ਧਾਰਮਿਕ ਥਾਵਾਂ ਨੇੜੇ ਰੋਸ ਵਿਖਾਵੇ ’ਤੇ ਪਾਬੰਦੀ ਲਾਉਂਦੇ ਬਾਇਲਾਅ ’ਚ ਚੋਰੀ ਮੋਰੀ

ਬਰੈਂਪਟਨ ਵਿਖੇ ਧਾਰਮਿਕ ਥਾਵਾਂ ਨੇੜੇ ਰੋਸ ਵਿਖਾਵੇ ਕਰਨ ’ਤੇ ਪਾਬੰਦੀ ਲਾਉਂਦਾ ਉਪ ਕਾਨੂੰਨ ਲਾਗੂ ਹੋ ਗਿਆ ਹੈ ਪਰ ਇਸ ਬਾਇਲਾਅ ਵਿਚ ਚੋਰ ਮੋਰੀ ਵੀ ਦੱਸੀ ਜਾ ਰਹੀ ਹੈ।

Update: 2024-11-21 12:37 GMT

ਬਰੈਂਪਟਨ : ਬਰੈਂਪਟਨ ਵਿਖੇ ਧਾਰਮਿਕ ਥਾਵਾਂ ਨੇੜੇ ਰੋਸ ਵਿਖਾਵੇ ਕਰਨ ’ਤੇ ਪਾਬੰਦੀ ਲਾਉਂਦਾ ਉਪ ਕਾਨੂੰਨ ਲਾਗੂ ਹੋ ਗਿਆ ਹੈ ਪਰ ਇਸ ਬਾਇਲਾਅ ਵਿਚ ਚੋਰ ਮੋਰੀ ਵੀ ਦੱਸੀ ਜਾ ਰਹੀ ਹੈ। ਸੀ.ਪੀ. 24 ਦੀ ਰਿਪੋਰਟ ਮੁਤਾਬਕ ਸ਼ਹਿਰ ਵਿਚ ਮੌਜੂਦ ਕਈ ਧਾਰਮਿਕ ਥਾਵਾਂ ਦੇ ਨਾਲ ਬੈਂਕੁਇਟ ਹਾਲ ਵੀ ਬਣੇ ਹੋਏ ਹਨ ਅਤੇ ਅਜਿਹੀ ਕੋਈ ਜਗ੍ਹਾ ਕਿਰਾਏ ’ਤੇ ਦਿਤੀ ਜਾਂਦੀ ਹੈ ਤਾਂ ਇਸ ਦੇ ਨੇੜੇ ਸ਼ਾਂਤਮਈ ਰੋਸ ਵਿਖਾਵਾ ਕਰਨ ਦਾ ਲੋਕਾਂ ਨੂੰ ਹੱਕ ਹੋਵੇਗਾ। ਮੇਅਰ ਪੈਟ੍ਰਿਕ ਬ੍ਰਾਊਨ ਵੱਲੋਂ ਵੀ ਇਸ ਗੱਲ ਦੀ ਤਸਦੀਕ ਕਰ ਦਿਤੀ ਗਈ ਹੈ ਕਿ ਤੀਜੀ ਧਿਰ ਨੂੰ ਕਿਰਾਏ ’ਤੇ ਦਿਤੀ ਥਾਂ ਨਵੇਂ ਬਾਇਲਾਅ ਦੇ ਘੇਰੇ ਵਿਚ ਨਹੀਂ ਆਉਂਦੀ।

ਪੀਲ ਪੁਲਿਸ ਨੂੰ ਸੁਰੱਖਿਆ ਪ੍ਰਬੰਧਾਂ ’ਤੇ ਖਰਚ ਕਰਨੇ ਪਏ 4 ਲੱਖ ਡਾਲਰ

ਦੂਜੇ ਪਾਸੇ ਨਵਾਂ ਬਾਇਲਾਅ ਤੋੜਨ ਵਾਲਿਆਂ ਨੂੰ 500 ਡਾਲਰ ਤੋਂ ਇਕ ਲੱਖ ਡਾਲਰ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ ਪਰ ਬਰੈਂਪਟਨ ਅਤੇ ਮਿਸੀਸਾਗਾ ਦੀ ਬਜਾਏ ਹੁਣ ਓਕਵਿਲ ਅਤੇ ਸਕਾਰਬ੍ਰੋਅ ਵਿਖੇ ਰੋਸ ਵਿਖਾਵਿਆਂ ਦਾ ਐਲਾਨ ਕਰ ਦਿਤਾ ਗਿਆ ਹੈ। ਸੂਤਰਾਂ ਨੇ ਦੱਸਿਆ ਕਿ ਓਕਵਿਲ ਦੇ ਵੈਸ਼ਨੋ ਦੇਵੀ ਮੰਦਰ ਦੇ ਬਾਹਰ 23 ਨਵੰਬਰ ਨੂੰ ਮੁਜ਼ਾਹਰਾ ਹੋ ਸਕਦਾ ਹੈ ਜਦਕਿ ਸਕਾਰਬ੍ਰੋਅ ਦੇ ਲਕਸ਼ਮੀ ਨਾਰਾਇਣ ਮੰਦਰ ਦੇ ਬਾਹਰ 30 ਨਵੰਬਰ ਨੂੰ ਮੁਜ਼ਾਹਰਾ ਕੀਤੇ ਜਾਣ ਦੀ ਯੋਜਨਾ ਬਾਰੇ ਪਤਾ ਲੱਗਾ ਹੈ। ਇਥੇ ਦਸਣਾ ਬਣਦਾ ਹੈ ਕਿ ਨਵੰਬਰ ਦੇ ਸ਼ੁਰੂ ਵਿਚ ਵਾਪਰੇ ਘਟਨਾਕ੍ਰਮ ਦੌਰਾਨ ਜਿਥੇ ਕਈ ਜਣਿਆਂ ਵਿਰੁੱਧ ਦੋਸ਼ ਆਇਦ ਕੀਤੇ ਗਏ, ਉਥੇ ਹੀ ਪੀਲ ਰੀਜਨਲ ਪੁਲਿਸ ਨੂੰ ਭਾਰੀ ਭਰਕਮ ਖਰਚਾ ਵੀ ਬਰਦਾਸ਼ਤ ਕਰਨਾ ਪਿਆ। ਧਾਰਮਿਕ ਥਾਵਾਂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ’ਤੇ ਹੁਣ ਤੱਕ 4 ਲੱਖ ਡਾਲਰ ਦਾ ਖਰਚਾ ਆਇਆ ਦੱਸਿਆ ਜਾ ਰਿਹਾ ਹੈ। ਇਸੇ ਦੌਰਾਨ ਕੌਂਸਲਰ ਗੁਰਪ੍ਰਤਾਪ ਸਿੰਘ ਤੂਰ ਨੇ ਕਿਹਾ ਕਿ ਭਾਵੇਂ ਮਾਮਲਾ ਠੰਢਾ ਪੈਂਦਾ ਮਹਿਸੂਸ ਹੋ ਰਿਹਾ ਹੈ ਅਤੇ ਕੋਈ ਰੋਸ ਵਿਖਾਵਾ ਹੋਣ ਦੇ ਆਸਾਰ ਨਹੀਂ ਪਰ ਮੁਕੰਮਲ ਤੌਰ ’ਤੇ ਚਿੰਤਾ ਮੁਕਤ ਹੋਣਾ ਸੰਭਵ ਨਹੀਂ। 

Tags:    

Similar News