ਕੈਨੇਡਾ ’ਚ ਪੰਜਾਬੀ ਗੈਂਗਸਟਰ ਦੇ ਕਤਲ ਦੀ ਗੁੱਥੀ ਸੁਲਝੀ
ਕੈਨੇਡਾ ਵਿਚ ਪੰਜਾਬੀ ਗੈਂਗਸਟਰ ਹਿਤਕਰਨ ਜੌਹਲ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ 27 ਸਾਲ ਦੇ ਸ਼ੱਕੀ ਨੂੰ ਐਲਬਰਟਾ ਤੋਂ ਕਾਬੂ ਕਰ ਲਿਆ ਗਿਆ।;
ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਗੈਂਗਸਟਰ ਹਿਤਕਰਨ ਜੌਹਲ ਦੇ ਕਤਲ ਦੀ ਗੁੱਥੀ ਸੁਲਝਾਉਂਦਿਆਂ 27 ਸਾਲ ਦੇ ਸ਼ੱਕੀ ਨੂੰ ਐਲਬਰਟਾ ਤੋਂ ਕਾਬੂ ਕਰ ਲਿਆ ਗਿਆ। ਵੈਨਕੂਵਰ ਪੁਲਿਸ ਨੇ ਦੱਸਿਆ ਕਿ ਐਲਬਰਟਾ ਆਰ.ਸੀ.ਐਮ.ਪੀ. ਅਤੇ ਕੈਲਗਰੀ ਪੁਲਿਸ ਦੀ ਮਦਦ ਨਾਲ ਗ੍ਰਿਫ਼ਤਾਰੀ ਸੰਭਵ ਹੋ ਸਕੀ ਅਤੇ ਸ਼ੱਕੀ ਵਿਰੁੱਧ ਪਹਿਲੇ ਦਰਜੇ ਦੀ ਹੱਤਿਆ ਸਣੇ ਕਈ ਦੋਸ਼ ਆਇਦ ਕੀਤੇ ਗਏ ਹਨ। ਦੂਜੇ ਪਾਸੇ ਸਰੀ ਦੇ ਵ੍ਹਾਲੀ ਇਲਾਕੇ ਵਿਚ ਛੁਰੇਬਾਜ਼ੀ ਦੇ ਮਾਮਲੇ ਤਹਿਤ ਸੁਖਜੀਤ ਹਾਂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਵੈਨਕੂਵਰ ਵਿਖੇ 26 ਜੁਲਾਈ ਨੂੰ ਹੋਈ ਗੋਲੀਬਾਰੀ ਦੌਰਾਨ ਹਿਤਕਰਨ ਜੌਹਲ ਦਾ ਕਤਲ ਕਰ ਦਿਤਾ ਗਿਆ ਸੀ ਜਦਕਿ ਉਸ ਦਾ ਇਕ ਸਾਥੀ ਗੰਭੀਰ ਜ਼ਖਮੀ ਹੋ ਗਿਆ।
ਐਲਬਰਟਾ ਤੋਂ 27 ਸਾਲ ਦਾ ਸ਼ੱਕੀ ਕਾਬੂ
ਹਮਲਾਵਰ ਵੱਲੋਂ ਗੋਲੀਆਂ ਚਲਾਏ ਜਾਣ ਮਗਰੋਂ ਹਿਤਕਰਨ ਜੌਹਲ ਅਤੇ ਉਸ ਦੇ ਸਾਥੀ ਦੀ ਗੱਡੀ ਬੇਕਾਬੂ ਹੋ ਗਈ ਅਤੇ ਸਾਹਮਣੇ ਤੋਂ ਆ ਰਹੀ ਇਕ ਹੋਰ ਗੱਡੀ ਵਿਚ ਵੱਜੀ। ਐਮਰਜੰਸੀ ਕਾਮੇ ਮੌਕੇ ’ਤੇ ਪੁੱਜੇ ਤਾਂ 25 ਸਾਲ ਦੇ ਹਿਤਕਰਨ ਜੌਹਲ ਦੀ ਮੌਤ ਹੋ ਚੁੱਕੀ ਸੀ ਜਦਕਿ ਉਸ ਦੇ ਸਾਥੀ ਨੂੰ ਹਸਪਤਾਲ ਲਿਜਾਇਆ ਗਿਆ। ਹਿਤਕਰਨ ਜੌਹਲ ਦਾ ਅਪਰਾਧਕ ਪਿਛੋਕੜ 2018 ਤੱਕ ਜਾਂਦਾ ਸੀ ਅਤੇ ਉਸ ਵਿਰੁੱਧ ਹੁਣ ਤੱਕ ਕਤਲ ਦੀ ਸਾਜ਼ਿਸ਼ ਘੜਨ ਅਤੇ ਅਗਜ਼ਨੀ ਦੀ ਸਾਜ਼ਿਸ਼ ਘੜਨ ਵਰਗੇ ਕਈ ਗੰਭੀਰ ਦੋਸ਼ ਲੱਗੇ ਚੁੱਕੇ ਸਨ। ਵੈਨਕੂਵਰ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 604 717 2500 ’ਤੇ ਸੰਪਰਕ ਕਰੇ।
ਸਰੀ ਵਿਖੇ ਛੁਰੇਬਾਜ਼ੀ ਦੇ ਮਾਮਲੇ ਵਿਚ ਸੁਖਜੀਤ ਹਾਂਸ
ਦੂਜੇ ਪਾਸੇ ਸਰੀ ਦੇ ਵ੍ਹਾਲੀ ਇਲਾਕੇ ਵਿਚ ਵੀਰਵਾਰ ਨੂੰ ਹੋਈ ਛੁਰੇਬਾਜ਼ੀ ਦੇ ਮਾਮਲੇ ਵਿਚ ਪੁਲਿਸ ਵੱਲੋਂ 44 ਸਾਲ ਦੇ ਸੁਖਜੀਤ ਹਾਂਸ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਰੀ ਆਰ.ਸੀ.ਐਮ.ਪੀ. ਨੇ ਦੱਸਿਆ ਕਿ 22 ਅਗਸਤ ਨੂੰ ਸ਼ਾਮ ਸਵਾ ਸੱਤ ਵਜੇ ਕਿੰਗ ਜਾਰਜ ਬੁਲੇਵਾਰਡ ਦੇ 10500 ਬਲਾਕ ਵਿਚ ਹਥਿਆਰ ਨਾਲ ਹਮਲਾ ਹੋਣ ਦੀ ਇਤਲਾਹ ਮਿਲੀ। ਫਰੰਟਲਾਈਨ ਅਫਸਰ ਮੌਕੇ ’ਤੇ ਪੁੱਜੇ ਤਾਂ ਇਕ ਸ਼ਖਸ ਜ਼ਖਮੀ ਹਾਲਤ ਵਿਚ ਮਿਲਿਆ ਜਿਸ ਨੂੰ ਹਸਪਤਾਲ ਪਹੁੰਚਾਇਆ ਗਿਆ। ਮਾਮਲੇ ਦੀ ਪੜਤਾਲ ਕਰਦਿਆਂ ਸ਼ੱਕੀ ਦੀ ਪਛਾਣ ਸੁਖਜੀਤ ਹਾਂਸ ਵਜੋਂ ਕੀਤੀ ਗਈ ਜਿਸ ਨੂੰ ਕਿੰਗ ਜਾਰਜ ਬੁਲੇਵਾਰਡ ਦੇ 10700 ਬਲਾਕ ਤੋਂ ਗ੍ਰਿਫ਼ਤਾਰ ਕੀਤਾ ਗਿਆ। ਸ਼ੁੱਕਰਵਾਰ ਨੂੰ ਸ਼ੱਕੀ ਅਦਾਲਤ ਵਿਚ ਪੇਸ਼ ਕੀਤਾ ਗਿਆ ਅਤੇ ਅਗਲੀ ਸੁਣਵਾਈ ਹੋਣ ਤੱਕ ਉਹ ਪੁਲਿਸ ਹਿਰਾਸਤ ਵਿਚ ਹੀ ਰਹੇਗਾ। ਸਰੀ ਆਰ.ਸੀ.ਐਮ.ਪੀ. ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਛੁਰੇਬਾਜ਼ੀ ਦੇ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ 604 599 0502 ’ਤੇ ਸੰਪਰਕ ਕਰੇ।