ਕੈਨੇਡਾ ਪੁੱਜ ਗਈ ਸਿਰਸੇ ਵਾਲੇ ਸਾਧ ਦੀ ਰੂਹ
ਕੈਨੇਡਾ ਵਿਚ ਸਿਰਸੇ ਵਾਲੇ ਸਾਧ ਨਾਲ ਮਿਲਦਾ-ਜੁਲਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਯਾਰਕ ਰੀਜਨਲ ਪੁਲਿਸ ਵੱਲੋਂ ਇਕ ਭਾਰਤੀ ਸਾਧ ਪ੍ਰਵੀਨ ਰੰਜਨ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਕਈ ਦੋਸ਼ ਆਇਦ ਕੀਤੇ ਗਏ ਹਨ;

ਟੋਰਾਂਟੋ : ਕੈਨੇਡਾ ਵਿਚ ਸਿਰਸੇ ਵਾਲੇ ਸਾਧ ਨਾਲ ਮਿਲਦਾ-ਜੁਲਦਾ ਮਾਮਲਾ ਸਾਹਮਣੇ ਆਇਆ ਹੈ ਅਤੇ ਯਾਰਕ ਰੀਜਨਲ ਪੁਲਿਸ ਵੱਲੋਂ ਇਕ ਭਾਰਤੀ ਸਾਧ ਪ੍ਰਵੀਨ ਰੰਜਨ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਕਈ ਦੋਸ਼ ਆਇਦ ਕੀਤੇ ਗਏ ਹਨ। ਯਾਰਕ ਰੀਜਨਲ ਪੁਲਿਸ ਦੇ ਸਪੈਸ਼ਲ ਵਿਕਟਿਮਜ਼ ਯੂੂਨਿਟ ਨੇ ਦੱਸਿਆ ਕਿ ਪਿਕਰਿੰਗ ਦੇ ਇਕ ਘਰ ਵਿਚ ਧਾਰਮਿਕ ਸਰਗਰਮੀਆਂ ਚਲਾਉਣ ਵਾਲੇ ਸ਼ੱਕੀ ਵਿਰੁੱਧ ਕੀਤੀ ਪੜਤਾਲ ਦੇ ਆਧਾਰ ’ਤੇ ਇਹ ਕਾਰਵਾਈ ਕੀਤੀ ਗਈ ਹੈ। ਪੁਲਿਸ ਮੁਤਾਬਕ ਇਕ ਪੀੜਤ ਨੇ ਆਪਣੇ ਬਿਆਨਾਂ ਵਿਚ ਦਰਜ ਕਰਵਾਇਆ ਕਿ ਪਿਕਰਿੰਗ ਅਤੇ ਮਾਰਖਮ ਸ਼ਹਿਰਾਂ ਵਿਚ ਰੂਹਾਨੀ ਸਤਿਸੰਗ ਦੌਰਾਨ ਉਸ ਨੂੰ ਛੇ ਵਾਰ ਨਿਸ਼ਾਨਾ ਬਣਾਇਆ ਗਿਆ। ਸੈਕਸ਼ੁਅਲ ਅਸਾਲਟ ਦੇ ਇਹ ਮਾਮਲੇ ਜਨਵਰੀ 2021 ਤੋਂ ਅਕਤੂਬਰ 2024 ਦਰਮਿਆਨ ਸਾਹਮਣੇ ਆਏ।
ਭਾਰਤੀ ਸਾਧ ਪ੍ਰਵੀਨ ਰੰਜਨ ਵਿਰੁੱਧ ਲੱਗੇ ਸੈਕਸ਼ੁਅਲ ਅਸਾਲਟ ਦੇ ਦੋਸ਼
ਦੂਜੀ ਪੀੜਤ ਨੇ ਦੋਸ਼ ਲਾਇਆ ਕਿ ਸ਼ੱਕੀ ਵੱਲੋਂ ਕਥਿਤ ਤੌਰ ’ਤੇ ਦਸੰਬਰ 2024 ਵਿਚ ਉਸ ਨੂੰ ਨਿਸ਼ਾਨਾ ਬਣਾਇਆ ਗਿਆ। ਯਾਰਕ ਰੀਜਨਲ ਪੁਲਿਸ ਵੱਲੋਂ ਟੋਰਾਂਟੋ ਨਾਲ ਸਬੰਧਤ 44 ਸਾਲ ਦੇ ਪ੍ਰਵੀਨ ਰੰਜਨ ਵਿਰੁੁੱਧ ਸੈਕਸ਼ੁਅਲ ਅਸਾਲਟ ਦੇ ਸੱਤ ਦੋਸ਼ ਆਇਦ ਕੀਤੇ ਗਏ ਹਨ ਪਰ ਇਨ੍ਹਾਂ ਦੋਸ਼ਾਂ ਨੂੰ ਅਦਾਲਤ ਵਿਚ ਸਾਬਤ ਨਹੀਂ ਕੀਤਾ ਗਿਆ। ਜਾਂਚਕਰਤਾਵਾਂ ਦਾ ਮੰਨਣਾ ਹੈ ਕਿ ਧਾਰਮਿਕ ਸਰਗਰਮੀਆਂ ਦੌਰਾਨ ਨਿਸ਼ਾਨਾ ਬਣਨ ਵਾਲੀਆਂ ਔਰਤਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਜਿਨ੍ਹਾਂ ਵੱਲੋਂ ਪੁਲਿਸ ਕੋਲ ਸ਼ਿਕਾਇਤ ਦਰਜ ਨਹੀਂ ਕਰਵਾਈ ਗਈ, ਉਹ ਅੱਗੇ ਆਉਣ। ਪੁਲਿਸ ਵੱਲੋਂ ਲੋਕਾਂ ਨੂੰ ਵੀ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਮੌਜੂਦ ਹੈ ਤਾਂ ਜਾਂਚਕਰਤਾਵਾਂ ਨਾਲ 1866 876 5423 ਐਕਸਟੈਨਸ਼ਨ 7071 ’ਤੇ ਸੰਪਰਕ ਕੀਤਾ ਜਾਵੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ ਕਾਲ ਕੀਤੀ ਜਾ ਸਕਦੀ ਹੈ।
ਪਿਕਰਿੰਗ ਅਤੇ ਮਾਰਖਮ ਵਿਖੇ ਰੂਹਾਨੀ ਸਤਿਸੰਗ ਦੌਰਾਨ ਵਾਪਰੀਆਂ ਘਟਨਾਵਾਂ
ਦੂਜੇ ਪਾਸੇ ਗਰੇਟਰ ਟੋਰਾਂਟੋ ਏਰੀਆ ਵਿਚ ਸ਼ਰਾਬ ਦੇ ਠੇਕੇ ਲੁੱਟਣ ਦੇ ਮਾਮਲੇ ਵਿਚ ਇਕ ਸ਼ੱਕੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਟੋਰਾਂਟੋ ਪੁਲਿਸ ਨੇ ਦੱਸਿਆ ਕਿ ਸ਼ੱਕੀ ਨੇ ਕਥਿਤ ਤੌਰ ’ਤੇ ਲਿਕਰ ਕੰਟਰੋਲ ਬੋਰਡ ਆਫ਼ ਉਨਟੈਰੀਓ ਦੇ ਸਟੋਰਾਂ ਤੋਂ 33 ਹਜ਼ਾਰ ਡਾਲਰ ਮੁੱਲ ਦੀ ਸ਼ਰਾਬ ਚੋਰੀ ਕੀਤੀ। ਸ਼ਰਾਬ ਚੋਰੀ ਦੀਆਂ ਇਹ ਵਾਰਦਾਤਾਂ ਮੌਜੂਦਾ ਵਰ੍ਹੇ ਦੌਰਾਨ 27 ਜਨਵਰੀ ਤੋਂ 4 ਅਪ੍ਰੈਲ ਦਰਮਿਆਨ ਵਾਪਰੀਆਂ ਅਤੇ ਸ਼ੱਕੀ ਦੀ ਸ਼ਨਾਖਤ 30 ਸਾਲ ਦੇ ਲੂਈਸ ਐਲਬਰਟੋ ਅਲੌਨਜ਼ੋ ਰੈਮਨ ਵਜੋਂ ਕੀਤੀ ਗਈ ਹੈ। ਸ਼ੱਕੀ ਵਿਰੁੱਧ ਪੁਲਿਸ ਵੱਲੋਂ ਪੰਜ ਹਜ਼ਾਰ ਡਾਲਰ ਤੋਂ ਘੱਟ ਮੁੱਲ ਦੀ ਚੋਰੀ ਦੇ 53 ਦੋਸ਼ ਆਇਦ ਕੀਤੇ ਗਏ ਹਨ।