ਮਿਸੀਸਾਗਾ ਵਿਖੇ ਟਰੱਕ ਅਤੇ ਕਾਰਾਂ ਦੀ ਟੱਕਰ, 4 ਜ਼ਖਮੀ

ਮਿਸੀਸਾਗਾ ਵਿਖੇ ਹਾਈਵੇਅ 410 ’ਤੇ ਇਕ ਟ੍ਰੈਕਟਰ-ਟ੍ਰੇਲਰ ਅਤੇ ਹੋਰ ਕਈ ਗੱਡੀਆਂ ਵਿਚਾਲੇ ਹੋਈ ਟੱਕਰ ਦੌਰਾਨ ਘੱਟੋ ਘੱਟ ਚਾਰ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ।

Update: 2024-08-14 11:34 GMT

ਮਿਸੀਸਾਗਾ : ਮਿਸੀਸਾਗਾ ਵਿਖੇ ਹਾਈਵੇਅ 410 ’ਤੇ ਇਕ ਟ੍ਰੈਕਟਰ-ਟ੍ਰੇਲਰ ਅਤੇ ਹੋਰ ਕਈ ਗੱਡੀਆਂ ਵਿਚਾਲੇ ਹੋਈ ਟੱਕਰ ਦੌਰਾਨ ਘੱਟੋ ਘੱਟ ਚਾਰ ਜਣੇ ਜ਼ਖਮੀ ਹੋ ਗਏ ਜਿਨ੍ਹਾਂ ਵਿਚੋਂ ਇਕ ਦੀ ਹਾਲਤ ਨਾਜ਼ੁਕ ਦੱਸੀ ਜਾ ਰਹੀ ਹੈ। ਹਾਦਸੇ ਮਗਰੋਂ ਇਕ ਗੱਡੀ ਖਤਾਨਾਂ ਵਿਚ ਜਾ ਡਿੱਗੀ ਜਦਕਿ ਇਕ ਟਰੱਕ ਦੇ ਵਿਚ ਫਸ ਗਈ ਅਤੇ ਅੱਗ ਲੱਗਣ ਕਾਰਨ ਸਭ ਕੁਝ ਸੜ ਕੇ ਸੁਆਹ ਹੋ ਗਿਆ।

ਟਰੱਕ ਅਤੇ ਕਾਰ ਸੜ ਕੇ ਹੋਏ ਸੁਆਹ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਡੈਰੀ ਰੋਡ ਦੇ ਦੱਖਣ ਵੱਲ ਹਾਦਸਾ ਵਾਪਰਿਆ ਅਤੇ ਟੱਕਰ ਮਗਰੋਂ ਟ੍ਰੈਕਟਰ ਟ੍ਰੇਲਰ ਵਿਚ ਅੱਗ ਲੱਗ ਗਈ। 30-35 ਸਾਲ ਦੇ ਇਕ ਸ਼ਖਸ ਨੂੰ ਨਾਜ਼ੁਕ ਹਾਲਤ ਵਿਚ ਹੈਲੀਕਾਪਟਰ ਰਾਹੀਂ ਟਰੌਮਾ ਸੈਂਟਰ ਲਿਜਾਇਆ ਗਿਆ ਜਦਕਿ ਦੋ ਔਰਤਾਂ ਅਤੇ ਇਕ ਹੋਰ ਪੁਰਸ਼ ਨੂੰ ਸਥਾਨਕ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਜਿਥੇ ਉਨ੍ਹਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ। ਹਾਦਸਾ ਐਨਾ ਖਤਰਨਾਕ ਸੀ ਕਿ ਹਾਈਵੇਅ ਦੀਆਂ ਉਤਰ ਵੱਲ ਜਾ ਰਹੀਆਂ ਲੇਨਜ਼ ਨੂੰ ਕਈ ਘੰਟੇ ਬੰਦ ਰੱਖਣਾ ਪਿਆ। ਦੂਜੇ ਪਾਸੇ ਉਨਟਾਰੀਓ ਦੇ ਓਰੋ ਮੈਡੌਂਟੇ ਕਸਬੇ ਵਿਚ ਹਵਾਈ ਅੱਡੇ ’ਤੇ ਉਤਰ ਰਿਹਾ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ।

ਓਰੋ ਮੈਡੌਂਟੇ ਵਿਖੇ ਹਵਾਈ ਜਹਾਜ਼ ਦੀ ਕਰੈਸ਼ ਲੈਂਡਿੰਗ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਮੰਗਲਵਾਰ ਬਾਅਦ ਦੁਪਹਿਰ ਦੋ ਇੰਜਣ ਵਾਲੇ ਹਵਾਈ ਜਹਾਜ਼ ਨੇ ਕਰੈਸ਼ ਲੈਂਡਿੰਗ ਕੀਤੀ। ਜਹਾਜ਼ ਨੂੰ ਟ੍ਰੇਨਿੰਗ ਦੇ ਮਕਸਦ ਵਾਸਤੇ ਵਰਤਿਆ ਜਾ ਰਿਹਾ ਸੀ ਅਤੇ ਇਸ ਵਿਚ ਸਵਾਰ ਦੋਵੇਂ ਜਣੇ ਬਗੈਰ ਕਿਸੇ ਗੰਭੀਰ ਸੱਟ ਫੇਟ ਤੋਂ ਬਾਹਰ ਨਿਕਲ ਆਏ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਵੱਲੋਂ ਸਾਂਝੀ ਕੀਤੀ ਜਹਾਜ਼ ਦੀ ਤਸਵੀਰ ਵਿਚ ਦੇਖਿਆ ਜਾ ਸਕਦਾ ਹੈ ਕਿ ਇਹ ਬੁਰੀ ਤਰ੍ਹਾ ਨੁਕਸਾਨਿਆ ਗਿਆ। ਟ੍ਰਾਂਸਪੋਰਟੇਸ਼ਨ ਸੇਫ਼ਟੀ ਬੋਰਡ ਵੱਲੋਂ ਹਾਦਸੇ ਦੇ ਕਾਰਨਾਂ ਦੀ ਪੜਤਾਲ ਕੀਤੀ ਜਾ ਰਹੀ ਹੈ।

Tags:    

Similar News