ਤੰਬਾਕੂ ਕੰਪਨੀਆਂ ਨੇ ਘੁੰਮਣ-ਘੇਰੀ ਵਿਚ ਉਲਝਾਏ ਕੈਨੇਡਾ ਵਾਸੀ

ਅਰਬਾਂ ਡਾਲਰ ਦੀ ਕਮਾਈ ਕਰ ਰਹੀਆਂ ਤੰਬਾਕੂ ਕੰਪਨੀਆਂ ਤੋਂ ਕੈਨੇਡਾ ਵਾਸੀ ਧੇਲਾ ਵੀ ਨਹੀਂ ਲੈ ਸਕੇ ਜਦਕਿ ਇਤਿਹਾਸਕ ਅਦਾਲਤੀ ਫੈਸਲਿਆਂ ਵਿਚ ਇਨ੍ਹਾਂ ਕੰਪਨੀਆਂ ਨੂੰ ਮੋਟੇ ਹਰਜਾਨੇ ਅਦਾ ਕਰਨ ਦੇ ਹੁਕਮ ਦਿਤੇ ਜਾ ਚੁੱਕੇ ਹਨ।

Update: 2024-07-11 12:00 GMT

ਟੋਰਾਂਟੋ : ਅਰਬਾਂ ਡਾਲਰ ਦੀ ਕਮਾਈ ਕਰ ਰਹੀਆਂ ਤੰਬਾਕੂ ਕੰਪਨੀਆਂ ਤੋਂ ਕੈਨੇਡਾ ਵਾਸੀ ਧੇਲਾ ਵੀ ਨਹੀਂ ਲੈ ਸਕੇ ਜਦਕਿ ਇਤਿਹਾਸਕ ਅਦਾਲਤੀ ਫੈਸਲਿਆਂ ਵਿਚ ਇਨ੍ਹਾਂ ਕੰਪਨੀਆਂ ਨੂੰ ਮੋਟੇ ਹਰਜਾਨੇ ਅਦਾ ਕਰਨ ਦੇ ਹੁਕਮ ਦਿਤੇ ਜਾ ਚੁੱਕੇ ਹਨ। ਦੂਜੇ ਪਾਸੇ ਅਮਰੀਕਾ ਵਿਚ 26 ਸਾਲ ਪਹਿਲਾਂ ਹੀ ਸਾਰੇ ਮੁਕੱਦਮਿਆਂ ਦਾ ਨਿਪਟਾਰਾ ਹੋ ਚੁੱਕਾ ਹੈ ਅਤੇ ਹਰਜਾਨੇ ਦੀ ਅਦਾਇਗੀ ਕੀਤੀ ਜਾ ਚੁੱਕੀ ਹੈ। 1998 ਤੋਂ 2012 ਦਰਮਿਆਨ ਤਕਰੀਬਨ ਹਰ ਕੈਨੇਡੀਅਨ ਸੂਬੇ ਵੱਲੋਂ ਤੰਬਾਕੂ ਕੰਪਨੀਆਂ ਵਿਰੁੱਧ ਮੁੱਕਦਮਾ ਦਾਇਰ ਕੀਤਾ ਗਿਆ ਅਤੇ ਕੈਂਸਰ ਵਰਗੀ ਗੰਭੀਰ ਬਿਮਾਰੀ ਕਾਰਨ ਹੈਲਥ ਕੇਅਰ ’ਤੇ ਪੈਣ ਵਾਲੇ ਬੋਝ ਦੇ ਇਵਜ਼ ਵਿਚ 600 ਅਰਬ ਡਾਲਰ ਹਰਜਾਨੇ ਦੀ ਮੰਗ ਕੀਤੀ ਗਈ। 2015 ਵਿਚ ਕਿਊਬੈਕ ਦੀ ਇਕ ਅਦਾਲਤ ਨੇ ਇੰਪੀਰੀਅਲ ਟੋਬੈਕੋ, ਰੌਥਮੈਨਜ਼, ਬੈਨਸਨ ਐਂਡ ਹੈਜਿਜ਼ ਅਤੇ ਜੇ.ਟੀ.ਆਈ. ਮੈਕਡੌਨਲਡ ਵਰਗੀਆਂ ਤੰਬਾਕੂ ਕੰਪਨੀਆਂ ਨੂੰ 15 ਅਰਬ ਡਾਲਰ ਦਾ ਹਰਜਾਨਾ ਅਦਾ ਕਰਨ ਦੇ ਹੁਕਮ ਦਿਤੇ।

600 ਅਰਬ ਡਾਲਰ ਦੇ ਹਰਜਾਨੇ ਵਿਚ ਧੇਲਾ ਵੀ ਨਾ ਮਿਲਿਆ

ਤੰਬਾਕੂ ਕੰਪਨੀਆਂ ਨੇ ਫੈਸਲੇ ਵਿਰੁੱਧ ਅਪੀਲ ਕੀਤੀ ਪਰ ਕਿਊਬੈਕ ਦੀ ਅਪੀਲ ਅਦਾਲਤ ਵਿਚ ਹਾਰ ਗਈਆਂ। ਇਸ ਮਗਰੋਂ ਤੰਬਾਕੂ ਕੰਪਨੀਆਂ ਨੇ ਬੈਂਕਰਪਸੀ ਦਾ ਐਲਾਨ ਕਰ ਦਿਤਾ ਅਤੇ ਮਾਮਲਾ ਅੱਧ ਵਿਚਾਲੇ ਲਟਕ ਗਿਆ। ਦੱਸ ਦੇਈਏ ਕਿ ਸਟੈਟਿਸਟਿਕਸ ਕੈਨੇਡਾ ਦੇ ਅੰਕੜਿਆਂ ਮੁਤਾਬਕ ਮੁਲਕ ਵਿਚ ਤੰਬਾਕੂ ਕਾਰਨ ਹਰ ਸਾਲ 48 ਹਜ਼ਾਰ ਮੌਤਾਂ ਹੁੰਦੀਆਂ ਹਨ। ‘ਨੈਸ਼ਨਲ ਪੋਸਟ’ ਦੀ ਰਿਪੋਰਟ ਮੁਤਾਬਕ ਹਰਜਾਨੇ ਦੀ ਮੋਟੀ ਰਕਮ ਵਿਚੋਂ ਕੁਝ ਹਿੱਸਾ ਸੂਬਾ ਸਰਕਾਰਾਂ ਤੱਕ ਪੁੱਜਣ ਦੇ ਆਸਾਰ ਬਣਨ ਲੱਗੇ ਹਨ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕਿਨਿਊ ਵੱਲੋਂ ਪਿਛਲੇ ਦਿਨੀਂ ਐਨ.ਡੀ.ਪੀ. ਦੇ ਹਮਾਇਤੀਆਂ ਨੂੰ ਦੱਸਿਆ ਕਿ ਸਮਝੌਤਾ ਜਲਦ ਹੋ ਸਕਦਾ ਹੈ। ਫੈਡਰਲ ਸਰਕਾਰ ਕੋਲ ਤਜਵੀਜ਼ ਪੁੱਜ ਚੁੱਕੀ ਹੈ ਅਤੇ ਸੂਬੇ ਨੂੰ ਮਿਲਣ ਵਾਲੇ ਹਿੱਸੇ ਨਾਲ ਕੈਂਸਰ ਦੇ ਇਲਾਜ ਲਈ ਨਵਾਂ ਹਸਪਤਾਲ ਬਣਾਇਆ ਜਾਵੇਗਾ। ਦੂਜੇ ਪਾਸੇ ਫੈਡਰਲ ਸਰਕਾਰ ਦਾ ਕਹਿਣਾ ਹੈ ਕਿ ਕੈਨੇਡੀਅਨ ਸੰਵਿਧਾਨ ਮੁਤਾਬਕ ਹੈਲਥ ਕੇਅਰ ਸੂਬਾ ਸਰਕਾਰਾਂ ਦੀ ਜ਼ਿੰਮੇਵਾਰੀ ਹੈ ਅਤੇ ਫੈਡਰਲ ਸਰਕਾਰ ਵੱਲੋਂ ਕਿਸੇ ਤੰਬਾਕੂ ਕੰਪਨੀ ਵਿਰੁੱਧ ਕੋਈ ਮੁਕੱਦਮਾ ਨਹੀਂ ਕੀਤਾ ਗਿਆ।

ਅਮਰੀਕਾ ਵਿਚ 26 ਸਾਲ ਪਹਿਲਾਂ ਹੋ ਚੁੱਕਾ ਮਸਲੇ ਦਾ ਨਿਬੇੜਾ

ਇਸ ਦੇ ਉਲਟ ਅਮਰੀਕਾ ਵਿਚ ਤੰਬਾਕੂ ਕੰਪਨੀਆਂ ਨੇ 25 ਸਾਲ ਦੇ ਸਮੇਂ ਦੌਰਾਨ 200 ਅਰਬ ਡਾਲਰ ਦੀ ਅਦਾਇਗੀ ਦਾ ਵਾਅਦਾ ਕੀਤਾ। ਕੈਨੇਡਾ ਵਿਚ ਵੀ ਤੰਬਾਕੂ ਦੀ ਇਸ਼ਤਿਹਾਰਬਾਜ਼ੀ ’ਤੇ ਪਾਬੰਦੀ ਹੈ ਪਰ ਹਰਜਾਨੇ ਦੇ ਰੂਪ ਵਿਚ ਤੰਬਾਕੂ ਕੰਪਨੀਆਂ ਤੋਂ ਕੋਈ ਵਾਅਦਾ ਨਹੀਂ ਮਿਲਿਆ। ਪਿਛਲੇ ਸਾਲ ਸਤੰਬਰ ਵਿਚ ਤੰਬਾਕੂ ਕੰਪਨੀਆਂ ਵੱਲੋਂ ਬੈਂਕਰਪਸੀ ਦੀ ਮਿਆਦ ਵਿਚ 10ਵਾਂ ਵਾਧਾ ਕਰਨ ਦੀ ਗੁਜ਼ਾਰਿਸ਼ ਕੀਤੀ ਗਈ ਜੋ ਪ੍ਰਵਾਨ ਹੋ ਚੁੱਕੀ ਹੈ ਅਤੇ ਹੁਣ 11ਵਾਂ ਵਾਧਾ ਕਰਨ ਦੀ ਗੁਜ਼ਾਰਿਸ਼ ਆ ਸਕਦੀ ਹੈ। ਬੈਂਕਰਪਸੀ ਦੀ ਮਿਆਦ ਦੌਰਾਨ ਕਿਊਬੈਕ ਦੇ 700 ਲੋਕ ਤੰਬਾਕੂ ਕਾਰਨ ਲੱਗੀਆਂ ਬਿਮਾਰੀਆਂ ਕਰ ਕੇ ਮੌਤ ਦੇ ਮੂੰਹ ਵਿਚ ਚਲੇ ਗਏ। ਕੁਝ ਲੋਕਾਂ ਵੱਲੋਂ ਹੋਰ ਉਡੀਕ ਨਾ ਕਰਨ ਦਾ ਫੈਸਲਾ ਕਰਦਿਆਂ ਇੱਛਾ ਮੌਤ ਰਾਹੀਂ ਜ਼ਿੰਦਗੀ ਖਤਮ ਕਰਨ ’ਤੇ ਵਿਚਾਰ ਕੀਤਾ ਜਾ ਰਿਹਾ ਹੈ। ਹੈਰਾਨੀ ਇਸ ਗੱਲ ਦੀ ਹੈ ਕਿ 2019 ਵਿਚ ਦੀਵਾਲੀਅਪਣ ਐਲਾਨੇ ਜਾਣ ਮਗਰੋਂ ਤਿੰਨ ਤੰਬਾਕੂ ਕੰਪਨੀਆਂ 12 ਅਰਬ ਡਾਲਰ ਕਮਾ ਚੁੱਕੀਆਂ ਹਨ। ਕੁਝ ਕੰਪਨੀਆਂ ਨੇ ਵਿਕਰੀ ਦੇ ਤੌਰ ਤਰੀਕੇ ਬਦਲਣੇ ਸ਼ੁਰੂ ਕਰ ਦਿਤੇ ਹਨ ਤਾਂਕਿ ਭਵਿੱਖ ਵਿਚ ਸਮੱਸਿਆਵਾਂ ਦਾ ਸਾਹਮਣਾ ਨਾ ਕਰਨਾ ਪਵੇ। ਦੀਵਾਲੀਏਪਣ ਦੀ ਪ੍ਰਕਿਰਿਆ ਦੌਰਾਨ ਤਿੰਨ ਕੰਪਨੀਆਂ ਨੇ ਦਾਅਵਾ ਕੀਤਾ ਕਿ ਉਨ੍ਹਾਂ ਕੋਲ ਮੁਕੱਦਮੇ ਨੂੰ ਕੈਨੇਡੀਅਨ ਸੁਪਰੀਮ ਕੋਰਟ ਲਿਜਾਣ ਦਾ ਹੱਕ ਹੈ। ਕੰਪਨੀਆਂ ਆਪਣੀ ਜ਼ਿੰਮੇਵਾਰੀ ਵੀ ਕਬੂਲ ਕਰਨ ਨੂੰ ਤਿਆਰ ਨਹੀਂ ਪਰ ਜੁਰਮਾਨੇ ਦੇ ਰੂਪ ਵਿਚ 1.5 ਅਰਬ ਡਾਲਰ ਦੀ ਰਕਮ ਅਦਾ ਕਰਨ ਨੂੰ ਤਿਆਰ ਹਨ।

Tags:    

Similar News