ਉਨਟਾਰੀਓ ਵਿਚ ਲਿਸਟੀਰੀਆ ਇਨਫੈਕਸ਼ਨ ਨਾਲ ਤੀਜੀ ਮੌਤ
ਲਿਸਟੀਰੀਆ ਦੇ ਇਨਫੈਕਸ਼ਨ ਕਾਰਨ ਉਨਟਾਰੀਓ ਵਿਚ ਤੀਜੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਬੈਕਟੀਰੀਆ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 20 ਦੱਸੀ ਜਾ ਰਹੀ ਹੈ।
ਟੋਰਾਂਟੋ : ਲਿਸਟੀਰੀਆ ਦੇ ਇਨਫੈਕਸ਼ਨ ਕਾਰਨ ਉਨਟਾਰੀਓ ਵਿਚ ਤੀਜੀ ਮੌਤ ਹੋ ਚੁੱਕੀ ਹੈ ਅਤੇ ਹੁਣ ਤੱਕ ਬੈਕਟੀਰੀਆ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 20 ਦੱਸੀ ਜਾ ਰਹੀ ਹੈ। ਲਿਸਟੀਰੀਆ ਫੈਲਣ ਦਾ ਮੁੱਖ ਕਾਰਨ ਗਰੇਟ ਵੈਲਿਊ ਅਤੇ ਸਿਲਕ ਪਲਾਂਟ ਵੱਲੋਂ ਬਦਾਮ, ਨਾਰੀਅਲ ਅਤੇ ਕਾਜੂ ਤੋਂ ਤਿਆਰ ਕੀਤੇ ਜਾਂਦੇ ਦੁੱਧ ਉਤਪਾਦ ਰਹੇ ਜਿਨ੍ਹਾਂ ਦੀ ਵਿਕਰੀ ’ਤੇ ਪਾਬੰਦੀ ਲਾ ਦਿਤੀ ਗਈ। ਇਥੇ ਦਸਣਾ ਬਣਦਾ ਹੈ ਕਿ ਲਿਸਟੀਰੀਆ ਫੈਲਣ ਦਾ ਕਾਰਨ ਓਟ ਮਿਲਕ ਵੀ ਰਿਹਾ ਜਦਕਿ ਬਦਾਮ ਅਤੇ ਨਾਰੀਅਲ ਦਾ ਰਲਿਆ ਮਿਲਿਆ ਦੁੱਧ ਅਤੇ ਬਦਾਮ ਅਤੇ ਕਾਜੂ ਦਾ ਰਲਿਆ ਮਿਲਿਆ ਦੁੱਧ ਵੀ ਇਨਫੈਕਸਟਡ ਦੱਸਿਆ ਗਿਆ।
ਬੈਕਟੀਰੀਆ ਦੀ ਲਪੇਟ ਵਿਚ ਆਏ ਲੋਕਾਂ ਦੀ ਗਿਣਤੀ 20 ਹੋਈ
ਹਾਲਾਤ ਐਨੇ ਗੰਭੀਰ ਹੋ ਗਏ ਕਿ 4 ਅਕਤੂਬਰ ਤੱਕ ਦੀ ਐਕਸਪਾਇਰੀ ਵਾਲੇ ਉਤਪਾਦ ਵੀ ਬਾਜ਼ਾਰ ਵਿਚ ਵਾਪਸ ਮੰਗਵਾਏ ਗਏ ਅਤੇ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਘਰਾਂ ਵਿਚ ਅਜਿਹੇ ਉਤਪਾਦ ਹੋਣ ’ਤੇ ਇਨ੍ਹਾਂ ਨੂੰ ਬਾਹਰ ਸੁੱਟ ਦਿਤਾ ਜਾਵੇ। ਮੀਡੀਆ ਰਿਪੋਰਟਾਂ ਮੁਤਾਬਕ ਉਨਟਾਰੀਓ ਦੇ ਪਿਕਰਿੰਗ ਵਿਖੇ ਸਥਿਤ ਬੈਵਰੇਜ ਪੈਕੇਜਿੰਗ ਸਥਾਨ ਜੋਰੀਕੀ ਵਿਖੇ ਬੈਕਟੀਰੀਆ ਦੀ ਇਨਫੈਕਸ਼ਨ ਹੋਣ ਬਾਰੇ ਪਤਾ ਲੱਗਾ ਹੈ। ਅਗਸਤ 2023 ਤੋਂ ਜੁਲਾਈ 2024 ਦਰਮਿਆਨ ਲੋਕ ਬਿਮਾਰ ਹੋਏ ਅਤੇ ਪਬਲਿਕ ਹੈਲਥ ਏਜੰਸੀ ਆਫ਼ ਕੈਨੇਡਾ ਮੁਤਾਬਕ ਕੁਲ 20 ਮਰੀਜ਼ਾਂ ਵਿਚੋਂ ਉਨਟਾਰੀਓ ਵਿਚ 13, ਕਿਊਬੈਕ ਵਿਚ ਪੰਜ ਅਤੇ ਇਕ ਇਕ ਨੋਵਾ ਸਕੋਸ਼ੀਆ ਤੇ ਐਲਬਰਟਾ ਵਿਚ ਸਾਹਮਣੇ ਆਇਆ। ਬਿਮਾਰ ਹੋਣ ਵਾਲਿਆਂ ਦੀ ਉਮਰ 7 ਸਾਲ ਤੋਂ 89 ਸਾਲ ਦੱਸੀ ਗਈ ਜਦਕਿ 70 ਫੀ ਸਦੀ ਮਰੀਜ਼ 50 ਸਾਲ ਜਾਂ ਇਸ ਤੋਂ ਵੱਧ ਉਮਰ ਵਾਲੇ ਸਨ।