ਕੈਨੇਡਾ ਵਿਚ ਆਰਜ਼ੀ ਵੀਜ਼ਾ ’ਤੇ ਆਏ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪੀ
ਕੈਨੇਡਾ ਵਿਚ ਆਰਜ਼ੀ ਵੀਜ਼ਾ ’ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 9 ਲੱਖ ਨੂੰ ਮੁਲਕ ਵਿਚੋਂ ਬਾਹਰ ਕੱਢਣਾ ਟਰੂਡੋ ਸਰਕਾਰ ਵਾਸਤੇ ਸੌਖਾ ਨਹੀਂ ਹੋਵੇਗਾ।;
ਟੋਰਾਂਟੋ : ਕੈਨੇਡਾ ਵਿਚ ਆਰਜ਼ੀ ਵੀਜ਼ਾ ’ਤੇ ਮੌਜੂਦ ਲੋਕਾਂ ਦੀ ਗਿਣਤੀ 30 ਲੱਖ ਤੋਂ ਟੱਪ ਚੁੱਕੀ ਹੈ ਅਤੇ ਇਨ੍ਹਾਂ ਵਿਚੋਂ 9 ਲੱਖ ਨੂੰ ਮੁਲਕ ਵਿਚੋਂ ਬਾਹਰ ਕੱਢਣਾ ਟਰੂਡੋ ਸਰਕਾਰ ਵਾਸਤੇ ਸੌਖਾ ਨਹੀਂ ਹੋਵੇਗਾ। ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਫੈਡਰਲ ਸਰਕਾਰ ਟੈਂਪਰੇਰੀ ਰੈਜ਼ੀਡੈਂਟਸ ਦੀ ਗਿਣਤੀ 5 ਫੀ ਸਦੀ ਕਰਨਾ ਚਾਹੁੰਦੀ ਹੈ ਜੋ ਇਸ ਵੇਲੇ ਕੁਲ ਆਬਾਦੀ ਦਾ 7.3 ਫੀ ਸਦੀ ’ਤੇ ਪੁੱਜ ਚੁੱਕੀ ਹੈ। ਇੰਮੀਗ੍ਰੇਸ਼ਨ ਮਾਹਰਾਂ ਮੁਤਾਬਕ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਪੀ.ਆਰ. ਦਾ ਰਾਹ ਐਨਾ ਔਖਾ ਕਰ ਦਿਤਾ ਗਿਆ ਹੈ ਕਿ ਹੁਣ ਉਨ੍ਹਾਂ ਵਾਸਤੇ ਆਪਣੇ ਮੁਲਕ ਵਾਪਸੀ ਤੋਂ ਸਿਵਾਏ ਕੋਈ ਚਾਰਾ ਬਾਕੀ ਨਹੀਂ ਰਹਿ ਗਿਆ। ਦੂਜੇ ਪਾਸੇ ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਦਾ ਕਹਿਣਾ ਹੈ ਕਿ ਅਗਲੇ ਸਾਲ ਕੈਨੇਡਾ ਨੂੰ ਮਿਲਣ ਵਾਲੇ ਪਰਮਾਨੈਂਟ ਰੈਜ਼ੀਡੈਂਟਸ ਵਿਚੋਂ 40 ਫੀ ਸਦੀ ਟੈਂਪਰੇਰੀ ਰੈਜ਼ੀਡੈਂਟਸ ਵਿਚੋਂ ਹੋਣਗੇ ਪਰ ਇਸ ਦੇ ਬਾਵਜੂਦ ਲੱਖਾਂ ਨੌਜਵਾਨਾਂ ਦਾ ਭਵਿੱਖ ਹਨੇਰੇ ਵਿਚ ਡੁੱਬਣ ਤੋਂ ਇਨਕਾਰ ਨਹੀਂ ਕੀਤਾ ਜਾ ਰਿਹਾ। ਵਰਕ ਪਰਮਿਟ ਦੇ ਨਿਯਮ ਸਖਤ ਕੀਤੇ ਜਾ ਚੁੱਕੇ ਹਨ ਅਤੇ ਇਕ ਅੰਦਾਜ਼ੇ ਮੁਤਾਬਕ 2025 ਦੇ ਅੰਤ ਤੱਕ 2 ਲੱਖ ਤੋਂ ਵੱਧ ਵਰਕ ਪਰਮਿਟ ਐਕਸਪਾਇਰ ਹੋ ਜਾਣਗੇ।
9 ਲੱਖ ਲੋਕਾਂ ਨੂੰ ਮੁਲਕ ਵਿਚੋਂ ਕੱਢਣਾ ਚਾਹੁੰਦੀ ਐ ਟਰੂਡੋ ਸਰਕਾਰ
ਮਨੁੱਖੀ ਆਧਾਰ ’ਤੇ ਦੇਖਿਆ ਜਾਵੇ ਤਾਂ ਇੰਮੀਗ੍ਰੇਸ਼ਨ ਨੀਤੀਆਂ ਵਿਚ ਅਚਨਚੇਤ ਤਬਦੀਲੀ ਤਬਾਹਕੁੰਨ ਨਤੀਜੇ ਲਿਆ ਸਕਦੀ ਹੈ। 37 ਸਾਲ ਦੀ ਨਵਜੋਤ ਸਲਾਰੀਆ ਬਤੌਰ ਇੰਟਰਨੈਸ਼ਨਲ ਸਟੂਡੈਂਟ ਕੈਨੇਡਾ ਆਈ ਅਤੇ ਪੜ੍ਹਾਈ ਮੁਕੰਮਲ ਹੋਣ ਮਗਰੋਂ ਇਕ ਵੱਡੇ ਬੈਂਕ ਵਿਚ ਨੌਕਰੀ ਵੀ ਕਰਨ ਲੱਗੀ ਪਰ ਬੈਂਕ ਦੀ ਨੌਕਰੀ ਉਸ ਦੀ ਪੀ.ਆਰ. ਲਈ ਲੋੜੀਂਦੀ ਸ਼ਰਤ ਪੂਰੀ ਨਹੀਂ ਕਰਦੀ। ਸ਼੍ਰੇਣੀਆਂ ’ਤੇ ਆਧਾਰਤ ਐਕਸਪ੍ਰੈਸ ਐਂਟਰੀ ਦੇ ਡਰਾਅ ਜ਼ਿਆਦਾਤਰ ਪ੍ਰਵਾਸੀਆਂ ਦੀ ਪਹੁੰਚ ਤੋਂ ਦੂਰ ਹੋ ਚੁੱਕੇ ਹਨ। ਇੰਮੀਗ੍ਰੇਸ਼ਨ ਮਾਹਰਾਂ ਦਾ ਕਹਿਣਾ ਹੈ ਕਿ ਕੈਨੇਡਾ ਸਰਕਾਰ ਨੂੰ ਇੰਟਰਨੈਸ਼ਨਲ ਸਟੂਡੈਂਟਸ ਵਾਸਤੇ ਪੀ.ਆਰ. ਦਾ ਵੱਖਰਾ ਰਾਹ ਖੋਲ੍ਹਣਾ ਚਾਹੀਦਾ ਹੈ ਜੋ ਤਿੰਨ ਸਾਲ ਜਾਂ ਇਸ ਤੋਂ ਵੱਧ ਸਮੇਂ ਤੋਂ ਕੈਨੇਡਾ ਵਿਚ ਕੰਮ ਕਰ ਰਹੇ ਹੋਣ। ਨਵਜੋਤ ਸਲਾਰੀਆ ਆਪਣੀ ਸ਼੍ਰੇਣੀ ਵਿਚ 440 ਅੰਕਾਂ ਦਾ ਸੀ.ਆਰ.ਐਸ. ਹਾਸਲ ਕਰਨ ਵਿਚ ਸਫਲ ਰਹੀ ਪਰ ਇਸ ਵੇਲੇ ਪੀ.ਆਰ. ਲਈ ਘੱਟੋ ਘੱਟ 539 ਅੰਕਾਂ ਦੀ ਜ਼ਰੂਰਤ ਹੈ। ਕੈਨੇਡੀਅਨ ਇੰਪਲੌਇਰ ਆਪਣੇ ਮੁਲਾਜ਼ਮਾਂ ਨੂੰ ਸਪੌਂਸਰ ਕਰਨ ਦੀ ਯੋਗਤਾ ਰਖਦੇ ਹਨ ਜਿਨ੍ਹਾਂ ਦੇ ਵਰਕ ਪਰਮਿਟ ਐਕਸਪਾਇਰ ਹੋਣ ਕੰਢੇ ਪੁੱਜ ਚੁੱਕੇ ਹੋਣ ਪਰ ਜ਼ਿਆਦਾਤਰ ਇੰਪਲੌਇਰਜ਼ ਵੱਲੋਂ ਹੁਨਰਮੰਦ ਕਾਮਿਆਂ ਦੇ ਮਾਮਲੇ ਵਿਚ ਹੀ ਅਜਿਹਾ ਕੀਤਾ ਜਾਂਦਾ ਹੈ। ‘ਮਾਇਗ੍ਰੈਂਟਸ ਵਰਕਰਜ਼ ਅਲਾਇੰਸ ਫੌਰ ਚੇਂਜ’ ਕਾਰਜਕਾਰੀ ਡਾਇਰੈਕਟਰ ਸਈਅਦ ਹੁਸੈਨ ਦਾ ਕਹਿਣਾ ਸੀ ਕਿ ਫੈਡਰਲ ਸਰਕਾਰ 2025 ਤੱਕ 12 ਲੱਖ ਟੈਂਪਰੇਰੀ ਰੈਜ਼ੀਡੈਂਟਸ ਕੱਢਣਾ ਚਾਹੁੰਦੀ ਹੈ ਅਤੇ ਇਹ ਅੰਕੜਾ ਮੌਜੂਦਾ ਵਰ੍ਹੇ ਦੌਰਾਨ ਮੁਲਕ ਛੱਡਣ ਲਈ ਮਜਬੂਰ ਹੋਣ ਵਾਲੇ ਵਿਦੇਸ਼ੀ ਨਾਗਰਿਕਾਂ ਤੋਂ ਦੁੱਗਣਾ ਬਣਦਾ ਹੈ। ਮੰਨਿਆ ਜਾ ਰਿਹਾ ਹੈ ਕਿ ਇਸ ਵੇਲੇ ਕੈਨੇਡਾ ਵਿਚ 5 ਲੱਖ ਲੋਕ ਗੈਰਕਾਨੂੰਨੀ ਤਰੀਕੇ ਰਹਿ ਰਹੇ ਹਨ ਪਰ ਕੌਮਾਂਤਰੀ ਵਿਦਿਆਰਥੀਆਂ ਨੂੰ ਗੈਰਕਾਨੂੰਨੀ ਤਰੀਕੇ ਨਾਲ ਰਹਿਣ ਦੀ ਜ਼ਰੂਰਤ ਨਹੀਂ ਕਿਉਂਕਿ ਉਹ ਹੋਰਨਾਂ ਮੁਲਕਾਂ ਵਿਚ ਬਿਹਤਰ ਨੌਕਰੀਆਂ ਦੀ ਤਲਾਸ਼ ਕਰ ਸਕਦੇ ਹਨ। ਦੂਜੇ ਪਾਸੇ ਆਰਜ਼ੀ ਵਿਦੇਸ਼ੀ ਕਾਮਿਆਂ ਵਜੋਂ ਕੈਨੇਡਾ ਆਉਣ ਵਾਲਿਆਂ ਕੋਲ ਬਹੁਤੇ ਬਦਲ ਮੌਜੂਦ ਨਹੀਂ ਹੁੰਦੇ ਅਤੇ ਉਹ ਇੰਮੀਗ੍ਰੇਸ਼ਨ ਸਟੇਟਸ ਖਤਮ ਹੋਣ ਤੋਂ ਬਾਅਦ ਵੀ ਕੈਨੇਡਾ ਵਿਚ ਟਿਕੇ ਰਹਿਣਾ ਚਾਹੁੰਦੇ ਹਨ। ਚੇਤੇ ਰਹੇ ਕਿ ਫੈਡਰਲ ਸਰਕਾਰ ਵੱਲੋਂ ਜਿਥੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ 35 ਫੀ ਸਦੀ ਤੱਕ ਘਟਾਈ ਜਾ ਚੁੱਕੀ ਹੈ, ਉਥੇ ਹੀ ਸਾਲਾਨਾ ਇੰਮੀਗ੍ਰੇਸ਼ਨ ਟੀਚਿਆਂ ਵਿਚ ਵੀ ਕਟੌਤੀ ਕਰਨ ’ਤੇ ਗੰਭੀਰਤਾ ਨਾਲ ਵਿਚਾਰ ਕੀਤਾ ਜਾ ਰਿਹਾ ਹੈ।