Canada ’ਚ ਪੰਜਾਬੀ driver ’ਤੇ ਹਮਲਾ ਕਰਨ ਵਾਲਾ ਕਾਬੂ
ਕੈਨੇਡਾ ਵਿਚ ਪੰਜਾਬੀ ਟੈਕਸੀ ਡਰਾਈਵਰ ਉਤੇ ਛੁਰੇ ਨਾਲ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਦਿਆਂ ਆਖਰਕਾਰ ਦੋਸ਼ ਆਇਦ ਕਰ ਦਿਤੇ ਗਏ
ਕੈਲੋਨਾ : ਕੈਨੇਡਾ ਵਿਚ ਪੰਜਾਬੀ ਟੈਕਸੀ ਡਰਾਈਵਰ ਉਤੇ ਛੁਰੇ ਨਾਲ ਹਮਲਾ ਕਰਨ ਵਾਲੇ ਸ਼ੱਕੀ ਨੂੰ ਗ੍ਰਿਫ਼ਤਾਰ ਕਰਦਿਆਂ ਆਖਰਕਾਰ ਦੋਸ਼ ਆਇਦ ਕਰ ਦਿਤੇ ਗਏ। ਬੀ.ਸੀ. ਦੇ ਕੈਲੋਨਾ ਸ਼ਹਿਰ ਨਾਲ ਸਬੰਧ 25 ਸਾਲਾ ਜਰਮਨਪ੍ਰੀਤ ਸਿੰਘ ਦਾ ਆਪਣੇ ਦੋ ਮੁਸਾਫ਼ਰਾਂ ਨਾਲ ਕਿਰਾਏ ਦੇ ਮੁੱਦੇ ’ਤੇ ਵਿਵਾਦ ਹੋ ਗਿਆ ਪਰ ਤੂੰ ਕੌਣ? ਮੈਂ ਖ਼ਾਹ-ਮਖ਼ਾਹ ਵਾਲੀ ਤਰਜ਼ ’ਤੇ ਨੇੜਿਉਂ ਲੰਘ ਰਹੇ ਸ਼ੱਕੀ ਨੇ ਛੁਰਾ ਕੱਢਿਆ ਅਤੇ ਜਰਮਨਪ੍ਰੀਤ ਸਿੰਘ ਉਤੇ ਵਾਰ ਕਰਨੇ ਸ਼ੁਰੂ ਕਰ ਦਿਤੇ। 2 ਸਤੰਬਰ 2025 ਨੂੰ ਵਾਪਰੀ ਵਾਰਦਾਤ ਦੌਰਾਨ ਜਰਮਨਪ੍ਰੀਤ ਸਿੰਘ ਨੇ ਆਪਣੇ ਹੱਥ ਅੱਗੇ ਕਰਦਿਆਂ ਛੁਰੇ ਦੇ ਵਾਰ ਤੋਂ ਬਚਣ ਦਾ ਯਤਨ ਕੀਤਾ ਪਰ ਇਕ ਹੱਥ ਬੁਰੀ ਤਰ੍ਹਾਂ ਜ਼ਖ਼ਮੀ ਹੋ ਗਿਆ ਅਤੇ 30 ਟਾਂਕੇ ਲੱਗੇ।
ਜਰਮਨਜੀਤ ਸਿੰਘ ਦੇ ਹੱਥ ’ਤੇ ਲੱਗੇ ਸਨ 30 ਟਾਂਕੇ
ਜਰਮਨਪ੍ਰੀਤ ਸਿੰਘ ਮੁਤਾਬਕ ਇਕ ਮੌਕੇ ’ਤੇ ਉਸ ਨੂੰ ਅਜਿਹਾ ਮਹਿਸੂਸ ਹੋਇਆ ਕਿ ਅੱਜ ਉਹ ਨਹੀਂ ਬਚੇਗਾ ਪਰ ਰੌਲਾ ਵਧਣ ’ਤੇ ਸ਼ੱਕੀ ਫਰਾਰ ਹੋ ਗਿਆ। ਅਦਾਲਤੀ ਦਸਤਾਵੇਜ਼ਾਂ ਮੁਤਾਬਕ 24 ਸਾਲਾ ਸੌਲ ਸਟੈਨਲੀ ਗੂਲਡ ਵਿਰੁੱਧ ਹਿੰਸਕ ਹਮਲਾ ਕਰਨ ਅਤੇ ਲੁੱਟ ਦੇ ਦੋਸ਼ ਲੱਗੇ ਹਨ। 31 ਮਾਰਚ ਨੂੰ ਅਦਾਲਤ ਵਿਚ ਅਗਲੀ ਪੇਸ਼ ਹੋਣ ਤੱਕ ਉਸ ਨੂੰ ਹਿਰਾਸਤ ਵਿਚ ਹੀ ਰੱਖਿਆ ਗਿਆ ਹੈ। ਇਸੇ ਦੌਰਾਨ ਕੈਲੋਨਾ ਕੈਬਜ਼ ਦੇ ਰੌਏ ਪੌਲਸਨ ਨੇ ਦੱਸਿਆ ਕਿ ਵਾਰਦਾਤ ਵਾਲੇ ਦਿਨ ਹਾਲਾਤ ਐਨੀ ਤੇਜ਼ੀ ਨਾਲ ਬਦਲੇ ਕਿ ਜਰਮਨਪ੍ਰੀਤ ਸਿੰਘ ਨੂੰ ਕੁਝ ਸਮਝ ਹੀ ਨਾ ਆਇਆ ਜਿਸ ਦਾ ਟੈਕਸੀ ਚਲਾਉਣ ਦਾ ਸਿਰਫ਼ ਦੂਜਾ ਦਿਨ ਸੀ।
ਟੈਕਸੀ ਚਲਾਉਣ ਦੇ ਦੂਜੇ ਹੀ ਦਿਨ ਵਾਪਰੀ ਵਾਰਦਾਤ
ਸਟੈਨਲੀ ਵਿਰੁੱਧ ਮੁਕੱਦਮੇ ਅੱਗੇ ਵਧਣ ’ਤੇ ਤਸੱਲੀ ਜ਼ਾਹਰ ਕਰਦਿਆਂ ਪੌਲਸਨ ਨੇ ਕਿਹਾ ਕਿ ਜਰਮਨਪ੍ਰੀਤ ਸਿੰਘ ਹੁਣ ਕੰਮ ’ਤੇ ਪਰਤ ਆਇਆ ਹੈ ਅਤੇ ਜ਼ਖਮ ਵੀ ਭਰ ਚੁੱਕੇ ਹਨ ਪਰ ਮਨ ਵਿਚਲੇ ਜ਼ਖਮ ਭਰਨ ਵਿਚ ਸਮਾਂ ਲੱਗ ਸਕਦਾ ਹੈ। ਕੈਲੋਨਾ ਕੈਬਜ਼ ਵੱਲੋਂ ਜਰਮਨਪ੍ਰੀਤ ਨਾਲ ਵਾਪਰੀ ਘਟਨਾ ਦੇ ਮੱਦੇਨਜ਼ਰ ਨਵੀਂ ਰਣਨੀਤੀ ਤਿਆਰ ਕੀਤੀ ਗਈ ਹੈ ਤਾਂਕਿ ਅਜਿਹੀਆਂ ਵਾਰਦਾਤਾਂ ਦੌਰਾਲ ਡਰਾਈਵਰਾਂ ਦਾ ਬਚਾਅ ਹੋ ਸਕੇ। ਉਧਰ, ਅਦਾਲਤੀ ਰਿਕਾਰਡ ਮੁਤਾਬਕ ਪੰਜਾਬੀ ਡਰਾਈਵਰ ’ਤੇ ਹਮਲਾ ਕਰਨ ਵਾਲੇ ਇਸ ਤੋਂ ਪਹਿਲਾਂ ਇਕ ਦਰਜਨ ਤੋਂ ਵੱਧ ਮਾਮਲਿਆਂ ਵਿਚ ਦੋਸ਼ੀ ਠਹਿਰਾਇਆ ਜਾ ਚੁੱਕਾ ਹੈ।