦਰ ਚੁੱਪਚਾਪ ਆਪਣੇ ਕੰਮ 'ਚ ਲੱਗ ਗਏ।
ਹਾਲਾਂਕਿ ਰਿਸ਼ੀਕੇਸ਼ ਮੁਖਰਜੀ ਤੇ ਧਰਮਿੰਦਰ ਵਿਚਾਲੇ ਸਮੇਂ ਦੇ ਨਾਲ ਨਾਲ ਸਭ ਠੀਕ ਵੀ ਹੋ ਗਿਆ। ਇਸ ਤੋਂ ਬਾਅਦ ਧਰਮਿੰਦਰ ਨੇ ਰਿਸ਼ੀਕੇਸ਼ ਮੁਖਰਜੀ ਦੀਆਂ ਫਿਲਮਾਂ 'ਗੁੱਡੀ' ਤੇ 'ਚੁਪਕੇ ਚੁਪਕੇ' 'ਚ ਕੰਮ ਕੀਤਾ ਸੀ। ਪਰ ਕਿਤੇ ਨਾ ਕਿਤੇ ਧਰਮਿੰਦਰ ਦੇ ਮਨ 'ਚ ਇਹ ਮਲਾਲ ਵੀ ਸੀ ਕਿ ਉਨ੍ਹਾਂ ਨੂੰ 'ਆਨੰਦ' ਵਰਗੀ ਫਿਲਮ 'ਚ ਕੰਮ ਕਰਨ ਦਾ ਮੌਕਾ ਨਹੀਂ ਮਿਲਿਆ। ਖੈਰ ਇਸ ਤੋਂ ਬਾਅਦ ਵੀ ਧਰਮਿੰਦਰ ਨੇ ਰਾਜੇਸ਼ ਖੰਨਾ ਮੁਕਾਬਲਾ ਜਾਰੀ ਰੱਖਿਆ।
ਰਾਜੇਸ਼ ਖੰਨਾ ਭਾਵੇਂ 70 ਦੇ ਦਹਾਕੇ ਦੇ ਸੁਪਰਸਟਾਰ ਸੀ। ਉਨ੍ਹਾਂ ਦੀ ਤੇ ਕਿਸ਼ੋਰ ਕੁਮਾਰ ਦੀ ਜੋੜੀ ਨੇ ਸਭ ਨੂੰ ਦੀਵਾਨਾ ਬਣਾ ਦਿੱਤਾ ਸੀ। ਪਰ ਕਹਿੰਦੇ ਨੇ ਨਾ ਕਿ ਹਰ ਕਿਸੇ ਦੀ ਕਾਮਯਾਬੀ ਦਾ ਸੂਰਜ ਜੇ ਚੜ੍ਹਦਾ ਹੈ, ਤਾਂ ਇੱਕ ਦਿਨ ਡੁੱਬਦਾ ਵੀ ਹੈ। ਆਖਰ 1973 ਹੀ ਉਹ ਸਾਲ ਸੀ, ਜਦੋਂ ਰਾਜੇਸ਼ ਖੰਨਾ ਦੀ ਸਲਤਨਤ 'ਚ ਸੰਨ੍ਹ ਲਾਉਣ ਦਾ ਕੰਮ ਧਰਮਿੰਦਰ ਨੇ ਕੀਤਾ।
ਸਾਲ 1973 'ਚ ਰਾਜੇਸ਼ ਖੰਨਾ ਦਾ ਕਰੀਅਰ ਡੁੱਬਣਾ ਸ਼ੁਰੂ ਹੋ ਗਿਆ। ਉਨ੍ਹਾਂ ਦੀ ਇੱਕ ਫਿਲਮ 'ਦਿਲ ਦੌਲਤ ਦੁਨੀਆ' 1973 'ਚ ਆਈ, ਜੋ ਕਿ ਬੁਰੀ ਤਰ੍ਹਾਂ ਫਲੌਪ ਹੋਈ ਸੀ। ਇਹ ਫਿਲਮ ਹੀ ਰਾਜੇਸ਼ ਖੰਨਾ ਲਈ ਉਨ੍ਹਾਂ ਦੀ ਬਰਬਾਦੀ ਲੈਕੇ ਆਈ ਸੀ। ਦੂਜੇ ਪਾਸੇ, 1973 ਸਾਲ ਧਰਮਿੰਦਰ ਦੀ ਕਾਮਯਾਬੀ ਵਾਲਾ ਸਾਲ ਸਾਬਤ ਹੋਇਆ ਸੀ। ਇਸ ਸਾਲ ਧਰਮਿੰਦਰ ਦੀਆਂ ਲਗਾਤਾਰ 7 ਫਿਲਮਾਂ ਸੁਪਰਹਿੱਟ ਹੋ ਗਈਆਂ ਸੀ। ਇਸ ਕਾਮਯਾਬੀ ਤੋਂ ਬਾਅਦ ਧਰਮਿੰਦਰ ਸੁਪਰਸਟਾਰ ਦੇ ਸਿੰਘਾਸਣ 'ਤੇ ਬੈਠਣ ਵਾਲੇ ਸੀ, ਜਦਕਿ ਰਾਜੇਸ਼ ਖੰਨਾ ਦਾ ਸਿੰਘਾਸਣ ਡੋਲਣਾ ਸ਼ੁਰੂ ਹੋ ਗਿਆ ਸੀ।
ਆਖਰ 1973 'ਚ ਧਰਮਿੰਦਰ ਦੀ ਇੱਕ ਫਿਲਮ ਹੋਰ ਆਈ, ਜਿਸ ਨੇ ਉਨ੍ਹਾਂ ਨੂੰ ਸੁਪਰਸਟਾਰ ਦੇ ਸਿੰਘਾਸਣ 'ਤੇ ਬਿਠਾਇਆ ਅਤੇ ਰਾਜੇਸ਼ ਖੰਨਾ ਨੂੰ ਹੇਠਾਂ ਲਾਹਿਆ। ਉਹ ਫਿਲਮ ਸੀ 'ਲੋਫਰ'। ਇਹ ਫਿਲਮ ਸੁਪਰਹਿੱਟ ਸੀ। ਪਰ ਸੋਨੇ ਤੇ ਸੁਹਾਗਾ ਸੀ ਇਸ ਫਿਲਮ ਦੇ ਗੀਤ। ਧਰਮਿੰਦਰ 'ਤੇ ਫਿਲਮਾਇਆ ਗਿਆ ਮੋਹਮੰਦ ਰਫੀ ਦੀ ਆਵਾਜ਼ 'ਚ ਗੀਤ 'ਆਜ ਮੌਸਮ ਬੜਾ ਬੇਈਮਾਨ ਹੈ' ਉਸ ਸਾਲ ਦਾ ਸਭ ਤੋਂ ਵੱਡਾ ਸੁਪਰਹਿੱਟ ਗੀਤ ਸਾਬਤ ਹੋਇਆ। ਹੁਣ ਪੂਰੇ ਦੇਸ਼ 'ਚ ਸਿਰਫ ਇਹੀ ਗਾਣਾ ਗੂੰਜ ਰਿਹਾ ਸੀ। ਲੋਕ ਕਿਸ਼ੋਰ ਕੁਮਾਰ ਤੇ ਰਾਜੇਸ਼ ਖੰਨਾ ਨੂੰ ਭੁੱਲਣ ਲੱਗੇ ਸੀ। ਹੁਣ ਧਰਮਿੰਦਰ ਤੇ ਰਫੀ ਦੀ ਜੋੜੀ ਹਿੱਟ ਹੋ ਗਈ ਸੀ।
ਇਸ ਤਰ੍ਹਾਂ ਧਰਮਿੰਦਰ ਨੇ ਰਾਜੇਸ਼ ਖੰਨਾ ਦੀ ਰਿਆਸਤ 'ਚ ਵੱਡਾ ਪਾੜ ਪਾ ਦਿੱਤਾ। ਇਸ ਤੋਂ ਬਾਅਦ ਰਹਿੰਦੀ ਖੂੰਹਦੀ ਕਸਰ ਅਮਿਤਾਭ ਬੱਚਨ ਨੇ ਪੂਰੀ ਕੀਤੀ। 1975 'ਚ ਅਮਿਤਾਭ ਦੀ ਅਜਿਹੀ ਹਨੇਰੀ ਚੱਲੀ ਕਿ ਰਾਜੇਸ਼ ਖੰਨਾ ਕਿਤੇ ਨਜ਼ਰ ਵੀ ਨਹੀਂ ਆਏ। ਪਰ ਧਰਮਿੰਦਰ ਉਸੇ ਸਪੀਡ ਨਾਲ ਚੱਲਦੇ ਰਹੇ।