ਕੈਨੇਡਾ 'ਚ ਪੰਜਾਬੀ ਇੰਟਰਨੈਸ਼ਨਲ ਸਟੂਡੈਂਟ ਨਾਲ ਰਹਿੰਦੇ ਗੋਰੇ ਨੇ ਹੀ ਕਰਤਾ ਕਾਰਾ
ਗੋਰੇ ਨੇ ਰਸੋਈ 'ਚ ਹੋਈ ਬਹਿਸ ਨੂੰ ਲੈ ਕੇ ਦਿੱਤਾ ਵਾਰਦਾਤ ਨੂੰ ਅੰਜ਼ਾਮ
ਸਾਰਨੀਆ (ਗੁਰਜੀਤ ਕੌਰ)- ਕੈਨੇਡਾ ਦੇ ਸੂਬੇ ਓਨਟਾਰੀਓ ਦੇ ਸ਼ਹਿਰ ਸਾਰਨੀਆ ਤੋਂ ਇੱਕ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ। 1 ਦਸੰਬਰ ਨੂੰ ਸਵੇਰ ਦੇ ਸਮੇਂ ਦੌਰਾਨ ਸਾਰਨੀਆ 'ਚ 194 ਕਵੀਨ ਸਟ੍ਰੀਟ 'ਚ ਇੱਕ ਘਰ 'ਚ ਰਹਿ ਰਹੇ ਦੋ ਨੌਜਵਾਨਾਂ ਵਿਚਕਾਰ ਝਗੜਾ ਹੋ ਗਿਆ। ਦਰਅਸਲ ਦੋਹਾਂ ਵਿਚਕਾਰ ਝਗੜਾ ਰਸੋਈ 'ਚ ਕੰਮ ਕਰਦੇ ਸਮੇਂ ਹੋਇਆ ਅਤੇ ਲੜ੍ਹਾਈ ਇੱਥੋਂ ਤੱਕ ਵੱਧ ਗਈ ਕਿ ਇੱਕ ਨੌਜਵਾਨ ਵੱਲੋਂ ਦੂਸਰੇ 'ਤੇ ਕਈ ਵਾਰ ਚਾਕੂ ਮਾਰ ਦਿੱਤੇ ਗਏ, ਜਿਸ ਕਾਰਨ ਪੰਜਾਬੀ ਨੌਜਵਾਨ ਦੀ ਮੌਕੇ 'ਤੇ ਹੀ ਮੌਤ ਹੋ ਗਈ।
ਦਰਅਸਲ 1 ਦਸੰਬਰ ਨੂੰ ਸਵੇਰੇ ਲਗਭਗ 5 ਵਜੇ, ਪੁਲਿਸ ਨੇ ਸਾਰਨੀਆ 'ਚ ਟੈਲਫੋਰਡ ਸਟਰੀਟ ਦੇ ਦੱਖਣ 'ਚ ਕੁਈਨ ਸਟ੍ਰੀਟ 'ਤੇ ਰਿਹਾਇਸ਼ 'ਤੇ ਇੱਕ ਛੁਰਾ ਮਾਰਨ ਦੀ ਰਿਪੋਰਟ ਲਈ ਇੱਕ 911 ਕਾਲ ਦਾ ਜਵਾਬ ਦਿੱਤਾ। ਪਹੁੰਚਣ 'ਤੇ, ਪੁਲਿਸ ਨੇ ਇੱਕ ਮ੍ਰਿਤਕ ਬਾਲਗ ਨੌਜਵਾਨ ਨੂੰ ਲੱਭਿਆ ਅਤੇ ਦੂਜੇ ਵਿਅਕਤੀ ਨੂੰ ਹਿਰਾਸਤ 'ਚ ਲੈ ਲਿਆ। ਸਾਰਨੀਆ ਪੁਲਿਸ ਕ੍ਰਿਮੀਨਲ ਇਨਵੈਸਟੀਗੇਸ਼ਨ ਡਿਵੀਜ਼ਨ ਦੇ ਮੈਂਬਰ ਇਸ ਛੁਰੇਬਾਜ਼ੀ ਦੀ ਘਟਨਾ ਦੀ ਜਾਂਚ ਕਰ ਰਹੇ ਹਨ। ਘਟਨਾ ਵਾਲੀ ਥਾਂ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਜਾ ਰਹੀ ਹੈ ਕਿ ਕਿਰਪਾ ਕਰਕੇ ਸ਼ਾਂਤੀ ਬਣਾਏ ਰੱਖੋ ਅਤੇ ਅਪਰਾਧ ਦੇ ਸਥਾਨ ਤੋਂ ਦੂਰ ਰਹੋ।
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪੀੜਤ ਦੀ ਪਛਾਣ ਗੁਰਅਸੀਸ ਸਿੰਘ ਵਜੋਂ ਹੋਈ ਹੈ ਅਤੇ ਉਹ ਸਤੰਬਰ 2024 ਯਾਨੀ 3 ਮਹੀਨੇ ਪਹਿਲਾਂ ਅੰਤਰਰਾਸ਼ਟਰੀ ਵਿਿਦਆਰਥੀ ਦੇ ਤੌਰ 'ਤੇ ਕੈਨੇਡਾ ਆਇਆ ਸੀ। ਗੁਰਅਸੀਸ ਲੈਬਟਨ ਕਾਲਜ ਦਾ ਵਿਿਦਆਰਥੀ ਸੀ ਅਤੇ ਪੰਜਾਬ ਤੋਂ ਲੁਧਿਆਣੇ ਜ਼ਿਲ੍ਹੇ ਨਾਲ ਸਬੰਧਿਤ ਸੀ। ਗੁਰਅਸੀਸ ਆਪਣੇ ਕੁੱਝ ਦੋਸਤਾਂ ਨਾਲ ਸੇਅਰਿੰਗ 'ਚ ਰਹਿੰਦਾ ਸੀ ਅਤੇ ਉਸੇ ਘਰ 'ਚ ਇੱਕ ਗੋਰਾ ਰਹਿੰਦਾ ਸੀ, ਜਿਸ ਵੱਲੋਂ ਇਸ ਵਾਰਦਾਤ ਨੂੰ ਅੰਜ਼ਾਮ ਦਿੱਤਾ ਗਿਆ। ਸਾਰਨੀਆ ਦੇ 36 ਸਾਲਾ ਕ੍ਰੋਸਲੇ ਹੰਟਰ 'ਤੇ ਦੂਜੇ ਦਰਜੇ ਦੇ ਕਤਲ ਦਾ ਦੋਸ਼ ਲਗਾਇਆ ਗਿਆ ਹੈ ਅਤੇ ਵੀਡੀਓ ਕਾਨਫਰੰਸਿੰਗ ਰਾਹੀਂ ਲੰਡਨ 'ਚ ਓਨਟਾਰੀਓ ਕੋਰਟ ਆਫ਼ ਜਸਟਿਸ ਦੇ ਸਾਹਮਣੇ ਪੇਸ਼ ਹੋਵੇਗਾ। ਸੂਤਰਾਂ ਅਨੁਸਾਰ ਘਰ 'ਚ ਜੋ ਗੋਰਾ ਰਹਿੰਦਾ ਸੀ ਉਹ ਦਿਮਾਗੀ ਤੌਰ 'ਤੇ ਪ੍ਰੇਸ਼ਾਨ ਸੀ ਅਤੇ ਉਹ ਨਸ਼ਿਆਂ ਦਾ ਆਦੀ ਸੀ।
ਫਿਲਹਾਲ ਪੁਲਿਸ ਇਸ ਘਟਨਾ ਦੀ ਸਰਗਰਮੀ ਨਾਲ ਜਾਂਚ ਕਰ ਰਹੀ ਹੈ ਅਤੇ ਉਪਲਬਧ ਹੋਣ 'ਤੇ ਹੋਰ ਜਾਣਕਾਰੀ ਦੇਵੇਗੀ। ਪੁਲਿਸ ਕਿਸੇ ਹੋਰ ਸ਼ੱਕੀ ਦੀ ਭਾਲ ਨਹੀਂ ਕਰ ਰਹੀ ਹੈ ਅਤੇ ਜਨਤਕ ਸੁਰੱਖਿਆ ਦੀ ਕੋਈ ਚਿੰਤਾ ਨਹੀਂ ਹੈ। ਪੁਲਿਸ ਦੇ ਹੋਰ ਸਮੇਂ ਲਈ ਮੌਕੇ 'ਤੇ ਮੌਜੂਦ ਰਹਿਣ ਦੀ ਉਮੀਦ ਹੈ। ਕਵੀਨ ਸਟ੍ਰੀਟ ਹੁਣ ਆਵਾਜਾਈ ਲਈ ਖੁੱਲ੍ਹੀ ਹੈ।