ਅਮਰੀਕਾ ਦੇ ਹਜ਼ਾਰਾਂ ਲੋਕਾਂ ਨੇ ਮੰਗੀ ਕੈਨੇਡੀਅਨ ਨਾਗਰਿਕਤਾ
ਟਰੰਪ ਦੇ ਤਾਨਾਸ਼ਾਹ ਰਵੱਈਏ ਤੋਂ ਡਰੇ ਹਜ਼ਾਰਾਂ ਲੋਕ ਆਪਣਾ ਜੁੱਲੀ-ਬਿਸਤਰਾ ਚੁੱਕ ਕੇ ਕੈਨੇਡਾ ਵੱਲ ਆਉਣ ਦੀ ਤਿਆਰੀ ਕਰ ਰਹੇ ਹਨ।;

ਟੋਰਾਂਟੋ : ਟਰੰਪ ਦੇ ਤਾਨਾਸ਼ਾਹ ਰਵੱਈਏ ਤੋਂ ਡਰੇ ਹਜ਼ਾਰਾਂ ਲੋਕ ਆਪਣਾ ਜੁੱਲੀ-ਬਿਸਤਰਾ ਚੁੱਕ ਕੇ ਕੈਨੇਡਾ ਵੱਲ ਆਉਣ ਦੀ ਤਿਆਰੀ ਕਰ ਰਹੇ ਹਨ। ਇੰਮੀਗ੍ਰੇਸ਼ਨ ਵਕੀਲਾਂ ਕੋਲ ਆ ਰਹੀਆਂ ਅਣਗਿਣਤ ਫੋਨ ਕਾਲਜ਼ ਇਸ ਦਾ ਵੱਡਾ ਸਬੂਤ ਹਨ ਜਿਨ੍ਹਾਂ ਦਾ ਕਹਿਣਾ ਹੈ ਕਿ ਅਮਰੀਕਾ ਵਿਚ ਆਜ਼ਾਦੀ ਨਾਂ ਦੀ ਚੀਜ਼ ਖਤਮ ਹੋ ਚੁੱਕੀ ਹੈ। ਸੀ.ਟੀ.ਵੀ. ਦੀ ਰਿਪੋਰਟ ਮੁਤਾਬਕ ਟਰੰਪ ਸਰਕਾਰ ਦੀਆਂ ਤਾਕਤਾਂ ਵਿਚ ਦਿਨ-ਬ-ਦਿਨ ਹੋ ਰਿਹਾ ਵਾਧਾ ਅਗਾਂਹਵਧੂ ਸੋਚ ਵਾਲੇ ਲੋਕਾਂ ਦੀ ਚਿੰਤਾ ਵਧਾ ਰਿਹਾ ਹੈ। ਇੰਮੀਗ੍ਰੇਸ਼ਨ ਵਕੀਲ ਸ਼ੈਂਟਾਲ ਡੈਸਲੌਜਜ਼ ਨੇ ਦੱਸਿਆ ਕਿ ਹਰ ਉਮਰ ਵਰਗ ਵਾਲੇ ਕੈਨੇਡਾ ਵਿਚ ਵਸਣ ਦੇ ਰਾਹ ਪੁੱਛ ਰਹੇ ਹਨ ਅਤੇ ਇਹ ਸਭ ਪੂਰੀ ਗੰਭੀਰਤਾ ਨਾਲ ਕੀਤਾ ਜਾ ਰਿਹਾ ਹੈ। ਇਕ ਹੋਰ ਇੰਮੀਗ੍ਰੇਸ਼ਨ ਵਕੀਲ ਮੈਕਸ ਚੌਧਰੀ ਨੇ ਡੈਸਲੌਜਜ਼ ਦੇ ਵਿਚਾਰਾਂ ਨਾਲ ਸਹਿਮਤੀ ਜ਼ਾਹਰ ਕਰਦਿਆਂ ਕਿਹਾ ਕਿ ਉਨ੍ਹਾਂ ਕੋਲ ਵੀ ਕੈਨੇਡੀਅਨ ਇੰਮੀਗ੍ਰੇਸ਼ਨ ਬਾਰੇ ਪੁੱਛਣ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।
ਟਰੰਪ ਦੇ ਤਾਨਾਸ਼ਾਹੀ ਰਵੱਈਏ ਤੋਂ ਡੂੰਘੀਆਂ ਚਿੰਤਾਵਾਂ ਵਿਚ ਡੁੱਬੇ
ਹੈਰਾਨੀ ਇਸ ਗੱਲ ਦੀ ਹੈ ਕਿ ਅਮਰੀਕਾ ਦੀ ਸਿਟੀਜ਼ਨਸ਼ਿਪ ਹੋਣ ਦੇ ਬਾਵਜੂਦ ਲੋਕ ਮੁਲਕ ਛੱਡਣਾ ਚਾਹੁੰਦੇ ਹਨ। ਵੈਨਕੂਵਰ ਦੇ ਇੰਮੀਗ੍ਰੇਸ਼ਨ ਵਕੀਲ ਰਿਚਰਡ ਕਰਲੈਂਡ ਦਾ ਕਹਿਣਾ ਸੀ ਕਿ ਅਮਰੀਕਾ ਛੱਡਣ ਦੇ ਇੱਛਕ ਲੋਕਾਂ ਵਿਚੋਂ ਜ਼ਿਆਦਾਤਰ ਬਜ਼ੁਰਗ ਹਨ ਅਤੇ ਸਿਰਫ ਡਰ ਹੀ ਇਸ ਅਣਕਿਆਸੇ ਪ੍ਰਵਾਸ ਦਾ ਆਧਾਰ ਬਣ ਰਿਹਾ ਹੈ। ਦੂਜੇ ਪਾਸੇ ਅਮਰੀਕਾ ਅਤੇ ਕੈਨੇਡਾ ਦਰਮਿਆਨ ਆਵਾਜਾਈ 70 ਫੀ ਸਦੀ ਘਟ ਚੁੱਕੀ ਹੈ। ਭਾਵੇਂ ਮਾਰਚ ਵਿਚ ਹੀ ਸੰਕੇਤ ਮਿਲਣੇ ਸ਼ੁਰੂ ਹੋ ਗਏ ਸਨ ਪਰ ਇਸ ਵੇਲੇ ਕੌਮਾਂਤਰੀ ਸਰਹੱਦ ’ਤੇ ਕਈ ਐਂਟਰੀ ਪੋਰਟ ਬਿਲਕੁਲ ਸੁੰਨਸਾਨ ਨਜ਼ਰ ਆ ਰਹੇ ਹਨ। ਹਵਾਈ ਸਫਰ ਦੇ ਅੰਕੜੇ ਵੀ ਹਾਲਾਤ ਬਿਆਨ ਕਰ ਰਹੇ ਹਨ ਜਿਨ੍ਹਾਂ ਮੁਤਾਬਕ ਮਾਰਚ 2024 ਵਿਚ ਅਮਰੀਕਾ ਦੇ ਲੋਕਾਂ ਨੇ ਗਰਮੀਆਂ ਵਿਚ ਸੈਰ ਸਪਾਟੇ ਵਾਸਤੇ 15 ਲੱਖ ਫਲਾਈਟਸ ਬੁੱਕ ਕੀਤੀਆਂ ਜਦਕਿ ਮੌਜੂਦਾ ਵਰ੍ਹੇ ਦੌਰਾਨ ਇਹ ਅੰਕੜਾ ਸਿਰਫ 4 ਲੱਖ ਰਹਿ ਗਿਆ। ਅਮਰੀਕਾ ਅਤੇ ਕੈਨੇਡਾ ਦੀਆਂ ਏਅਰਲਾਈਨਜ਼ ਵੱਲੋਂ ਗੇੜੇ ਘਟਾਏ ਜਾ ਚੁੱਕੇ ਹਨ ਅਤੇ ਸਵਾ ਤਿੰਨ ਲੱਖ ਸੀਟਾਂ ਦੀ ਕਟੌਤੀ ਦੱਸੀ ਜਾ ਰਹੀ ਹੈ। ਅਮਰੀਕਾ ਦੀਆਂ ਏਅਰਲਾਈਨਜ਼ ਵੱਲੋਂ ਕੈਨੇਡਾ ਪਾਸਾ ਵਟਦਿਆਂ ਯੂਰਪ ਜਾਣ ਵਾਲੀਆਂ ਫਲਾਈਟਸ ਦੀ ਗਿਣਤੀ ਵਧਾ ਦਿਤੀ ਗਈ ਹੈ।
ਕੈਨੇਡੀਅਨ ਇੰਮੀਗ੍ਰੇਸ਼ਨ ਵਕੀਲਾਂ ਕੋਲ ਆ ਰਹੀਆਂ ਅਣਗਿਣਤ ਕਾਲਜ਼
18 ਮਾਰਚ ਤੱਕ ਦੇ ਅੰਕੜਿਆਂ ਮੁਤਾਬਕ ਅਮਰੀਕਾ ਤੋਂ ਇਟਲੀ ਜਾਣ ਵਾਸਤੇ ਸੀਟ ਬੁੱਕ ਕਰਵਾਉਣ ਵਾਲਿਆਂ ਦੀ ਗਿਣਤੀ ਵਿਚ ਦੁੱਗਣੀ ਹੋ ਚੁੱਕੀ ਹੈ ਅਤੇ ਅਮਰੀਕਾ ਦੀਆਂ ਤਿੰਨ ਪ੍ਰਮੁੱਖ ਏਅਰਲਾਈਨਜ਼ ਵੱਲੋਂ ਐਟਲਾਂਟਿਕ ਪਾਰ ਦੇ ਸਫਰ ਵਾਸਤੇ 2 ਲੱਖ 60 ਹਜ਼ਾਰ ਸੀਟਾਂ ਦਾ ਵਾਧਾ ਕੀਤਾ ਗਿਆ ਹੈ। ਯੂ.ਕੇ. ਜਾਣ ਲਈ ਅਮਰੀਕਾ ਵਾਸੀਆਂ ਵੱਲੋਂ 96 ਲੱਖ ਸੀਟਾਂ ਦੀ ਬੁਕਿੰਗ ਕੀਤੀ ਗਈ ਹੈ ਜਦਕਿ ਸਲੋਵੇਨੀਆ ਜਾਣ ਦੇ ਇੱਛਕ ਅਮਰੀਕਾ ਵਾਲਿਆਂ ਦੀ ਗਿਣਤੀ ਵਿਚ ਪੰਜ ਗੁਣਾ ਵਾਧਾ ਹੋਇਆ ਹੈ। ਇਸੇ ਤਰ੍ਹਾਂ ਕਰੋਏਸ਼ੀਆ ਜਾ ਰਹੇ ਲੋਕਾਂਦੀ ਗਿਣਤੀ ਵਿਚ ਤਿੰਨ ਗੁਣਾ ਅਤੇ ਚੈਕ ਰਿਪਬਲਿਕ ਜਾ ਰਹੇ ਲੋਕਾਂ ਦੀ ਗਿਣਤੀ ਵਿਚ ਢਾਈ ਗੁਣਾ ਵਾਧਾ ਦਰਜ ਕੀਤਾ ਗਿਆ ਹੈ।