Canada ਤੋਂ ‘ਜ਼ਿੰਦਗੀ’ ਨੇ deport ਕੀਤੇ ਦਰਜਨਾਂ ਪੰਜਾਬੀ
ਕੈਨੇਡਾ ਤੋਂ ਸੈਂਕੜੇ ਪੰਜਾਬੀਆਂ ਦੇ ਡਿਪੋਰਟ ਹੋਣ ਦੀਆਂ ਰਿਪੋਰਟਾਂ ਦਰਮਿਆਨ ਦਰਜਨਾਂ ਬਦਕਿਸਮਤ ਅਜਿਹੇ ਵੀ ਹਨ ਜਿਨ੍ਹਾਂ ਨੂੰ ਜ਼ਿੰਦਗੀ ਨੇ ਡਿਪੋਰਟ ਕਰ ਦਿਤਾ
ਟੋਰਾਂਟੋ : ਕੈਨੇਡਾ ਤੋਂ ਸੈਂਕੜੇ ਪੰਜਾਬੀਆਂ ਦੇ ਡਿਪੋਰਟ ਹੋਣ ਦੀਆਂ ਰਿਪੋਰਟਾਂ ਦਰਮਿਆਨ ਦਰਜਨਾਂ ਬਦਕਿਸਮਤ ਅਜਿਹੇ ਵੀ ਹਨ ਜਿਨ੍ਹਾਂ ਨੂੰ ਜ਼ਿੰਦਗੀ ਨੇ ਡਿਪੋਰਟ ਕਰ ਦਿਤਾ। ਜੀ ਹਾਂ, ਮਾਪਿਆਂ ਵੱਲੋਂ ਚਾਵਾਂ ਨਾਲ ਜਹਾਜ਼ ਚੜ੍ਹਾਏ ਮੁੰਡੇ-ਕੁੜੀਆਂ ਨਹੀਂ ਸਨ ਜਾਣਦੇ ਕਿ ਉਨ੍ਹਾਂ ਦੇ ਸੁਪਨੇ ਕੈਨੇਡੀਅਨ ਧਰਤੀ ਵਿਚ ਦਫ਼ਨ ਹੋ ਜਾਣਗੇ ਅਤੇ ਘੁੱਪ ਹਨੇਰੇ ਤੋਂ ਸਿਵਾਏ ਕੁਝ ਨਜ਼ਰ ਨਹੀਂ ਆਉਣਾ। ਮਿਸਾਲ ਵਜੋਂ ਬਠਿੰਡਾ ਦੇ ਪਿੰਡਾ ਕੋਠਾ ਗੁਰੂ ਕਾ ਨਾਲ ਸਬੰਧਤ 22 ਸਾਲ ਦੀ ਅਰਸ਼ਦੀਪ ਕੌਰ ਹਸਦੀ-ਖੇਡਦੀ ਅਚਨਚੇਤ ਦੁਨੀਆਂ ਨੂੰ ਅਲਵਿਦਾ ਆਖ ਗਈ ਜਦਕਿ ਮਾਨਸਾ ਜ਼ਿਲ੍ਹੇ ਦੇ ਪਿੰਡ ਖੀਵਾ ਖੁਰਦ ਨਾਲ ਸਬੰਧਤ ਸਾਹਿਲਪ੍ਰੀਤ ਸਿੰਘ ਦੀ ਦੇਹ ਪੰਜ ਦਿਨ ਬਾਅਦ ਬੇਸਮੈਂਟ ਵਿਚੋਂ ਮਿਲੀ। ਦੂਜੇ ਪਾਸੇ 28 ਸਾਲ ਦੇ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਨੂੰ 55 ਕਿਲੋ ਕੋਕੀਨ ਅਤੇ ਹੈਰੋਇਨ ਅਮਰੀਕਾ ਤੋਂ ਕੈਨੇਡਾ ਲਿਆਉਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਸਿਰਫ਼ ਇਥੇ ਹੀ ਬੱਸ ਨਹੀਂ ਬਰੈਂਪਟਨ ਦੇ ਇਕ ਸਟੋਰ ਮਾਲਕ ਨੇ ਪੰਜਾਬੀ ਵਿਦਿਆਰਥੀਆਂ ਤੋਂ ਸੁਚੇਤ ਰਹਿਣ ਦਾ ਸੱਦਾ ਦੇ ਦਿਤਾ ਹੈ ਜਦਕਿ ਬਰੈਂਪਟਨ ਵਿਖੇ ਹੀ ਗੱਡੀ ਚੋਰੀ ਕਰ ਕੇ ਫਰਾਰ ਹੋਣ ਵਾਲੇ ਪੰਜ ਸ਼ੱਕੀਆਂ ਨੂੰ ਪੀਲ ਪੁਲਿਸ ਵੱਲੋਂ ਕਾਬੂ ਕਰਨ ਦੀ ਵੀਡੀਓ ਵਾਇਰਲ ਹੋ ਰਹੀ ਹੈ।
ਮਾਪਿਆਂ ਦੇ ਚਾਅ ਮਿੱਟੀ ’ਚ ਰੁਲੇ, ਸੁਪਨੇ ਹੋ ਗਏ ਦਫ਼ਨ
ਦੂਜੇ ਪਾਸੇ ਬਰੈਂਪਟਨ ਦੇ ਇਕ ਸਟੋਰ ਮਾਲਕ ਵੱਲੋਂ ਪੰਜਾਬੀ ਵਿਦਿਆਰਥੀਆਂ ਤੋਂ ਸੁਚੇਤ ਰਹਿਣ ਬਾਰੇ ਸਾਂਝੀ ਕੀਤੀ ਪੋਸਟ ਵਾਇਰਲ ਹੋ ਰਹੀ ਹੈ। ਜਿਸ ਵਿਚ ਇਕ ਪੰਜਾਬਣ ਕੁੜੀ ਦਾ ਨਾਂ ਵੀ ਲਿਖਿਆ ਹੋਇਆ ਅਤੇ ਆਪਣੇ ਦੋਸਤਾਂ ਨੂੰ ਲਾਟਰੀ ਟਿਕਟਾਂ ਮੁਫ਼ਤ ਵੰਡਣ ਦੇ ਦੋਸ਼ ਲੱਗੇ ਹਨ। ਹੁਣ ਇਕ-ਇਕ ਕਰ ਕੇ ਸਾਰੇ ਮਸਲਿਆਂ ਨੂੰ ਡੂੰਘਾਈ ਨਾਲ ਵਿਚਾਰਦੇ ਹਾਂ ਅਤੇ ਦਰਸ਼ਕਾਂ ਦੀ ਰਾਏ ਕੁਮੈਂਟਸ ਦੇ ਰੂਪ ਜਾਣਨਾ ਚਾਹਾਂਗੇ ਕਿ ਉਹ ਇਨ੍ਹਾਂ ਦੁਖਦ ਘਟਨਾਵਾਂ ਲਈ ਕਿਸ ਨੂੰ ਜ਼ਿੰਮੇਵਾਰ ਮੰਨਦੇ ਹਨ। ਨਿਊ ਬ੍ਰਨਜ਼ਵਿਕ ਦੇ ਮੌਂਕਟਨ ਸ਼ਹਿਰ ਵਿਚ ਰਹਿੰਦੀ ਅਰਸ਼ਦੀਪ ਕੌਰ ਦੇ ਮਾਪਿਆਂ ਨੂੰ ਯਕੀਨ ਨਹੀਂ ਹੋ ਰਿਹਾ ਕਿ ਉਨ੍ਹਾਂ ਦੀ ਧੀ ਇਸ ਦੁਨੀਆਂ ਵਿਚ ਨਹੀਂ ਰਹੀ। ਅਰਸ਼ਦੀਪ ਦੇ ਪਿਤਾ ਟਹਿਲ ਸਿੰਘ ਵੱਲੋਂ ਮੌਂਕਟਨ ਦੇ ਗੁਰਦਵਾਰਾ ਸਾਹਿਬ ਨਾਲ ਸੰਪਰਕ ਸਥਾਪਤ ਕਰਦਿਆਂ ਆਪਣੀ ਬੇਟੀ ਦੀ ਦੇਹ ਪੰਜਾਬ ਭੇਜਣ ਲਈ ਮਦਦ ਮੰਗੀ ਗਈ ਹੈ। ਸਾਹਿਲਪ੍ਰੀਤ ਦੀ ਗੱਲ ਕੀਤੀ ਜਾਵੇ ਤਾਂ ਸਿਰਫ਼ ਇਕ-ਡੇਢ ਸਾਲ ਦੇ ਅੰਦਰ ਹੀ ਐਨਾ ਮਾਨਸਿਕ ਬੋਝ ਪੈ ਗਿਆ ਕਿ ਬਰਦਾਸ਼ਤ ਨਾ ਕਰ ਸਕਿਆ। ਕਈ ਦਿਨ ਤੱਕ ਦੋਸਤਾਂ ਨਾਲ ਉਸ ਦਾ ਸੰਪਰਕ ਨਾ ਹੋਇਆ ਤਾਂ ਸਭਨਾਂ ਨੇ ਕਮਰੇ ਵਿਚ ਜਾਣ ਦਾ ਫੈਸਲਾ ਲਿਆ ਜਿਥੇ ਸਾਹਿਲਪ੍ਰੀਤ ਦੀ ਲਾਸ਼ ਮਿਲੀ। ਪ੍ਰਦੀਪ ਸਿੰਘ ਅਤੇ ਹਰਮਨ ਸਿੰਘ ਮੁਤਾਬਕ ਸਾਹਿਲਪ੍ਰੀਤ ਦੀ ਮੌਤ ਦਿਲ ਦਾ ਦੌਰਾ ਪੈਣ ਕਰ ਕੇ ਹੋਈ। ਹੁਣ ਬਰੈਂਪਟਨ ਦੇ ਟਰੱਕ ਡਰਾਈਵਰ ਚਰਨਪ੍ਰੀਤ ਸਿੰਘ ਦਾ ਜ਼ਿਕਰ ਕੀਤਾ ਜਾਵੇ ਤਾਂ 8 ਅਪ੍ਰੈਲ 2022 ਨੂੰ ਕੈਨੇਡਾ ਬਾਰਡਰ ਸਰਵਿਸਿਜ਼ ਵਾਲਿਆਂ ਨੇ ਖੁਫੀਆ ਜਾਣਕਾਰੀ ਦੇ ਆਧਾਰ ’ਤੇ ਸਾਰਨੀਆ ਵਿਖੇ ਉਸ ਦਾ ਟਰੱਕ ਰੋਕਿਆ ਜਿਸ ਵਿਚੋਂ 75 ਲੱਖ ਡਾਲਰ ਮੁੱਲ ਦੀ ਕੋਕੀਨ ਅਤੇ ਹੈਰੋਇਨ ਬਰਾਮਦ ਹੋਈ। ਅਦਾਲਤ ਵਿਚ ਸੁਣਵਾਈ ਦੌਰਾਨ ਚਰਨਪ੍ਰੀਤ ਨੇ ਖੁਦ ਨੂੰ ਬੇਗੁਨਾਹ ਦੱਸਿਆ ਪਰ ਸਰਕਾਰੀ ਵਕੀਲ ਨੇ ਦਾਅਵਾ ਕੀਤਾ ਕਿ ਚਰਨਪ੍ਰੀਤ ਦੇ ਟਰੱਕ ਵਿਚ ਨਸ਼ਿਆਂ ਦੀ ਖੇਪ ਇੰਡਿਆਨਾ ਸੂਬੇ ਦੇ ਲੇਕ ਸਟੇਸ਼ਨ ਇਲਾਕੇ ਵਿਚ ਲੱਦੀ ਗਈ। ਸੀ.ਬੀ.ਐਸ.ਏ. ਨੂੰ ਮਿਲੀ ਜਾਣਕਾਰੀ ਮੁਤਾਬਕ ਚਰਨਪ੍ਰੀਤ ਸਿੰਘ ਨੇ ਇਕ ਦਿਨ ਤੋਂ ਵੱਧ ਸਮਾਂ ਉਥੇ ਗੁਜ਼ਾਰਿਆ। ਸਬੂਤ ਵਜੋਂ ਫ਼ੌਰਕ ਲਿਫ਼ਟ ਆਪ੍ਰੇਟਰ ਦੇ ਬਿਆਨ ਪੇਸ਼ ਕੀਤੇ ਗਏ ਜਿਸ ਨੇ ਦੱਸਿਆ ਕਿ ਟਰੱਕ ਲੋਡ ਕੀਤੇ ਜਾਣ ਵਾਲੇ ਟ੍ਰੇਲਰ ਵਿਚ ਕੋਈ ਸੂਟਕੇਸ ਜਾਂ ਬਕਸਾ ਮੌਜੂਦ ਨਹੀਂ ਸੀ। ਇਸ ਦੇ ਉਲਟ ਚਰਨਪ੍ਰੀਤ ਸਿੰਘ ਦੇ ਵਕੀਲ ਨੇ ਦਲੀਲ ਪੇਸ਼ ਕੀਤੀ ਕਿ ਉਸ ਦੇ ਮੁਵੱਕਲ ਦੇ ਟਰੱਕ ਵਿਚ ਇਲੀਨੌਇ ਦੇ ਵੇਅਰ ਹਾਊਸ ਵਿਚ ਹੀ ਨਸ਼ਿਆਂ ਦੀ ਖੇਪ ਲੱਦੀ ਗਈ।
ਹਾਦਸੇ, ਚਿੰਤਾਵਾਂ ਅਤੇ ਅਮੀਰ ਬਣਨ ਦਾ ਲਾਲਚ ਲੈ ਬੈਠੇ
ਦੋਹਾਂ ਧਿਰਾਂ ਦੀਆਂ ਦਲੀਲਾਂ ਸੁਣਨ ਮਗਰੋਂ ਸੁਪੀਰੀਅਰ ਕੋਰਟ ਦੇ ਜਸਟਿਸ ਜਾਰਜ ਕਿੰਗ ਨੇ ਚਰਨਪ੍ਰੀਤ ਨੂੰ ਦੋਸ਼ੀ ਕਰਾਰ ਦੇ ਦਿਤਾ ਜਿਸ ਨੂੰ ਸਜ਼ਾ ਦਾ ਐਲਾਨ ਮਈ ਵਿਚ ਕੀਤਾ ਜਾਵੇਗਾ। ਕੁਝ ਮਹੀਨੇ ਪਹਿਲਾਂ ਟੋਰਾਂਟੋ ਏਰੀਆ ਦੇ ਟਰੱਕ ਡਰਾਈਵਰ ਕੋਲੋਂ 84 ਕਿਲੋ ਕੋਕੀਨ ਬਰਾਮਦ ਹੋਣ ਦੇ ਮਾਮਲੇ ਵਿਚ ਉਸ ਨੂੰ 11 ਸਾਲ ਕੈਦ ਦੀ ਸਜ਼ਾ ਸੁਣਾਈ ਗਈ ਸੀ। ਲਾਟਰੀ ਟਿਕਟਾਂ ਵਾਲੇ ਮਾਮਲੇ ਦਾ ਜ਼ਿਕਰ ਕੀਤਾ ਜਾਵੇ ਤਾਂ ਸਟੋਰ ਮਾਲਕ 20 ਹਜ਼ਾਰ ਡਾਲਰ ਤੋਂ ਵੱਧ ਮੁੱਲ ਦੀਆਂ ਲਾਟਰੀ ਟਿਕਟਾਂ ਚੋਰੀ ਹੋਣ ਦਾ ਦਾਅਵਾ ਕਰ ਰਿਹਾ ਹੈ। ਆਪਣੇ ਦਾਅਵੇ ਦੀ ਹਮਾਇਤ ਵਿਚ ਉਸ ਵੱਲੋਂ ਆਪਣੇ ਸਟੋਰ ’ਤੇ ਕੰਮ ਕਰਦੀ ਪੰਜਾਬਣ ਮੁਟਿਆਰ ਅਤੇ ਉਸ ਦੇ ਦੋਸਤਾਂ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਗਈਆਂ ਹਨ। ਸਟੋਰ ਮਾਲਕ ਨੇ ਪੁਲਿਸ ਕੋਲ ਸ਼ਿਕਾਇਤ ਵੀ ਦਰਜ ਕਰਵਾਈ ਪਰ ਹੁਣ ਤੱਕ ਕਾਰਵਾਈ ਬਾਰੇ ਜਾਣਕਾਰੀ ਹਾਸਲ ਨਹੀਂ ਹੋ ਸਕੀ। ਇਥੇ ਦਸਣਾ ਬਣਦਾ ਹੈ ਕਿ ਹਾਲ ਹੀ ਵਿਚ ਟੋਰਾਂਟੋ ਪੁਲਿਸ ਦੀ ਵਿੱਤੀ ਅਪਰਾਧ ਇਕਾਈ ਨੇ 23 ਸਾਲ ਦੇ ਜਸ਼ਨਬੀਰ ਜੱਬਲ, 25 ਸਾਲ ਦੇ ਗੁਰਬੀਰ ਜੱਬਲ ਅਤੇ 23 ਸਾਲ ਦੇ ਆਰਿਅਨ ਗੁਪਤਾ ਨੂੰ ਗ੍ਰਿਫ਼ਤਾਰ ਕਰਦਿਆਂ ਪੂਰੇ ਕੈਨੇਡਾ ਵਿਚ ਫਰੌਡ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਦੇ ਦੋਸ਼ ਆਇਦ ਕੀਤੇ ਸਨ। ਹੁਣ ਗੱਲ ਕਰਦੇ ਹਾਂ ਕੈਨੇਡਾ ਵਿਚ ਵਾਪਰਦੇ ਹਾਦਸਿਆਂਦੀ ਜੋ ਪੰਜਾਬੀ ਮੁੰਡੇ ਕੁੜੀਆਂ ਦੀ ਜਾਨ ਦਾ ਖੌਅ ਬਣੇ ਹੋਏ ਹਨ। ਪਿਛਲੇ ਦਿਨੀਂ 29 ਸਾਲ ਦੀ ਮਨਪ੍ਰੀਤ ਕੌਰ ਸੜਕ ਪਾਰ ਕਰਦਿਆਂ ਆਪਣੀ ਜਾਨ ਗਵਾ ਬੈਠੀ ਜਦਕਿ ਹਰਮਨਜੋਤ ਸਿੰਘ ਦੀ ਗੱਡੀ ਨੂੰ ਇਕ ਸ਼ਰਾਬੀ ਡਰਾਈਵਰ ਨੇ ਟੱਕਰ ਮਾਰ ਦਿਤੀ ਅਤੇ ਮਾਪਿਆਂ ਦਾ ਇਕਲੌਤਾ ਪੁੱਤ ਦੁਨੀਆਂ ਤੋਂ ਚਲਾ ਗਿਆ। 22 ਸਾਲਾ ਨਵਜੋਤ ਸਿੰਘ ਵੀ ਕੈਲੇਡਨ ਵਿਖੇ ਅਜਿਹੇ ਹੀ ਹਾਦਸੇ ਦਾ ਸ਼ਿਕਾਰ ਬਣਿਆ ਜਿਸ ਦੀ ਗੱਡੀ ਨੂੰ ਇਕ ਤੇਜ਼ ਰਫ਼ਤਾਰ ਪਿਕਅੱਪ ਟਰੱਕ ਨੇ ਟੱਕਰ ਮਾਰੀ ਅਤੇ ਉਹ ਮੌਕੇ ’ਤੇ ਹੀ ਦਮ ਤੋੜ ਗਿਆ।