ਅਮਰੀਕਾ ’ਚ ਪੰਜਾਬੀ ਟਰੱਕ ਡਰਾਈਵਰ ਦੀ ਰਿਹਾਈ ਮਗਰੋਂ ਭੜਕੇ ਟਰੰਪ

ਅਮਰੀਕਾ ਵਿਚ ਜਾਨਲੇਵਾ ਸੜਕ ਹਾਦਸੇ ਮਗਰੋਂ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਦੀ ਜ਼ਮਾਨਤ ’ਤੇ ਰਿਹਾਈ ਨੇ ਖੜਕਾ-ਦੜਕਾ ਕਰ ਦਿਤਾ ਹੈ

Update: 2025-12-17 13:10 GMT

ਵਾਸ਼ਿੰਗਟਨ : ਅਮਰੀਕਾ ਵਿਚ ਜਾਨਲੇਵਾ ਸੜਕ ਹਾਦਸੇ ਮਗਰੋਂ ਗ੍ਰਿਫ਼ਤਾਰ ਪੰਜਾਬੀ ਟਰੱਕ ਡਰਾਈਵਰ ਕਮਲਪ੍ਰੀਤ ਸਿੰਘ ਦੀ ਜ਼ਮਾਨਤ ’ਤੇ ਰਿਹਾਈ ਨੇ ਖੜਕਾ-ਦੜਕਾ ਕਰ ਦਿਤਾ ਹੈ। ਜੀ ਹਾਂ, ਟਰੰਪ ਸਰਕਾਰ ਵੱਲੋਂ ਵਾਸ਼ਿੰਗਟਨ ਸੂਬੇ ਦੇ ਗਵਰਨਰ ਉਤੇ ਲੋਕ ਸੁਰੱਖਿਆ ਵਾਸਤੇ ਗੰਭੀਰ ਖ਼ਤਰਾ ਪੈਦਾ ਕਰਨ ਦੇ ਦੋਸ਼ ਲਾਏ ਜਾ ਰਹੇ ਹਨ। ਡਿਪਾਰਟਮੈਂਟ ਆਫ਼ ਹੋਮਲੈਂਡ ਸਕਿਉਰਿਟੀ ਦੀ ਤਰਜਮਾਨ ਟ੍ਰਿਸ਼ੀਆ ਮੈਕਲਾਫ਼ਲਿਨ ਨੇ ਦੱਸਿਆ ਕਿ ਕਮਲਪ੍ਰੀਤ ਸਿੰਘ ਨੂੰ ਕਿਸੇ ਵੀ ਸੂਰਤ ਵਿਚ ਰਿਹਾਅ ਨਾ ਕਰਨ ਦੀ ਹਦਾਇਤ ਦਿਤੀ ਗਈ ਸੀ ਪਰ ਵਾਸ਼ਿੰਗਟਨ ਸੂਬੇ ਦੇ ਸੱਤਾਧਾਰੀ ਸਿਆਸਤਦਾਨਾਂ ਨੇ ਇਸ ਦੀ ਪਾਲਣਾ ਕਰਨੀ ਵਾਜਬ ਨਾ ਸਮਝੀ। ਦੱਸ ਦੇਈਏ ਕਿ ਕੈਲੇਫੋਰਨੀਆ ਦੇ ਐਲਕ ਗਰੋਵ ਨਾਲ ਸਬੰਧਤ 25 ਸਾਲਾ ਕਮਲਪ੍ਰੀਤ ਸਿੰਘ ਨੂੰ ਵਾਸ਼ਿੰਗਟਨ ਦੀ ਕਿੰਗ ਕਾਊਂਟੀ ਵਿਚ ਇਕ ਹੌਲਨਾਕ ਹਾਦਸੇ ਮਗਰੋਂ ਗ੍ਰਿਫ਼ਤਾਰ ਕੀਤਾ ਗਿਆ। ਕਮਲਪ੍ਰੀਤ ਸਿੰਘ ਦੇ ਟਰੱਕ ਨੇ ਐਸ.ਆਰ. 167 ’ਤੇ ਇਕ ਕਾਰ ਨੂੰ ਜ਼ੋਰਦਾਰ ਟੱਕਰ ਮਾਰੀ ਜੋ ਇਕ ਟ੍ਰਾਂਸਪੋਰਟ ਟਰੱਕ ਦੇ ਪਿੱਛੇ ਖੜ੍ਹੀ ਸੀ।

ਕਮਲਪ੍ਰੀਤ ਦੀ ਗ੍ਰਿਫ਼ਤਾਰੀ ਲਈ ਭੇਜੇ ਇੰਮੀਗ੍ਰੇਸ਼ਨ ਅਫ਼ਸਰ

ਟੱਕਰ ਮਗਰੋਂ ਕਾਰ ਨੂੰ ਅੱਗ ਲੱਗ ਗਈ ਅਤੇ ਦੋ ਟਰੱਕਾਂ ਦਰਮਿਆਨ ਫਸੀ ਕਾਰ ਵਿਚ ਸਵਾਰ 29 ਸਾਲ ਦੇ ਰੌਬਰਟ ਪੀਅਰਸਨ ਦੀ ਮੌਕੇ ’ਤੇ ਹੀ ਮੌਤ ਹੋ ਗਈ। ਹਾਦਸੇ ਦੇ ਮੱਦੇਨਜ਼ਰ ਹਾਈਵੇਅ ਤਕਰੀਬਨ 7 ਘੰਟੇ ਬੰਦ ਰਿਹਾ ਅਤੇ ਮੌਕੇ ’ਤੇ ਪੁੱਜੇ ਪੁਲਿਸ ਅਫ਼ਸਰਾਂ ਨੇ ਕਮਲਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਕੇ ਜੇਲ ਭੇਜ ਦਿਤਾ। ਮੀਡੀਆ ਰਿਪੋਰਟ ਮੁਤਾਬਕ ਕਮਲਪ੍ਰੀਤ ਸਿੰਘ ਨੂੰ ਇਕ ਲੱਖ ਡਾਲਰ ਦੇ ਮੁਚਲਕੇ ਦੇ ਰਿਹਾਈ ਮਿਲ ਗਈ ਪਰ ਇੰਮੀਗ੍ਰੇਸ਼ਨ ਐਂਡ ਕਸਟਮਜ਼ ਐਨਫ਼ੋਰਸਮੈਂਟ ਵਾਲਿਆਂ ਦਾ ਕਹਿਣਾ ਹੈ ਕਿ ਕਮਲਪ੍ਰੀਤ ਉਤੇ ਡਿਟੇਨਰ ਲਾਗੂ ਕੀਤਾ ਗਿਆ ਸੀ। ਆਈਸ ਕੋਲ ਮੌਜੂਦ ਦਸਤਾਵੇਜ਼ਾਂ ਮੁਤਾਬਕ ਕਮਲਪ੍ਰੀਤ ਸਿੰਘ ਨੇ ਸਾਲ 2023 ਦੌਰਾਨ ਐਰੀਜ਼ੋਨਾ ਦੇ ਲੂਕਵਿਲ ਇਲਾਕੇ ਰਾਹੀਂ ਬਾਰਡਰ ਪਾਰ ਕੀਤਾ ਅਤੇ ਬਾਰਡ ਏਜੰਟਾਂ ਨੇ ਗ੍ਰਿਫ਼ਤਾਰ ਕਰ ਲਿਆ ਪਰ ਬਾਇਡਨ ਸਰਕਾਰ ਨੇ ਪੈਰੋਲ ਦੇ ਦਿਤੀ ਜਿਸ ਮਗਰੋਂ ਉਸ ਨੇ ਟ੍ਰਕਿੰਗ ਸੈਕਟਰ ਵਿਚ ਹੱਥ ਅਜ਼ਮਾਉਣੇ ਸ਼ੁਰੂ ਕਰ ਦਿਤੇ। ਟ੍ਰਿਸ਼ੀਆ ਮੈਕਲਾਫ਼ਲਿਨ ਨੇ ਕਿਹਾ ਕਿ ਖ਼ਤਰਨਾਕ ਨੀਤੀਆਂ ਦੇ ਤਬਾਹਕੁੰਨ ਸਿੱਟੇ ਸਾਹਮਣੇ ਆ ਰਹੇ ਹਨ। ਰੌਬਰਟ ਪੀਅਰਸਨ ਅੱਜ ਜਿਊਂਦਾ ਹੁੰਦਾ ਜੇ ਬਾਇਡਨ ਸਰਕਾਰ ਗੈਰਕਾਨੂੰਨੀ ਤਰੀਕੇ ਨਾਲ ਅਮਰੀਕਾ ਦਾਖਲ ਹੋਏ ਕਮਲਪ੍ਰੀਤ ਸਿੰਘ ਨੂੰ ਰਿਹਾਅ ਨਾ ਕਰਦੀ।

ਵਾਸ਼ਿੰਗਟਨ ਸੂਬੇ ’ਚ ਜਾਨਲੇਵਾ ਹਾਦਸੇ ਮਗਰੋਂ ਗ੍ਰਿਫ਼ਤਾਰ ਹੋਇਆ ਸੀ ਕਮਲਪ੍ਰੀਤ

ਉਨ੍ਹਾਂ ਸਵਾਲ ਉਠਾਇਆ ਕਿ ਡੈਮੋਕ੍ਰੈਟਿਕ ਪਾਰਟੀ ਦੇ ਸਿਆਸਤਦਾਨ ਹੋਰ ਕਿੰਨੀਆਂ ਮੌਤਾਂ ਤੋਂ ਬਾਅਦ ਲੋਕ ਸੁਰੱਖਿਆ ਨੂੰ ਸਿਆਸਤ ਤੋਂ ਵੱਧ ਤਰਜੀਹ ਦੇਣੀ ਸ਼ੁਰੂ ਕਰਨਗੇ? ਡੀ.ਐਚ. ਐਸ. ਦੇ ਬਿਆਨ ਵਿਚ ਰਜਿੰਦਰ ਕੁਮਾਰ, ਜਸ਼ਨਦੀਪ ਸਿੰਘ ਅਤੇ ਹਰਜਿੰਦਰ ਸਿੰਘ ਦਾ ਖ਼ਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਜਿਨ੍ਹਾਂ ਵਿਰੁੱਧ ਸਾਂਝੇ ਤੌਰ ’ਤੇ ਅੱਠ ਮੌਤਾਂ ਦਾ ਜ਼ਿੰਮੇਵਾਰ ਹੋਣ ਦੇ ਦੋਸ਼ ਲੱਗੇ ਹਨ। ਤਿੰਨੋ ਜਣਿਆਂ ਵਿਰੁੱਧ ਆਈਸ ਡਿਟੇਨਰ ਲਾਗੂ ਹਨ ਅਤੇ ਜ਼ਮਾਨਤ ਮਿਲਦਿਆਂ ਹੀ ਗ੍ਰਿਫ਼ਤਾਰ ਕਰ ਕੇ ਇੰਮੀਗ੍ਰੇਸ਼ਨ ਡਿਟੈਨਸ਼ਨ ਸੈਂਟਰ ਭੇਜ ਦਿਤਾ ਜਾਵੇਗਾ। ਦੂਜੇ ਪਸੇ ਟੈਕਸਸ ਦੀ ਡੈਲਸ ਕਾਊਂਟੀ ਵਿਚ ਵਾਪਰੇ ਇਕ ਦਰਦਨਾਕ ਹਾਦਸੇ ਬਾਰੇ ਸੁਣਵਾਈ ਕਰ ਰਹੀ ਅਦਾਲਤ ਨੇ ਨਿਊ ਪ੍ਰਾਈਮ ਟ੍ਰਕਿੰਗ ਕੰਪਨੀ ਨੂੰ 44.1 ਮਿਲੀਅਨ ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿਤੇ ਹਨ। 11 ਫ਼ਰਵਰੀ 2021 ਨੂੰ ਵਾਪਰੇ ਵੱਡੇ ਹਾਦਸੇ ਦੌਰਾਨ ਆਈ-35 ਵੈਸਟ ’ਤੇ 133 ਗੱਡੀਆਂ ਅਤੇ ਟਰੱਕ ਆਪਸ ਵਿਚ ਭਿੜਨ ਦੌਰਾਨ ਘੱਟੋ ਘੱਟ 6 ਜਣਿਆਂ ਦੀ ਮੌਤ ਹੋਈ ਅਤੇ ਇਨ੍ਹਾਂ ਵਿਚੋਂ 49 ਸਾਲ ਦੇ ਕ੍ਰਿਸਟੋਫ਼ਰ ਰੇਅ ਵਾਰਡੀ ਦੇ ਪਰਵਾਰ ਵੱਲੋਂ ਦਾਇਰ ਮੁਕੱਦਮੇ ਦੇ ਆਧਾਰ ’ਤੇ ਤਾਜ਼ਾ ਫੈਸਲਾ ਸਾਹਮਣੇ ਆਇਆ ਹੈ।

Tags:    

Similar News