ਕੈਨੇਡਾ ’ਚ ਵੇਸਟਜੈੱਟ ਏਅਰਲਾਈਨਜ਼ ਦੇ ਕਰਮਚਾਰੀਆਂ ਦੀ ਹੜਤਾਲ, 400 ਉਡਾਨਾਂ ਰੱਦ
ਟੋਰਾਂਟੋ : ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਹਵਾਈ ਸੇਵਾ ਕੰਪਨੀ ਵੇਸਟਜੈੱਟ ਵੱਲੋਂ 407 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਏ, ਜਿਸ ਕਾਰਨ 49 ਹਜ਼ਾਰ ਤੋਂ ਜ਼ਿਆਦਾ ਯਾਤਰੀ ਪ੍ਰਭਾਵਿਤ ਹੋਏ ਨੇ। ਦਰਅਸਲ ਇਹ ਫ਼ੈਸਲਾ ਰੱਖ ਰਖਾਅ ਕਰਮਚਾਰੀ ਯੂਨੀਅਨ ਵੱਲੋਂ ਹੜਤਾਲ ’ਤੇ ਜਾਣ ਦੇ ਐਲਾਨ ਕਾਰਨ ਲਿਆ ਗਿਆ ਏ। ਇਸ ਫ਼ੈਸਲੇ ਕਾਰਨ ਕੰਪਨੀ ਦੇ 200 ਵਿਚੋਂ ਮਹਿਜ਼ 30 ਜਹਾਜ਼ ਹੀ ਸੇਵਾ ਵਿਚ ਰਹਿਣਗੇ।
ਕੈਨੇਡਾ ਦੀ ਦੂਜੀ ਸਭ ਤੋਂ ਵੱਡੀ ਏਅਰਲਾਈਨਜ਼ ਕੰਪਨੀ ਵੇਸਟਜੈੱਟ ਨੇ 407 ਉਡਾਨਾਂ ਨੂੰ ਰੱਦ ਕਰ ਦਿੱਤਾ ਗਿਆ ਏ, ਜਿਸ ਕਾਰਨ 49 ਹਜ਼ਾਰ ਯਾਤਰੀਆਂ ਨੂੰ ਖੱਜਲ ਖੁਆਰੀ ਦਾ ਸਾਹਮਣਾ ਕਰਨਾ ਪੈ ਰਿਹਾ ਏ। ਕੰਪਨੀ ਦੇ ਮੈਕੇਨਿਕਸ ਫ੍ਰੇਟਰਨਲ ਐਸੋਸੀਏਸ਼ਨ ਨੇ ਆਖਿਆ ਕਿ ਸ਼ੁੱਕਰਵਾਰ ਸ਼ਾਮ ਨੂੰ ਰੱਖ ਰਖਾਅ ਕਰਮਚਾਰੀ ਯੂਨੀਅਨ ਨੇ ਹੜਤਾਲ ਸ਼ੁਰੂ ਕੀਤੀ ਸੀ ਪਰ ਏਅਰਲਾਈਨ ਨੇ ਯੂਨੀਅਨ ਦੇ ਨਾਲ ਗੱਲਬਾਤ ਹੀ ਨਹੀਂ ਕੀਤੀ। ਕੌਮਾਂਤਰੀ ਅਤੇ ਘਰੇਲੂ ਉਡਾਨਾਂ ਨੂੰ ਪ੍ਰਭਾਵਿਤ ਕਰਨ ਵਾਲੀ ਇਹ ਹੈਰਾਨੀਜਨਕ ਹੜਤਾਲ ਸੰਘੀ ਸਰਕਾਰ ਵੱਲੋਂ ਬਾਈਂਡਿੰਗ ਆਰਬਿਟਰੇਸ਼ਨ ਦੇ ਲਈ ਇਕ ਮੰਤਰੀ ਪੱਧਰ ਦੇ ਆਦੇਸ਼ ਜਾਰੀ ਕਰਨ ਤੋਂ ਬਾਅਦ ਸ਼ੁਰੂ ਹੋਈ ਸੀ। ਇਹ ਸਭ ਕੁੱਝ ਇਕ ਨਵੇਂ ਸੌਦੇ ’ਤੇ ਯੂਨੀਅਨ ਦੇ ਨਾਲ ਦੋ ਹਫ਼ਤੇ ਤੱਕ ਚੱਲੀ ਹੰਗਾਮੇ ਭਰੀ ਚਰਚਾ ਤੋਂ ਬਾਅਦ ਹੋਇਆ।
ਏਅਰਲਾਈਨ ਕੋਲ ਲਗਭਗ 200 ਜਹਾਜ਼ ਨੇ, ਜਿਨ੍ਹਾਂ ਵਿਚੋਂ ਕੰਪਨੀ ਵੱਲੋਂ ਐਤਵਾਰ ਨੂੰ ਸਿਰਫ਼ 30 ਜਹਾਜ਼ ਹੀ ਚਲਾਏ ਗਏ। ਏਅਰਲਾਈਨ ਦੇ ਸੀਈਓ ਅਲੈਕਸਿਸ ਵਾਨ ਹੋਂਸਬ੍ਰੋਚ ਨੇ ਇਸ ਸਥਿਤੀ ਦੇ ਲਈ ਸਿੱਧੇ ਤੌਰ ’ਤੇ ‘ਅਮਰੀਕਾ ਦੀ ਇਕ ਯੂਨੀਅਨ’ ਨੂੰ ਜ਼ਿੰਮੇਵਾਰ ਠਹਿਰਾਇਆ ਜੋ ਕੈਨੇਡਾ ਵਿਚ ਪੈਂਠ ਬਣਾਉਣ ਦੀ ਕੋਸ਼ਿਸ ਕਰ ਰਹੀ ਐ। ਵਾਨ ਨੇ ਆਖਿਆ ਕਿ ਜਿੱਥੋਂ ਤੱਕ ਏਅਰਲਾਈਨਜ਼ ਦਾ ਸਵਾਲ ਐ, ਸਰਕਾਰ ਵੱਲੋਂ ਵਿਵਾਦ ਨੂੰ ਬਾਈਂਡਿੰਗ ਆਰਬਿਟਰੇਸ਼ਨ ਦੇ ਲਈ ਨਿਰਦੇਸ਼ਤ ਕਰਨ ਤੋਂ ਬਾਅਦ ਯੂਨੀਅਨ ਦੇ ਨਾਲ ਸੌਦੇਬਾਜ਼ੀ ਖ਼ਤਮ ਹੋ ਗਈ ਐ।
ਦੇਸ਼ ਦੀ ਦੂਜੀ ਸਭ ਤੋਂ ਵੱਡੀ ਹਵਾਈ ਕੰਪਨੀ ਵੇਸਟਜੈੱਟ ਦੇ ਕਰਮਚਾਰੀਆਂ ਵੱਲੋਂ ਕੀਤੀ ਗਈ ਹੜਤਾਲ ਕਾਰਨ ਕੈਨੇਡਾ ਦੇ ਲੋਕਾਂ ਦਾ ਵੀਕੈਂਡ ਖ਼ਰਾਬ ਹੋ ਗਿਆ ਏ ਕਿਉਂਕਿ ਵੀਕੈਂਡ ’ਤੇ ਇੰਟਰਨੈਸ਼ਨਲ ਅਤੇ ਡੋਮੈਸਟਿਕ ਫਲਾਈਟਸ ਵਿਚ ਕਾਫ਼ੀ ਜ਼ਿਆਦਾ ਭੀੜ ਹੁੰਦੀ ਐ। ਉਧਰ ਵੇਸਟਜੈੱਟ ਦਾ ਕਹਿਣਾ ਏ ਕਿ ਉਹ ਯੂਨੀਅਨ ਵੱਲੋਂ ਕੀਤੀ ਗਈ ਹੜਤਾਲ ਦੀ ਪੂਰੀ ਜਵਾਬਦੇਹੀ ਤੈਅ ਕਰੇਗਾ ਕਿਉਂਕਿ ਇਸ ਨਾਲ ਕੰਪਨੀ ਨੂੰ ਗ਼ੈਰ ਜ਼ਰੂਰੀ ਤਣਾਅ ਅਤੇ ਨੁਕਸਾਨ ਝੱਲਣਾ ਪਿਆ ਏ।