ਕੈਨੇਡਾ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦਾ ਮਸਲਾ ਹੋਰ ਭਖਿਆ

ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭੀੜ ਦਾ ਮਸਲਾ ਐਨਾ ਭੁਖ ਚੁੱਕਾ ਹੈ ਕਿ ਇੰਮੀਗ੍ਰੇਸ਼ਨ ਮੰਤਰੀ ਦੀ ਥਾਂ ਕੈਨੇਡਾ ਦੇ ਹਾਊਸਿੰਗ ਮੰਤਰੀ ਨੂੰ ਬਿਆਨ ਦੇਣਾ ਪਿਆ ਕਿ ਜਲਦ ਹੀ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਈ ਜਾ ਰਹੀ ਹੈ।

Update: 2024-08-26 12:43 GMT

ਹੈਲੀਫੈਕਸ : ਆਰਜ਼ੀ ਵਿਦੇਸ਼ੀ ਕਾਮਿਆਂ ਦੀ ਭੀੜ ਦਾ ਮਸਲਾ ਐਨਾ ਭੁਖ ਚੁੱਕਾ ਹੈ ਕਿ ਇੰਮੀਗ੍ਰੇਸ਼ਨ ਮੰਤਰੀ ਦੀ ਥਾਂ ਕੈਨੇਡਾ ਦੇ ਹਾਊਸਿੰਗ ਮੰਤਰੀ ਨੂੰ ਬਿਆਨ ਦੇਣਾ ਪਿਆ ਕਿ ਜਲਦ ਹੀ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਗਿਣਤੀ ਘਟਾਈ ਜਾ ਰਹੀ ਹੈ। ਇੰਮੀਗ੍ਰੇਸ਼ਨ ਮੰਤਰੀ ਰਹਿ ਚੁੱਕੇ ਸ਼ੌਨ ਫਰੇਜ਼ਰ ਨੇ ਆਪਣੇ ਪੁਰਾਣੇ ਫੈਸਲੇ ਨੂੰ ਦਰੁਸਤ ਠਹਿਰਾਇਆ ਜਿਸ ਤਹਿਤ ਆਰਜ਼ੀ ਵਿਦੇਸ਼ੀ ਕਾਮਿਆਂ ਲਈ ਕੈਨੇਡਾ ਦੇ ਦਰਵਾਜ਼ੇ ਖੋਲ੍ਹ ਦਿਤੇ ਗਏ। ਹੈਲੀਫੈਕਸ ਵਿਖੇ ਲਿਬਰਲ ਕੈਬਨਿਟ ਰਿਟ੍ਰੀਟ ਆਰੰਭ ਹੋਣ ਤੋਂ ਪਹਿਲਾਂ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸ਼ੌਨ ਫਰੇਜ਼ਰ ਨੇ ਦਲੀਲ ਦਿਤੀ ਕਿ ਮਹਾਂਮਾਰੀ ਮਗਰੋਂ ਕਿਰਤੀਆਂ ਦੀ ਭਾਰੀ ਕਿੱਲਤ ਪੈਦਾ ਹੋ ਗਈ ਅਤੇ ਅਜਿਹੇ ਵਿਚ ਆਰਜ਼ੀ ਵਿਦੇਸ਼ੀ ਕਾਮਿਆਂ ਦੀ ਆਮਦ ਵਿਚ ਵਾਧਾ ਕੀਤਾ ਗਿਆ।

ਇੰਮੀਗ੍ਰੇਸ਼ਨ ਮੰਤਰੀ ਦੀ ਥਾਂ ਹਾਊਸਿੰਗ ਮੰਤਰੀ ਨੂੰ ਦੇਣਾ ਪਿਆ ਬਿਆਨ

ਸ਼ੌਨ ਫਰੇਜ਼ਰ ਨੇ ਮੰਨਿਆ ਕਿ ਹੁਣ ਹਾਲਾਤ ਬਦਲ ਚੁੱਕੇ ਹਨ ਅਤੇ ਵਿਦੇਸ਼ੀ ਕਾਮਿਆਂ ਵਾਲੀ ਨੀਤੀ ਵੀ ਬਦਲ ਜਾਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਨੇੜ ਭਵਿੱਖ ਵਿਚ ਕੈਨੇਡੀਅਨ ਕਿਰਤੀਆਂ ਨੂੰ ਤਰਜੀਹ ਦਿੰਦੀ ਯੋਜਨਾ ਲਿਆਂਦੀ ਜਾ ਰਹੀ ਹੈ ਅਤੇ ਵਿਦੇਸ਼ੀ ਕਾਮਿਆਂ ’ਤੇ ਨਿਰਭਰਤਾ ਘਟਾਈ ਜਾਵੇਗੀ ਪਰ ਸ਼ੌਨ ਫਰੇਜ਼ਰ ਨੇ ਗਿਣਤੀ ਦੱਸਣ ਤੋਂ ਨਾਂਹ ਕਰ ਦਿਤੀ ਕਿ ਆਖਰਕਾਰ ਕਿੰਨੇ ਵਿਦੇਸ਼ੀ ਕਾਮਿਆਂ ਨੂੰ ਵਰਕ ਪਰਮਿਟ ਮਿਲ ਸਕੇਗਾ। ਟੈਂਪਰੇਰੀ ਫੌਰਨ ਵਰਕਰਜ਼ ਪ੍ਰੋਗਰਾਮ ਦੇ ਇਤਿਹਾਸ ਦਾ ਜ਼ਿਕਰ ਕਰਦਿਆਂ ਸ਼ੌਨ ਫਰੇਜ਼ਰ ਨੇ ਕਿਹਾ ਕਿ ਇੰਪਲੌਇਰਜ਼ ਆਪਣੀ ਜ਼ਰੂਰਤ ਮੁਤਾਬਕ ਇਸ ਦੀ ਵਰਤੋਂ ਕਰਦੇ ਆਏ ਹਨ ਅਤੇ ਕਿਸੇ ਵੀ ਖੇਤਰ ’ਤੇ ਭਾਰੀ ਬੰਦਿਸ਼ ਲਾਗੂ ਨਹੀਂ ਕੀਤੀ ਗਈ ਪਰ ਹੁਣ ਬੰਦਿਸ਼ਾਂ ਲਾਗੂ ਕਰਨ ਦਾ ਵੇਲਾ ਆ ਗਿਆ ਹੈ ਕਿਉਂਕਿ ਕੁਝ ਇੰਪਲੌਇਰਜ਼ ਇਸ ਇੰਮੀਗ੍ਰੇਸ਼ਨ ਯੋਜਨਾ ਦੀ ਦੁਰਵਰਤੋਂ ਕਰ ਰਹੇ ਹਨ। ਹਾਊਸਿੰਗ ਮੰਤਰੀ ਨੇ ਦਾਅਵਾ ਕੀਤਾ ਕਿ 2024 ਲਈ ਤੈਅ ਕੀਤਾ 4 ਲੱਖ 85 ਹਜ਼ਾਰ ਪ੍ਰਵਾਸੀਆਂ ਦਾ ਟੀਚਾ ਕੋਈ ਬਹੁਤਾ ਨਹੀਂ ਅਤੇ ਐਨੇ ਲੋਕਾਂ ਨੂੰ ਆਸਾਨੀ ਨਾਲ ਜਜ਼ਬ ਕੀਤਾ ਜਾ ਸਕਦਾ ਹੈ ਪਰ ਕੌਮਾਂਤਰੀ ਵਿਦਿਆਰਥੀਆਂ ਅਤੇ ਵਿਜ਼ਟਰ ਵੀਜ਼ਾ ’ਤੇ ਆਉਣ ਵਾਲਿਆਂ ਦੀ ਗਿਣਤੀ ਬਹੁਤ ਜ਼ਿਆਦਾ ਵਧਣ ਕਰ ਕੇ ਰਿਹਾਇਸ਼ ਦੀ ਕਿੱਲਤ ਪੈਦਾ ਹੋ ਰਹੀ ਹੈ।

ਸ਼ੌਨ ਫਰੇਜ਼ਰ ਨੇ ਗਿਣਤੀ ਵਧਾਉਣ ਬਾਰੇ ਆਪਣਾ ਪੁਰਾਣਾ ਫੈਸਲਾ ਦਰੁਸਤ ਠਹਿਰਾਇਆ

ਇਥੇ ਦਸਣਾ ਬਣਦਾ ਹੈ ਕਿ ਪਿਛਲੇ ਸਮੇਂ ਦੌਰਾਨ ਫੈਡਰਲ ਸਰਕਾਰ ਵੱਲੋਂ ਫੂਡ ਸਰਵਿਸਿਜ਼ ਅਤੇ ਅਕੌਮੋਡੇਸ਼ਨ ਇੰਡਸਟਰੀ ਵਿਚ ਵਿਦੇਸ਼ੀ ਕਾਮੇ ਭਰਤੀ ਕਰਨ ਦੀ ਹੱਦ ਵਧਾ ਕੇ 30 ਫੀ ਸਦੀ ਕਰ ਦਿਤੀ ਗਈ ਜਦਕਿ ਪਹਿਲਾਂ ਸਿਰਫ 10 ਫੀ ਸਦੀ ਹੀ ਭਰਤੀ ਕੀਤੇ ਜਾ ਸਕਦੇ ਸਨ। ਕੁਝ ਖੇਤਰਾਂ ਵਿਚ ਹੁਣ ਵੀ ਆਰਜ਼ੀ ਵਿਦੇਸ਼ੀ ਕਾਮੇ ਭਰਤੀ ਕਰਨ ਦੀ ਹੱਦ 20 ਫੀ ਸਦੀ ਚੱਲ ਰਹੀ ਹੈ। ਖੁੱਲ੍ਹ ਮਿਲਣ ਮਗਰੋਂ ਟਿਮ ਹੌਰਟਨਜ਼ ਵਰਗੀਆਂ ਫੂਡ ਚੇਨਜ਼ ਅਤੇ ਕਨਵੀਨੀਐਂਸ ਸਟੋਰਾਂ ਨੇ ਵਿਦੇਸ਼ਾਂ ਤੋਂ ਸਸਤੀ ਲੇਬਰ ਦਾ ਪ੍ਰਬੰਧ ਕਰਨਾ ਸ਼ੁਰੂ ਕਰ ਦਿਤਾ ਜਦਕਿ ਕੈਨੇਡਾ ਵਿਚ ਬੇਰੁਜ਼ਗਾਰ ਅਸਮਾਨ ਛੋਹਣ ਲੱਗੀ। ਬੈਂਕ ਆਫ ਕੈਨੇਡਾ ਦੀ ਤਾਜ਼ਾ ਰਿਪੋਰਟ ਕਹਿੰਦੀ ਹੈ ਕਿ ਮੁਲਕ ਵਿਚ ਨਵੇਂ ਆਉਣ ਵਾਲੇ ਪ੍ਰਵਾਸੀਆਂ ਵਿਚ ਬੇਰੁਜ਼ਗਾਰੀ ਦੀ ਦਰ 11.6 ਫੀ ਸਦੀ ਚੱਲ ਰਹੀ ਹੈ। ਜੂਨ ਵਿਚ ਔਸਤ ਬੇਰੁਜ਼ਗਾਰੀ ਦਰ ਵਧ ਕੇ 6.4 ਫੀ ਸਦੀ ’ਤੇ ਪੁੱਜ ਗਈ ਅਤੇ ਕੰਮ ਮਿਲਣ ਦੇ ਹਾਲਾਤ ਬਦਤਰ ਹੋਣ ਲੱਗੇ। ਦੱਸ ਦੇਈਏ ਕਿ ਅੱਜ ਤੋਂ ਸ਼ੁਰੂ ਹੋਣ ਵਾਲੀ ਲਿਬਰਲ ਕੈਬਨਿਟ ਰਿਟ੍ਰੀਟ ਵਿਚ ਇੰਮੀਗ੍ਰੇਸ਼ਨ ਦੇ ਮਸਲੇ ’ਤੇ ਵੀ ਗੰਭੀਰਤਾ ਨਾਲ ਵਿਚਾਰ ਵਟਾਂਦਰਾ ਕੀਤਾ ਜਾਵੇਗਾ।

Tags:    

Similar News