ਕੈਨੇਡਾ ਵਿਚ ਅਰਸ਼ ਡੱਲਾ ਦੇ ਮੁਕੱਦਮੇ ਦੀ ਜਾਣਕਾਰੀ ਨਹੀਂ ਹੋਵੇਗੀ ਜਨਤਕ
ਕੈਨੇਡਾ ਦੀ ਇਕ ਅਦਾਲਤ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ਉਸ ਦੇ ਸਾਥੀ ਗੁਰਜੰਟ ਸਿੰਘ ਉਰਫ਼ ਜੰਟਾ ਦੇ ਮੁਕੱਦਮੇ ਦੀ ਸੁਣਵਾਈ ਬਾਰੇ ਮੀਡੀਆ ਕਵਰੇਜ ’ਤੇ ਰੋਕ ਲਾ ਦਿਤੀ ਹੈ।
ਟੋਰਾਂਟੋ : ਕੈਨੇਡਾ ਦੀ ਇਕ ਅਦਾਲਤ ਨੇ ਗੈਂਗਸਟਰ ਅਰਸ਼ਦੀਪ ਸਿੰਘ ਗਿੱਲ ਉਰਫ਼ ਅਰਸ਼ ਡੱਲਾ ਅਤੇ ਉਸ ਦੇ ਸਾਥੀ ਗੁਰਜੰਟ ਸਿੰਘ ਉਰਫ਼ ਜੰਟਾ ਦੇ ਮੁਕੱਦਮੇ ਦੀ ਸੁਣਵਾਈ ਬਾਰੇ ਮੀਡੀਆ ਕਵਰੇਜ ’ਤੇ ਰੋਕ ਲਾ ਦਿਤੀ ਹੈ। ਟਰੂਡੋ ਸਰਕਾਰ ਨੇ ਅਦਾਲਤ ਵਿਚ ਅਰਜ਼ੀ ਦਾਇਰ ਕਰਦਿਆਂ ਮੀਡੀਆ ਕਵਰੇਜ ’ਤੇ ਰੋਕ ਲਾਉਣ ਦੀ ਗੁਜ਼ਾਰਿਸ਼ ਕੀਤੀ ਸੀ। ਦੂਜੇ ਪਾਸੇ ਭਾਰਤ ਸਰਕਾਰ ਵੱਲੋਂ ਅਰਸ਼ ਡੱਲਾ ਨੂੰ ਵਾਪਸ ਲਿਆਉਣ ਦੇ ਯਤਨ ਤੇਜ਼ ਕਰ ਦਿਤੇ ਗਏ ਹਨ। ਮੀਡੀਆ ਰਿਪੋਰਟਾਂ ਮੁਤਾਬਕ ਕੈਨੇਡਾ ਸਰਕਾਰ ਦੇ ਵਕੀਲ ਵੱਲੋਂ ਅਦਾਲਤ ਨੂੰ ਅਪੀਲ ਕੀਤੀ ਗਈ ਸੀ ਕਿ ਮੁਕੱਦਮੇ ਨਾਲ ਸਬੰਧਤ ਕੋਈ ਜਾਣਕਾਰੀ ਮੀਡੀਆ ਵਿਚ ਪ੍ਰਕਾਸ਼ਤ ਜਾਂ ਪ੍ਰਸਾਰਤ ਨਾ ਕੀਤੀ ਜਾਵੇ। ਉਨਟਾਰੀਓ ਦੀ ਅਦਾਲਤ ਨੇ ਅਰਜ਼ੀ ਪ੍ਰਵਾਨ ਕਰ ਲਈ ਅਤੇ ਹੁਣ ਇਹ ਪਾਬੰਦੀ ਮੁਕੱਦਮਾ ਖਤਮ ਹੋਣ ਤੱਕ ਜਾਰੀ ਰਹੇਗੀ। ਅਰਸ਼ ਡੱਲਾ ਨੂੰ ਹਾਲਟਨ ਰੀਜਨ ਦੀ ਪੁਲਿਸ ਵੱਲੋਂ ਮਿਲਟਨ ਸ਼ਹਿਰ ਵਿਖੇ ਗੋਲੀਬਾਰੀ ਦੀ ਵਾਰਦਾਤ ਮਗਰੋਂ ਕਾਬੂ ਕੀਤਾ ਗਿਆ। ਇਹ ਗ੍ਰਿਫ਼ਤਾਰੀ 28 ਅਕਤੂਬਰ ਨੂੰ ਹੋਈ ਪਰ ਅਰਸ਼ ਡੱਲਾ ਦੇ ਕਥਿਤ ਤੌਰ ’ਤੇ ਗੋਲੀ ਲੱਗਣ ਕਾਰਨ ਉਸ ਦੀ ਅਦਾਲਤ ਵਿਚ ਪੇਸ਼ੀ ਬੀਤੇ ਬੁੱਧਵਾਰ ਨੂੰ ਸੰਭਵ ਹੋ ਸਕੀ। ਫਿਲਹਾਲ ਅਰਸ਼ ਡੱਲਾ ਨੂੰ ਜ਼ਮਾਨਤ ਨਹੀਂ ਮਿਲ ਸਕੀ ਅਤੇ ਉਹ ਪੁਲਿਸ ਦੀ ਹਿਰਾਸਤ ਵਿਚ ਦੱਸਿਆ ਜਾ ਰਿਹਾ ਹੈ।
ਉਨਟਾਰੀਓ ਦੀ ਅਦਾਲਤ ਨੇ ਮੀਡੀਆ ਕਵਰੇਜ ’ਤੇ ਲਾਈ ਰੋਕ
ਕੁਝ ਮੀਡੀਆ ਰਿਪੋਰਟਾਂ ਵਿਚ ਦਾਅਵਾ ਕੀਤਾ ਗਿਆ ਕਿ ਅਰਸ਼ ਡੱਲਾ ’ਤੇ ਹੋਏ ਹਮਲੇ ਪਿੱਛੇ ਲਾਰੈਂਸ ਬਿਸ਼ਨੋਈ ਗਿਰੋਹ ਦਾ ਹੱਥ ਰਿਹਾ ਪਰ ਇਸ ਦੇ ਨਾਲ ਹੀ ਇਹ ਗੱਲ ਵੀ ਉਭਰ ਕੇ ਸਾਹਮਣੇ ਆਈ ਕਿ ਅਰਸ਼ ਡੱਲਾ ਦੇ ਕਿਸੇ ਸਾਥੀ ਨੇ ਹੀ ਉਸ ’ਤੇ ਗੋਲੀ ਚਲਾਈ ਜੋ ਉਸ ਦੀ ਬਾਂਹ ਵਿਚ ਵੱਜੀ। ਅਰਸ਼ ਡੱਲਾ ਵਿਰੁੱਧ ਭਾਰਤ ਵਿਚ 50 ਤੋਂ ਵੱਧ ਮਾਮਲੇ ਦਰਜ ਹਨ ਜਿਨ੍ਹਾਂ ਵਿਚ ਕਤਲ, ਇਰਾਦਾ ਕਤਲ, ਜਬਰੀ ਵਸੂਲੀ, ਅਤਿਵਾਦੀ ਸਰਗਰਮੀਆਂ ਅਤੇ ਟੈਰਰ ਫੰਡਿੰਗ ਸ਼ਾਮਲ ਹਨ। ਮਈ 2022 ਵਿਚ ਭਾਰਤ ਸਰਕਾਰ ਨੇ ਅਰਸ਼ ਡੱਲਾ ਵਿਰੁੱਧ ਰੈਡ ਕਾਰਨਰ ਨੋਟਿਸ ਜਾਰੀ ਕੀਤਾ ਅਤੇ 2023 ਵਿਚ ਕੈਨੇਡਾ ਸਰਕਾਰ ਨੂੰ ਡੱਲਾ ਦੀ ਗ੍ਰਿਫ਼ਤਾਰੀ ਵਾਸਤੇ ਗੁਜ਼ਾਰਿਸ਼ ਕੀਤੀ ਗਈ। ਭਾਰਤ ਸਰਕਾਰ ਵੱਲੋਂ ਡੱਲਾ ਦੇ ਸੰਭਾਵਤ ਪਤੇ-ਟਿਕਾਣੇ, ਲੈਣ-ਦੇਣ ਅਤੇ ਮੋਬਾਈਲ ਨੰਬਰਾਂ ਬਾਰੇ ਕੈਨੇਡਾ ਸਰਕਾਰ ਨਾਲ ਜਾਣਕਾਰੀ ਸਾਂਝੀ ਕੀਤੀ ਗਈ ਪਰ ਕੈਨੇਡਾ ਸਰਕਾਰ ਵੱਲੋਂ ਕਥਿਤ ਤੌਰ ’ਤੇ ਗੁਜ਼ਾਰਿਸ਼ ਨੂੰ ਤਵੱਜੋ ਨਹੀਂ ਦਿਤੀ ਗਈ। ਦਸੰਬਰ 2023 ਵਿਚ ਕੈਨੇਡਾ ਦੇ ਨਿਆਂ ਵਿਭਾਗ ਵੱਲੋਂ ਅਰਸ਼ ਡੱਲਾ ਬਾਰੇ ਵਧੇਰੇ ਜਾਣਕਾਰੀ ਮੰਗੀ ਗਈ ਅਤੇ ਮੌਜੂਦਾ ਵਰ੍ਹੇ ਦੇ ਮਾਰਚ ਮਹੀਨੇ ਦੌਰਾਨ ਭਾਰਤ ਸਰਕਾਰ ਨੇ ਇਹ ਜਾਣਕਾਰੀ ਮੁਹੱਈਆ ਕਰਵਾਈ। ਇਸੇ ਦੌਰਾਨ ਭਾਰਤ ਦੇ ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਕਿਹਾ ਕਿ ਅਰਸ਼ ਡੱਲਾ ਦੀ ਹਵਾਲਗੀ ਬਾਰੇ ਮੁੜ ਤੋਂ ਯਤਨ ਤੇਜ਼ ਕੀਤੇ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਭਾਰਤੀ ਏਜੰਸੀਆਂ ਕੈਨੇਡਾ ਵਿਚ ਉਸ ਦੀ ਗ੍ਰਿਫ਼ਤਾਰੀ ਦੇ ਮੱਦੇਨਜ਼ਰ ਹਵਾਲਗੀ ਨਾਲ ਸਬੰਧਤ ਲੋੜੀਂਦੀ ਕਾਰਵਾਈ ਕਰਨਗੀਆਂ। ਇਥੇ ਦਸਣਾ ਬਣਦਾ ਹੈ ਕਿ ਅਰਸ਼ ਡੱਲਾ 2018 ਵਿਚ ਕੈਨੇਡਾ ਪੁੱਜਾ ਅਤੇ ‘ਦਾ ਗਲੋਬ ਐਂਡ ਮੇਲ’ ਦੀ ਰਿਪੋਰਟ ਮੁਤਾਬਕ ਉਹ ਸਰੀ ਵਿਖੇ ਪਲੰਬਰ ਦਾ ਕੰਮ ਕਰਦਾ ਸੀ। ਚਰਚਾ ਵਿਚ ਆਉਣ ਮਗਰੋਂ ਉਸ ਨੇ ਜਨਤਕ ਤੌਰ ’ਤੇ ਵਿਚਰਨਾ ਬੰਦ ਕਰ ਦਿਤਾ ਪਰ ਕਦੇ ਕਦਾਈਂ ਭਾਰਤੀ ਮੀਡੀਆ ਨਾਲ ਗੱਲਬਾਤ ਕਰਨ ਲਈ ਸਾਹਮਣੇ ਜ਼ਰੂਰ ਆਉਂਦਾ। ਮੀਡੀਆ ਨਾਲ ਇੰਟਰਵਿਊ ਦੌਰਾਨ ਉਹ ਅਕਸਰ ਵੱਖ ਵੱਖ ਗਿਰੋਹਾਂ ਨਾਲ ਦੁਸ਼ਮਣੀ ਦੀਆਂ ਗੱਲਾਂ ਕਰਦਾ।