Canada ਵਿਚ Punjabi families ’ਤੇ ਗੋਲੀਆਂ ਚਲਾਉਣ ਵਾਲਿਆਂ ਦੀ ਖ਼ੈਰ ਨਹੀਂ
ਕੈਨੇਡਾ ਵਿਚ ਪੰਜਾਬੀ ਪਰਵਾਰਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਜਿਨ੍ਹਾਂ ਨੂੰ ਫੜ ਫੜ ਕੇ ਡਿਪੋਰਟ ਕਰਨ ਦੀ ਨਵੀਂ ਰਣਨੀਤੀ ਐਕਸਟੌਰਸ਼ਨ ਟਾਸਕ ਫ਼ੋਰਸ ਨੇ ਘੜ ਲਈ ਹੈ
ਸਰੀ : ਕੈਨੇਡਾ ਵਿਚ ਪੰਜਾਬੀ ਪਰਵਾਰਾਂ ’ਤੇ ਗੋਲੀਆਂ ਚਲਾਉਣ ਵਾਲਿਆਂ ਦੀ ਹੁਣ ਖ਼ੈਰ ਨਹੀਂ ਜਿਨ੍ਹਾਂ ਨੂੰ ਫੜ ਫੜ ਕੇ ਡਿਪੋਰਟ ਕਰਨ ਦੀ ਨਵੀਂ ਰਣਨੀਤੀ ਐਕਸਟੌਰਸ਼ਨ ਟਾਸਕ ਫ਼ੋਰਸ ਨੇ ਘੜ ਲਈ ਹੈ। ਜੀ ਹਾਂ, ਟਾਸਕ ਫ਼ੋਰਸ ਵੱਲੋਂ 9 ਸ਼ੱਕੀ ਡਿਪੋਰਟ ਕੀਤੇ ਜਾ ਚੁੱਕੇ ਹਨ ਅਤੇ 7 ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ ਜਦਕਿ 111 ਜਣਿਆਂ ਵਿਰੁੱਧ ਇੰਮੀਗ੍ਰੇਸ਼ਨ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਨ੍ਹਾਂ ਦਾ ਜਹਾਜ਼ ਭਰ ਕੇ ਜਲਦ ਰਵਾਨਾ ਕੀਤਾ ਜਾ ਸਕਦਾ ਹੈ। ਆਰ.ਸੀ.ਐਮ.ਪੀ. ਦੇ ਸਹਾਇਕ ਕਮਿਸ਼ਨਰ ਜੌਹਨ ਬਰੂਅਰ ਨੇ ਚਾਰ ਮਹੀਨੇ ਦੀ ਕਾਰਗੁਜ਼ਾਰੀ ਪੇਸ਼ ਕਰਦਿਆਂ ਦੱਸਿਆ ਬੀ.ਸੀ. ਤੋਂ ਲੈ ਕੇ ਉਨਟਾਰੀਓ ਤੱਕ ਜਾਲ ਵਿਛਾ ਦਿਤਾ ਗਿਆ ਹੈ ਅਤੇ ਸਾਊਥ ਏਸ਼ੀਅਨ ਲੋਕਾਂ ਦੇ ਘਰਾਂ ਜਾਂ ਕਾਰੋਬਾਰੀ ਟਿਕਾਣਿਆਂ ’ਤੇ ਗੋਲੀਆਂ ਚਲਾ ਕੇ ਫ਼ਰਾਰ ਹੋਣ ਵਾਲੇ ਹੁਣ ਕਿਸੇ ਖੁੱਡ ਵਿਚ ਲੁਕ ਨਹੀਂ ਸਕਣਗੇ।
ਡਿਪੋਰਟ ਕੀਤੇ ਜਾ ਰਹੇ ਪੰਜਾਬੀਆਂ ਨੂੰ ਡਰਾਉਣ-ਧਮਕਾਉਣ ਵਾਲੇ
ਬਰੂਅਰ ਨੇ ਮੰਨਿਆ ਕਿ ਲਗਾਤਾਰ ਚਲਦੀਆਂ ਗੋਲੀਆਂ ਭਾਈਚਾਰੇ ਵਿਚ ਡਰ ਅਤੇ ਬੇਯਕੀਨੀ ਵਾਲਾ ਮਾਹੌਲ ਪੈਦਾ ਕਰ ਰਹੀਆਂ ਹਨ ਪਰ ਕੋਈ ਵੀ ਕਾਨੂੰਨ ਆਪਣੇ ਹੱਥਾਂ ਵਿਚ ਨਾ ਲਵੇ। ਬਰੂਅਰ ਦਾ ਇਸ਼ਾਰਾ ਹਾਲ ਹੀ ਵਿਚ ਸਰੀ ਦੇ ਪਰਵਾਰ ਵੱਲੋਂ ਸ਼ੱਕੀਆਂ ਉਤੇ ਚਲਾਈਆਂ ਗੋਲੀਆਂ ਵੱਲ ਸੀ ਜਿਸ ਬਾਰੇ ਸਰੀ ਪੁਲਿਸ ਵੱਲੋਂ ਪੜਤਾਲ ਕੀਤੀ ਜਾ ਰਹੀ ਹੈ। ਉਨ੍ਹਾਂ ਅੱਗੇ ਕਿਹਾ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਨਾਲ ਤਾਲਮੇਲ ਤਹਿਤ ਜਬਰੀ ਵਸੂਲੀ ਦੀਆਂ ਧਮਕੀਆਂ ਦੇਣ ਜਾਂ ਗੋਲੀਬਾਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲਿਆਂ ਨੂੰ ਚੁਫੇਰਿਆਂ ਘੇਰਿਆ ਜਾ ਰਿਹਾ ਹੈ ਅਤੇ ਇਸ ਵੇਲੇ 111 ਵਿਦੇਸ਼ੀ ਨਾਗਰਿਕ ਬਾਰਡਰ ਏਜੰਟਾਂ ਦੇ ਨਿਸ਼ਾਨੇ ’ਤੇ ਹਨ। ਬਰੂਅਰ ਨੇ ਦਾਅਵਾ ਕੀਤਾ ਕਿ ਐਕਸਟੌਰਸ਼ਨ ਮਾਮਲਿਆਂ ਵਿਚ ਘਿਰੇ ਸ਼ੱਕੀਆਂ ਵੱਲੋਂ ਅਸਾਇਲਮ ਕਲੇਮ ਕੀਤੇ ਜਾਣ ’ਤੇ ਵੀ ਉਨ੍ਹਾਂ ਨੂੰ ਦੇਸ਼ ਨਿਕਾਲੇ ਤੋਂ ਕੋਈ ਨਹੀਂ ਬਚਾ ਸਕਦਾ ਅਤੇ ਹਿੰਸਕ ਵਾਰਦਾਤਾਂ ਦੇ ਸਿੱਟੇ ਹਰ ਹਾਲ ਭੁਗਤਣੇ ਹੋਣਗੇ। ਬਰੂਅਰ ਦੇ ਦਾਅਵਿਆਂ ਦਰਮਿਆਨ ਇਕ ਵੱਡਾ ਸਵਾਲ ਇਹ ਵੀ ਪੈਦਾ ਹੁੰਦਾ ਹੈ ਕਿ ਡਿਪੋਰਟ ਕੀਤੇ ਜਾ ਚੁੱਕੇ ਜਾਂ ਡਿਪੋਰਟ ਕੀਤੇ ਜਾ ਰਹੇ ਲੋਕਾਂ ਦੇ ਨਾਂ ਜਨਤਕ ਕਿਉਂ ਨਹੀਂ ਕੀਤੇ ਜਾ ਰਹੇ। ਇਸ ਬਾਰੇ ਕੈਨੇਡਾ ਦੀ ਮੰਤਰੀ ਰੂਬੀ ਸਹੋਤਾ ਨੇ ਅਸਿੱਧੇ ਤੌਰ ’ਤੇ ਦੱਸਿਆ ਕਿ ਕਮਿਊਨਿਟੀ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਡਿਪੋਰਟ ਕੀਤੇ ਸ਼ੱਕੀ ਕੌਣ ਸਨ ਜਿਸ ਦੇ ਮੱਦੇਨਜ਼ਰ ਜ਼ਿਆਦਾ ਵਿਸਤਾਰ ਵਿਚ ਜਾਣ ਦੀ ਜ਼ਰੂਰਤ ਨਹੀਂ। ਦੱਸ ਦੇਈਏ ਕਿ ਸਤੰਬਰ ਵਿਚ ਗਠਤ ਕੀਤੀ ਟਾਸਕ ਫੋਰਸ ਬੀ.ਸੀ. ਦੇ ਲੋਅਰਮੇਨਲੈਂਡ ਇਲਾਕੇ ਨਾਲ ਸਬੰਧਤ 32 ਮਾਮਲੇ ਆਪਣੇ ਹੱਥਾਂ ਵਿਚ ਲੈ ਚੁੱਕੀ ਹੈ ਅਤੇ ਜਲਦ ਤੋਂ ਜਲਦ ਦੋਸ਼ ਆਇਦ ਕਰਨ ਖਾਤਰ ਕ੍ਰਾਊਨ ਪ੍ਰੌਸੀਕਿਊਟਰਜ਼ ਦੀ ਸੂਚੀ ਨੂੰ ਅੰਤਮ ਰੂਪ ਦਿਤਾ ਜਾ ਰਿਹਾ ਹੈ। ਸਰੀ ਅਤੇ ਬਰੈਂਪਟਨ ਵਿਖੇ ਤਾਜ਼ਾ ਵਾਰਦਾਤਾਂ ਮੰਗਲਵਾਰ ਅਤੇ ਐਤਵਾਰ ਨੂੰ ਸਾਹਮਣੇ ਆਈਆਂ।
ਆਰ.ਸੀ.ਐਮ.ਪੀ. ਨੇ ਬੀ.ਸੀ. ਤੋਂ ਉਨਟਾਰੀਓ ਤੱਕ ਵਿਛਾਇਆ ਜਾਲ
ਮੰਗਲਵਾਰ ਸਵੇਰੇ ਤਕਰੀਬਨ ਸਾਢੇ ਚਾਰ ਵਜੇ ਸਰੀ ਦੇ 71 ਐਵੇਨਿਊ ਨੇੜੇ ਕਿੰਗ ਜਾਰਜ ਬੁਲੇਵਾਰਡ ਵਿਖੇ ਇਕ ਕਾਰੋਬਾਰੀ ਟਿਕਾਣੇ ’ਤੇ ਗੋਲੀਆਂ ਚੱਲੀਆਂ ਜਦਕਿ ਐਤਵਾਰ ਨੂੰ ਬਰੈਂਪਟਨ ਵਿਖੇ ਚਾਰ ਸ਼ੱਕੀ ਘਰ ਦੇ ਬਾਹਰ ਖੜ੍ਹੀਆਂ ਗੱਡੀਆਂ ਦੀ ਤੋੜ-ਭੰਨ ਕਰ ਕੇ ਫਰਾਰ ਹੋ ਗਏ। ਉਧਰ ਐਕਸਟੌਰਸ਼ਨ ਟਾਸਕ ਫ਼ੋਰਸ ਬਿਨਾਂ ਰੁਕੇ ਲਗਾਤਾਰ ਕੰਮ ਕਰ ਰਹੀ ਹੈ ਅਤੇ ਹੁਣ ਤੱਕ ਸੈਂਕੜੇ ਘੰਟੇ ਦੀ ਸੀ.ਸੀ.ਟੀ.ਵੀ. ਫੁਟੇਜ ਫਰੋਲੀ ਜਾ ਚੁੱਕੀ ਹੈ ਜਦਕਿ ਵੱਡੀ ਗਿਣਤੀ ਵਿਚ ਤਲਾਸ਼ੀ ਵਾਰੰਟ ਤਾਮੀਲ ਕੀਤੇ ਗਏ। ਬਰੂਅਰ ਮੁਤਾਬਕ ਬੀ.ਸੀ. ਅਤੇ ਐਲਬਰਟਾ ਵਿਖੇ 100 ਤੋਂ ਵੱਧ ਅਦਾਲਤੀ ਹੁਕਮ ਹਾਸਲ ਕੀਤੇ ਗਏ ਅਤੇ ਹੁਣ ਐਕਸਟੌਰਸ਼ਨ ਟਾਸਕ ਫ਼ੋਰਸ ਪੂਰੀ ਰਫ਼ਤਾਰ ਨਾਲ ਅੱਗੇ ਵਧ ਰਹੀ ਹੈ। ਪੈਰ ਪਿੱਛੇ ਖਿੱਚਣ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ। ਭਾਵੇਂ ਜਬਰੀ ਵਸੂਲੀ ਦੇ ਮੁੱਖ ਸਰਗਣਿਆਂ ਵੱਲੋਂ ਆਪਣੇ ਤੌਰ-ਤਰੀਕਿਆਂ ਵਿਚ ਤਬਦੀਲੀ ਕੀਤੀ ਗਈ ਹੈ ਪਰ ਟਾਸਕ ਫੋਰਸ ਦੇ ਜਾਲ ਤੋਂ ਬਚਣਾ ਸੌਖਾ ਨਹੀਂ ਹੋਵੇਗਾ। ਇਸੇ ਦੌਰਾਨ ਭਾਈਚਾਰੇ ਵੱਲੋਂ ਜਬਰੀ ਵਸੂਲੀ ਦੇ ਇਨ੍ਹਾਂ ਮਾਮਲਿਆਂ ਨੂੰ ਭਾਵੇਂ ਵੱਡਾ ਸੰਕਟ ਦੱਸਿਆ ਜਾ ਰਿਹਾ ਹੈ ਪਰ ਬਰੂਅਰ ਦਾ ਕਹਿਣਾ ਸੀ ਕਿ ਇਸ ਤੋਂ ਕਿਤੇ ਵੱਡਾ ਸੰਕਟ ਨਸ਼ਿਆਂ ਦੀ ਓਵਰਡੋਜ਼ ਨਾਲ ਹੁੰਦੀਆਂ ਮੌਤਾਂ ਹਨ। ਭਾਈਚਾਰੇ ਮੁਤਾਬਕ ਕੈਨੇਡਾ ਵਿਚ ਜਬਰੀ ਵਸੂਲੀ ਦੇ ਮਾਮਲਿਆਂ ਦੀ ਤਾਣੀ ਬਹੁਤ ਜ਼ਿਆਦਾ ਉਲਝ ਚੁੱਕੀ ਹੈ ਅਤੇ ਮਾਹਰਾਂ ਦਾ ਕਹਿਣਾ ਹੈ ਕਿ ਸਮੱਸਿਆ ਨੂੰ ਜੜੋਂ ਖ਼ਤਮ ਕਰਨਾ ਸੌਖਾ ਨਹੀਂ ਹੋਵੇਗਾ ਕਿਉਂਕਿ ਐਕਸਟੌਰਸ਼ਨ ਦੇ ਨਾਂ ’ਤੇ ਪੁਲਿਸ ਕੋਲ ਆਉਣ ਵਾਲੀ ਹਰ ਸ਼ਿਕਾਇਤ ਸੱਚੀ ਨਹੀਂ ਹੁੰਦੀ। ਕਈ ਮਾਮਲਿਆਂ ਵਿਚ ਨਿਜੀ ਰੰਜਿਸ਼ ਅਤੇ ਪੁਰਾਣੀ ਦੁਸ਼ਮਣੀ ਸ਼ਾਮਲ ਹੁੰਦੀ ਹੈ ਅਤੇ ਸਭ ਕੁਝ ਜਾਣਦਿਆਂ ਵੀ ਲੋਕ ਆਪਣੇ ਆਪ ਨੂੰ ਐਕਸਟੌਰਸ਼ਨ ਪੀੜਤ ਦਰਸਾਉਣਾ ਚਾਹੁੰਦੇ ਹਨ।
ਪੰਜਾਬ ਬੈਠੇ ਗੈਂਗਸਟਰਾਂ ਦੀ ਕੈਨੇਡਾ ’ਚ ਦਖ਼ਲਅੰਦਾਜ਼ੀ ਤੋਂ ਭਾਈਚਾਰਾ ਚਿੰਤਤ
ਪਿਛਲੇ ਦਿਨੀਂ ਕਤਲ ਕੀਤੇ ਬਿੰਦਰ ਗਰਚਾ ਦਾ ਮਾਮਲਾ ਫਿਲਹਾਲ ਆਈ ਹਿਟ ਕੋਲ ਹੈ ਅਤੇ ਇਸ ਦੀ ਪੜਤਾਲ ਐਕਸਟੌਰਸ਼ਨ ਟਾਸਕ ਫ਼ੋਰਸ ਕੋਲ ਜਾਣ ਦੇ ਆਸਾਰ ਨਹੀਂ। ਦੂਜੇ ਪਾਸੇ ਬੀ.ਸੀ. ਦੀ ਗੈਂਗਵਾਰ ਵਿਚ ਕੈਨੇਡਾ ਤੋਂ ਬਾਹਰ ਬੈਠੇ ਗੈਂਗਸਟਰਾਂ ਦਾ ਦਾਖਲਾ ਨਵੀਆਂ ਚਿੰਤਾਵਾਂ ਪੈਦਾ ਕਰ ਰਿਹਾ ਹੈ ਕਿਉਂਕਿ ਹਾਲ ਹੀ ਵਿਚ ਨਵਪ੍ਰੀਤ ਧਾਲੀਵਾਲ ਦੇ ਕਤਲ ਦੀ ਜ਼ਿੰਮੇਵਾਰੀ ਡੋਨੀ ਬੱਲ, ਮੁਹੱਬਤ ਰੰਧਾਵਾ ਅਤੇ ਅਮਰ ਖੱਬੇ ਨੇ ਲਈ। ਇਸੇ ਡੋਨੀ ਬੱਲ ਨੇ ਮੋਹਾਲੀ ਵਿਖੇ ਕਬੱਡੀ ਮੈਚ ਦੌਰਾਨ ਰਾਣਾ ਬਲਾਚੌਰੀਆ ਦੇ ਕਤਲ ਦੀ ਜ਼ਿੰਮੇਵਾਰੀ ਲਈ ਸੀ। ਸਰੀ, ਲੈਂਗਲੀ ਅਤੇ ਐਬਸਫ਼ੋਰਡ ਵਰਗੇ ਸ਼ਹਿਰਾਂ ਵਿਚ ਵਾਪਰ ਰਹੀਆਂ ਵਾਰਦਾਤਾਂ ਵਿਚ ਡੋਨੀ ਬੱਲ ਜਾਂ ਗੋਪੀ ਘਣਸ਼ਾਮਪੁਰੀਆਂ ਵਰਗੇ ਗੈਂਗਸਟਰਾਂ ਦੇ ਨਾਂ ਆ ਰਹੇ ਹਨ ਜਦਕਿ ਬਰੈਂਪਟਨ ਵਿਖੇ ਟੋਅ ਟਰੱਕ ਇੰਡਸਟਰੀ ਦੇ ਝਗੜੇ ਵਿਚ ਮਾਝੇ ਦੇ ਗੈਂਗਸਟਰਾਂ ਵੱਲੋਂ ਪੈਰ ਰੱਖਣ ਦੀਆਂ ਕਨਸੋਆਂ ਮਿਲ ਰਹੀਆਂ ਹਨ ਪਰ ਭੁਗਤਣਾ ਆਮ ਲੋਕਾਂ ਨੂੰ ਪੈ ਰਿਹਾ ਹੈ। ਉਧਰ ਕੈਨੇਡਾ ਵਿਚ ਅਪਰਾਧਕ ਦੇ ਟਾਕਰੇ ਲਈ ਬਣੇ ਵਿਭਾਗ ਦੀ ਮੰਤਰੀ ਰੂਬੀ ਸਹੋਤਾ ਦਾ ਕਹਿਣਾ ਹੈ ਕਿ ਕੈਨੇਡਾ ਵਿਚ ਐਕਸਟੌਰਸ਼ਨ ਦੇ ਮਾਮਲੇ ਕੋਈ ਨਵੀਂ ਗੱਲ। ਇਸ ਤੋਂ ਪਹਿਲਾਂ ਵੀ ਕ੍ਰਿਮੀਨਲਜ਼ ਵੱਲੋਂ ਵੱਖ ਵੱਖ ਤਰੀਕਿਆਂ ਨਾਲ ਐਕਸਟੌਰਸ਼ਨ ਥ੍ਰੈਟਸ ਪੈਦਾ ਕੀਤੇ ਜਾਂਦੇ ਸਨ। ਦੂਜੇ ਪਾਸੇ ਪੰਜਾਬ ਦੇ ਡੀ.ਜੀ.ਪੀ. ਨੇ ਐਲਾਨ ਕੀਤਾ ਹੈ ਕਿ ਵਿਦੇਸ਼ਾਂ ਵਿਚ ਸਰਗਰਮ ਗੈਂਗਸਟਰਾਂ ਨੂੰ ਫੜ ਕੇ ਲਿਆਂਦਾ ਜਾਵੇਗਾ ਜਿਨ੍ਹਾਂ ਨੇ ਕਥਿਤ ਤੌਰ ’ਤੇ ਪੁਲਿਸ ਥਾਣਿਆਂ ਨੂੰ ਹਥਗੋਲਿਆਂ ਨਾਲ ਨਿਸ਼ਾਨਾ ਬਣਾਉਣ ਦੀ ਜ਼ਿੰਮੇਵਾਰੀ ਲਈ। ਕਿਸੇ ਵੇਲੇ ਕੈਨੇਡਾ ਵਿਚ ਰਹੇ ਗੋਲਡੀ ਬਰਾੜ ਦਾ ਟਿਕਾਣਾ ਇਸ ਵੇਲੇ ਕਿਥੇ ਹੈ, ਕੋਈ ਨਹੀਂ ਜਾਣਦਾ ਪਰ ਪੰਜਾਬ ਪੁਲਿਸ ਨੇ ਅਪ੍ਰੇਸ਼ਨ ਪ੍ਰਹਾਰ ਦੌਰਾਨ ਗੋਲਡੀ ਬਰਾੜ ਦੇ 10 ਸ਼ੂਟਰ ਕਾਬੂ ਕਰਨ ਦਾ ਦਾਅਵਾ ਕੀਤਾ ਹੈ।