Canada ’ਚ ਜਿਊਂਦੀ ਸੜੀ Gursimran ਕੌਰ ਦਾ ਮਾਮਲਾ ਹੁਣ ਵੀ ਬੁਝਾਰਤ
ਕੈਨੇਡਾ ਦੀ ਬੇਕਰੀ ਵਿਚ ਜਿਊਂਦੀ ਸੜੀ 19 ਸਾਲਾ ਗੁਰਸਿਮਰਨ ਕੌਰ ਨਾਲ ਸਬੰਧਤ ਅੰਤਮ ਰਿਪੋਰਟ ਡੂੰਘੇ ਸਵਾਲ ਪੈਦਾ ਕਰ ਰਹੀ ਹੈ
ਹੈਲੀਫ਼ੈਕਸ : ਕੈਨੇਡਾ ਦੀ ਬੇਕਰੀ ਵਿਚ ਜਿਊਂਦੀ ਸੜੀ 19 ਸਾਲਾ ਗੁਰਸਿਮਰਨ ਕੌਰ ਨਾਲ ਸਬੰਧਤ ਅੰਤਮ ਰਿਪੋਰਟ ਡੂੰਘੇ ਸਵਾਲ ਪੈਦਾ ਕਰ ਰਹੀ ਹੈ। ਜੀ ਹਾਂ, ਨੋਵਾ ਸਕੋਸ਼ੀਆ ਦੇ ਕਿਰਤ ਵਿਭਾਗ ਨੇ ਦਾਅਵਾ ਕੀਤਾ ਹੈ ਕਿ ਹੈਲੀਫ਼ੈਕਸ ਦੇ ਵਾਲਮਾਰਟ ਸਟੋਰ ਵਿਖੇ 19 ਅਕਤੂਬਰ 2024 ਨੂੰ ਵਾਪਰੀ ਦੁਖਦ ਘਟਨਾ ਦੌਰਾਨ ਕੋਈ ਸੁਰੱਖਿਆ ਉਲੰਘਣਾ ਸਾਹਮਣੇ ਨਹੀਂ ਆਈ। ਜਾਂਚ ਰਿਪੋਰਟ ਵਿਚ ਇਸ ਗੱਲ ਦਾ ਕੋਈ ਜ਼ਿਕਰ ਨਹੀਂ ਮਿਲਦਾ ਕਿ ਗੁਰਸਿਮਰਨ ਕੌਰ ਨੇ ਖੁਦਕੁਸ਼ੀ ਕੀਤੀ ਪਰ ਅਜਿਹਾ ਕੋਈ ਕਾਰਨ ਵੀ ਨਹੀਂ ਗਿਣਾਇਆ ਗਿਆ ਜਿਸ ਕਰ ਕੇ ਗੁਰਸਿਮਰਨ ਕੌਰ ਅਵਨ ਵਿਚੋਂ ਬਾਹਰ ਨਿਕਲਣ ਵਿਚ ਅਸਫ਼ਲ ਰਹੀ। ਕਿਰਤ ਵਿਭਾਗ ਨੇ ਕਿਹਾ ਕਿ ਬੇਕਰੀ ਦੀ ਭੱਠੀ ਸਹੀ ਤਰੀਕੇ ਨਾਲ ਕੰਮ ਕਰ ਰਹੀ ਸੀ ਜਿਸ ਦਾ ਆਕਾਰ ਐਨਾ ਵੱਡਾ ਹੈ ਕਿ ਇਨਸਾਨ ਅੰਦਰ ਦਾਖਲ ਹੋ ਸਕੇ। ਉਧਰ ਮੈਰੀਟਾਈਮ ਸਿੱਖ ਸੋਸਾਇਟੀ ਦੇ ਸਕੱਤਰ ਅਤੇ ਗੁਰਸਿਮਰਨ ਕੌਰ ਦੇ ਪਰਵਾਰ ਵੱਲੋਂ ਬੁਲਾਰੇ ਬਲਬੀਰ ਸਿੰਘ ਦਾ ਕਹਿਣਾ ਸੀ ਕਿ ਸੂਬਾ ਸਰਕਾਰ ਵੱਲੋਂ ਮਾਮਲੇ ਦੀ ਪੜਤਾਲ ਬੰਦ ਨਹੀਂ ਕੀਤੀ ਗਈ। ਉਹ ਜਾਣਨਾ ਚਾਹੁੰਦੇ ਹਨ ਕਿ ਆਖਰਕਾਰ ਗੁਰਸਿਮਰਨ ਕੌਰ ਨਾਲ ਕੀ ਵਾਪਰਿਆ।
ਵਾਲਮਾਰਟ ਦੀ ਭੱਠੀ ਵਿਚ ਸੁਰੱਖਿਆ ਨਿਯਮਾਂ ਦੀ ਉਲੰਘਣਾ ਨਹੀਂ
ਦਿਲ ਦਹਿਲਾਉਣ ਵਾਲੀ ਘਟਨਾ ਤੋਂ 16 ਮਹੀਨੇ ਬਾਅਦ ਵੀ ਪਰਵਾਰ ਡੂੰਘੇ ਸਦਮੇ ਵਿਚ ਹੈ ਅਤੇ ਸਵਾਲਾਂ ਦੇ ਜਵਾਬ ਤਲਾਸ਼ ਕੀਤੇ ਜਾ ਰਹੇ ਹਨ। ਦੱਸ ਦੇਈਏ ਕਿ ਹੈਲੀਫ਼ੈਕਸ ਰੀਜਨਲ ਪੁਲਿਸ ਵੱਲੋਂ ਵੀ ਗੁਰਸਿਮਰਨ ਕੌਰ ਦੀ ਮੌਤ ਨਾਲ ਸਬੰਧਤ ਪੜਤਾਲ ਕੀਤੀ ਗਈ ਅਤੇ ਪੁਲਿਸ ਨੂੰ ਕੁਝ ਵੀ ਸ਼ੱਕੀ ਮਹਿਸੂਸ ਨਾ ਹੋਇਆ। ਵਾਲਮਾਰਟ ਵੱਲੋਂ ਜਾਰੀ ਬਿਆਨ ਮੁਤਾਬਕ ਹੈਲੀਫ਼ੈਕਸ ਦੇ ਸਟੋਰ ਸਣੇ ਪੂਰੇ ਕੈਨੇਡਾ ਵਿਚ ਵਾਲਮਾਰਟ ਸਟੋਰਾਂ ਦੇ ਬੇਕਰੀ ਏਰੀਆ ਨੂੰ ਮੂਹਰਲੇ ਹਿੱਸੇ ਵਿਚ ਲਿਆਂਦਾ ਗਿਆ ਹੈ ਅਤੇ ਅਵਨ ਵੀ ਨਵੇਂ ਕਿਸਮ ਦੇ ਵਰਤੇ ਜਾ ਰਹੇ ਹਨ। ਪੰਜਾਬ ਦੇ ਜਲੰਧਰ ਸ਼ਹਿਰ ਨਾਲ ਸਬੰਧਤ ਗੁਰਸਿਮਰਨ ਕੌਰ ਆਪਣੀ ਮਾਤਾ ਨਾਲ 2021 ਵਿਚ ਕੈਨੇਡਾ ਪੁੱਜੀ ਅਤੇ ਤਕਰੀਬਨ ਇਕ ਸਾਲ ਬਾਅਦ ਦੋਹਾਂ ਨੇ ਵਾਲਮਾਰਟ ਵਿਚ ਕੰਮ ਸ਼ੁਰੂ ਕੀਤਾ। ਨੋਵਾ ਸਕੋਸ਼ੀਆ ਦੇ ਕਿਰਤ, ਹੁਨਰ ਵਿਕਾਸ ਅਤੇ ਇੰਮੀਗ੍ਰੇਸ਼ਨ ਮਾਮਲਿਆਂ ਬਾਰੇ ਮੰਤਰੀ ਨੋਲਨ ਯੰਗ ਨੇ ਗੁਰਸਿਮਰਨ ਕੌਰ ਦੇ ਮੁੱਦੇ ’ਤੇ ਕਿਹਾ ਕਿ ਸੂਬਾ ਸਰਕਾਰ ਹੁਣ ਵੀ ਪੀੜਤ ਪਰਵਾਰ ਦੇ ਨਾਲ ਖੜ੍ਹੀ ਹੈ।
ਨੋਵਾ ਸਕੋਸ਼ੀਆ ਦੇ ਕਿਰਤ ਵਿਭਾਗ ਨੇ ਸੌਂਪੀ ਅੰਤਮ ਰਿਪੋਰਟ
ਸਾਡਾ ਫ਼ਰਜ਼ ਬਣਦਾ ਹੈ ਕਿ ਜਾਨਲੇਵਾ ਘਟਨਾ ਦੇ ਕਾਰਨ ਪਤਾ ਕਰਦਿਆਂ ਭਵਿੱਖ ਵਿਚ ਅਜਿਹੇ ਹਾਦਸੇ ਰੋਕਣ ਦੇ ਪ੍ਰਬੰਧ ਕੀਤੇ ਜਾਣ। ਗੁਰਸਿਮਰਨ ਕੌਰ ਦੀ ਬੇਵਕਤੀ ਮੌਤ ਨੇ ਪੂਰੇ ਮੁਲਕ ਨੂੰ ਝੰਜੋੜ ਕੇ ਰੱਖ ਦਿਤਾ ਅਤੇ ਸ਼ਰਧਾਂਜਲੀ ਸਮਾਗਮ ਵਿਚ ਸੈਂਕੜੇ ਲੋਕ ਪੁੱਜੇ। ਸ਼ਰਧਾਂਜਲੀ ਦੇਣ ਵਾਲਿਆਂ ਵਿਚੋਂ ਵੱਡੀ ਗਿਣਤੀ ਅਜਿਹੇ ਲੋਕਾਂ ਦੀ ਰਹੀ ਜੋ ਗੁਰਸਿਮਰਨ ਕੌਰ ਜਾਂ ਉਸ ਦੀ ਮਾਤਾ ਨੂੰ ਕਦੇ ਮਿਲੇ ਵੀ ਨਹੀਂ ਪਰ ਇਨਸਾਨੀਅਤ ਦੇ ਨਾਤੇ ਦੁੱਖ ਸਾਂਝਾ ਕਰਨ ਜ਼ਰੂਰ ਪੁੱਜੇ।