ਕੈਨੇਡਾ ਵਿਚ ਤਿੰਨ ਟਰੱਕਾਂ ਦੀ ਟੱਕਰ, 2 ਡਰਾਈਵਰਾਂ ਦੀ ਮੌਤ
ਕੈਨੇਡਾ ਵਿਚ ਉਨਟਾਰੀਓ ਅਤੇ ਮੈਨੀਟੋਬਾ ਦੀ ਸਰਹੱਦ ਨੇੜੇ ਤਿੰਨ ਟਰੱਕਾਂ ਦੀ ਟੱਕਰ ਕਾਰਨ ਦੋ ਡਰਾਈਵਰਾਂ ਦੀ ਮੌਤ ਹੋ ਗਈ।;
ਟੋਰਾਂਟੋ : ਕੈਨੇਡਾ ਵਿਚ ਉਨਟਾਰੀਓ ਅਤੇ ਮੈਨੀਟੋਬਾ ਦੀ ਸਰਹੱਦ ਨੇੜੇ ਤਿੰਨ ਟਰੱਕਾਂ ਦੀ ਟੱਕਰ ਕਾਰਨ ਦੋ ਡਰਾਈਵਰਾਂ ਦੀ ਮੌਤ ਹੋ ਗਈ। ਹਾਦਸਾ ਉਨਟਾਰੀਓ ਦੇ ਕੈਨੋਰਾ ਕਸਬੇ ਨੇੜੇ ਹਾਈਵੇਅ 17 ’ਤੇ ਵਾਪਰਿਆ ਅਤੇ ਫ਼ਿਲਹਾਲ ਮਰਨ ਵਾਲਿਆਂ ਦੀ ਸ਼ਨਾਖਤ ਜਨਤਕ ਨਹੀਂ ਕੀਤੀ ਗਈ। ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਨੇ ਦੱਸਿਆ ਕਿ ਬੈਰਿਲ ਵਾਇੰਡਰ ਰੋਡ ਅਤੇ ਹਾਈਵੇਅ 596 ਦਰਮਿਆਨ ਹਾਈਵੇਅ 17 ਏ ’ਤੇ ਵਾਪਰੇ ਹਾਦਸੇ ਮਗਰੋਂ ਕੈਨੋਰਾ ਫਾਇਰ ਸਰਵਿਸ ਅਤੇ ਨੌਰਥ ਵੈਸਟ ਐਮਰਜੰਸੀ ਮੈਡੀਕਲ ਸਰਵਿਸਿਜ਼ ਨੂੰ ਸੱਦਿਆ ਗਿਆ। ਦੱਸਿਆ ਜਾ ਰਿਹਾ ਹੈ ਕਿ ਟਰੱਕਾਂ ਦੀ ਟੱਕਰ ਮਗਰੋਂ ਅੱਗ ਲੱਗ ਗਈ ਅਤੇ ਇਸੇ ਕਾਰਨ ਜਾਨੀ ਨੁਕਸਾਨ ਹੋਇਆ।
ਤੀਜਾ ਡਰਾਈਵਰ ਵਾਲ-ਵਾਲ ਬਚਿਆ
ਦੋ ਡਰਾਈਵਰਾਂ ਨੂੰ ਮੌਕੇ ’ਤੇ ਮ੍ਰਿਤਕ ਕਰਾਰ ਦੇ ਦਿਤਾ ਗਿਆ ਜਦਕਿ ਤੀਜੇ ਨੂੰ ਮਾਮੂਲੀ ਸੱਟਾਂ ਵੱਜੀਆਂ ਜੋ ਮੌਕੇ ’ਤੇ ਮੌਜੂਦ ਰਿਹਾ। ਦਰਦਨਾਕ ਹਾਦਸੇ ਮਗਰੋਂ ਹਾਈਵੇਅ 17 ਏ ਨੂੰ ਕਈ ਘੰਟੇ ਬੰਦ ਰੱਖਿਆ ਗਿਆ ਅਤੇ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਕੋਈ ਜਾਣਕਾਰੀ ਹੋਵੇ ਤਾਂ ਕੈਨੋਰਾ ਓ.ਪੀ.ਪੀ. ਨਾਲ 1888 310 1122 ’ਤੇ ਸੰਪਰਕ ਕੀਤਾ ਜਾਵੇ। ਪੁਲਿਸ ਵੱਲੋਂ ਖਾਸ ਜਾਣਕਾਰੀ ਮੁਹੱਈਆ ਕਰਵਾਉਣ ਵਾਲੇ ਨੂੰ 2 ਹਜ਼ਾਰ ਡਾਲਰ ਇਨਾਮ ਦਾ ਐਲਾਨ ਵੀ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਇਸ ਹੌਲਨਾਕ ਹਾਦਸੇ ਦੌਰਾਨ ਇਕ ਟਰੱਕ ਡਰਾਈਵਰ ਦਾ ਕੁੱਤਾ ਬਚ ਗਿਆ ਜਿਸ ਨੂੰ ਪਰਵਾਰ ਤੱਕ ਪਹੁੰਚਾਉਣ ਦੇ ਯਤਨ ਕੀਤੇ ਜਾ ਰਹੇ ਹਨ। ਹਾਦਸੇ ਵਾਲੀ ਥਾਂ ਨੇੜੇ ਰਹਿੰਦੀ ਜਿਲੀਅਨ ਪੁਲਜ਼ ਇਸ ਕੁੱਤੇ ਨੂੰ ਆਪਣੇ ਘਰ ਲੈ ਆਈ ਜੋ ਠੰਢ ਵਿਚ ਠੁਰ ਰਿਹਾ ਸੀ।