ਪੰਜਾਬੀ ਗੈਂਗਸਟਰ ਦੇ ਕਤਲ ਮਾਮਲੇ ਗ੍ਰਿਫ਼ਤਾਰ ਸ਼ੱਕੀ ਨੇ ਗੁਨਾਹ ਕਬੂਲਿਆ

ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੈਨੇਡੀਅਨ ਫੌਜ ਦੇ ਸਾਬਕਾ ਮੈਂਬਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ।

Update: 2024-07-03 09:52 GMT

ਵੈਨਕੂਵਰ : ਪੰਜਾਬੀ ਗੈਂਗਸਟਰ ਜਿੰਮੀ ਸੰਧੂ ਦੇ ਕਤਲ ਮਾਮਲੇ ਵਿਚ ਗ੍ਰਿਫ਼ਤਾਰ ਕੈਨੇਡੀਅਨ ਫੌਜ ਦੇ ਸਾਬਕਾ ਮੈਂਬਰ ਨੇ ਆਪਣਾ ਗੁਨਾਹ ਕਬੂਲ ਕਰ ਲਿਆ ਹੈ। ਸਾਰਜੈਂਟ ਬਰੈਂਡਾ ਵਿਨਪੈਨੀ ਨੇ ਦੱਸਿਆ ਕਿ ਐਲਬਰਟਾ ਦੇ ਸਿਲਵਨ ਲੇਕ ਇਲਾਕੇ ਨਾਲ ਸਬੰਧਤ ਮੈਥਿਊ ਡੂਪਰੇ ਨੇ ਥਾਈਲੈਂਡ ਦੀ ਰਾਜਧਾਨੀ ਵਿਚ ਮੁਕੱਦਮਾ ਸ਼ੁਰੂ ਹੋਣ ਦੇ ਪਹਿਲੇ ਹੀ ਦਿਨ ਕਬੂਲਨਾਮਾ ਦਾਖਲ ਕਰ ਦਿਤਾ। ਬੀ.ਸੀ. ਦੇ ਐਬਟਸਫੋਰਡ ਵਿਚ ਪਰਵਰਿਸ਼ ਹਾਸਲ ਕਰਨ ਵਾਲੇ ਜਿੰਮੀ ਸੰਧੂ ਨੂੰ ਬੇਹੱਦ ਗੰਭੀਰ ਅਪਰਾਧਕ ਸਰਗਰਮੀਆਂ ਵਿਚ ਸ਼ਮੂਲੀਅਤ ਕਾਰਨ 2016 ਵਿਚ ਭਾਰਤ ਡਿਪੋਰਟ ਕਰ ਦਿਤਾ ਗਿਆ ਸੀ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਜਿੰਮੀ ਸੰਧੂ ਦੇ ਕਤਲ ਦੀ ਸਾਜ਼ਿਸ਼ ਕੈਨੇਡਾ ਦੋ ਵੌਲਫਪੈਕ ਗੈਂਗ ਵੱਲੋਂ ਘੜੀ ਗਈ। ਕਤਲਕਾਂਡ ਦੇ ਦੂਜੇ ਸ਼ੱਕੀ ਲਾਹਰਕੈਂਪ ਦੀ ਜਹਾਜ਼ ਹਾਦਸੇ ਵਿਚ ਮੌਤ ਹੋ ਚੁੱਕੀ ਹੈ ਜਦਕਿ ਤੀਜੇ ਸ਼ੱਕੀ ਵਿਰੁੱਧ ਕਦੇ ਕੋਈ ਦੋਸ਼ ਆਇਦ ਨਹੀਂ ਕੀਤਾ ਗਿਆ।

ਬੀ.ਸੀ. ਦੇ ਜਿੰਮੀ ਸੰਧੂ ਦਾ ਥਾਈਲੈਂਡ ਵਿਚ ਕੀਤਾ ਗਿਆ ਸੀ ਕਤਲ

ਡੂਪਰੇ ਨੂੰ ਮਈ 2023 ਵਿਚ ਥਾਈਲੈਂਡ ਦੇ ਹਵਾਲੇ ਕੀਤਾ ਗਿਆ ਅਤੇ ਉਸ ਨੂੰ ਸਜ਼ਾ ਏ ਮੌਤ ਨਹੀਂ ਦਿਤੀ ਜਾਵੇਗੀ। ਇਥੇ ਦਸਣਾ ਬਣਦਾ ਹੈ ਕਿ ਮੈਥਿਊ ਡੂਪਰੇ ਅਤੇ ਲਾਹਰਕੈਂਪ 18 ਦਸੰਬਰ 2021 ਨੂੰ ਫੁਕੈਟ ਇੰਟਰਨੈਸ਼ਨਲ ਏਅਰਪੋਰਟ ’ਤੇ ਪੁੱਜੇ ਸਨ ਅਤੇ 8 ਫਰਵਰੀ 2022 ਨੂੰ ਕੈਨੇਡਾ ਪਰਤ ਆਏ। ਇਸ ਤੋਂ ਕੁਝ ਹੀ ਦਿਨ ਬਾਅਦ ਦੋਹਾਂ ਦੀ ਸ਼ਨਾਖਤ ਕਤਲਕਾਂਡ ਦੇ ਸ਼ੱਕੀਆਂ ਵਜੋਂ ਕੀਤੀ ਗਈ। ਦੂਜੇ ਪਾਸੇ 32 ਸਾਲ ਦਾ ਜਿੰਮੀ ਸੰਧੂ 2016 ਤੋਂ ਲਗਾਤਾਰ ਥਾਈਲੈਂਡ ਦੇ ਗੇੜੇ ਲਾ ਰਿਹਾ ਸੀ ਅਤੇ ਭਾਰਤੀ ਪੁਲਿਸ ਵੀ ਨਸ਼ਾ ਤਸਕਰੀ ਦੇ ਮਾਮਲੇ ਵਿਚ ਉਸ ਦੀ ਭਾਲ ਕਰ ਰਹੀ ਸੀ। ਮਲੇਸ਼ੀਆ ਵਿਚ ਦਾਖਲੇ ’ਤੇ ਪਾਬੰਦੀ ਹੋਣ ਕਾਰਨ ਜਿੰਮੀ ਸੰਧੂ ਜ਼ਿਆਦਾਤਰ ਸਮਾਂ ਬੈਂਕਾਕ ਵਿਚ ਹੀ ਰਹਿੰਦਾ ਅਤੇ ਨਵੇਂ ਸਾਲ ਮੌਕੇ ਉਸ ਨੂੰ ਇਕ ਨਾਮੀ ਪੰਜ ਸਿਤਾਰਾ ਹੋਟਲ ਵਿਚ ਦੇਖਿਆ ਗਿਆ। ਜਿੰਮੀ ਸੰਧੂ ਵੱਲੋਂ ਕਿਰਾਏ ’ਤੇ ਲਏ ਮਕਾਨ ਵਿਚੋਂ ਇਕ ਕੈਨੇਡੀਅਨ ਪਾਸਪੋਰਟ ਮਿਲਿਆ ਜਿਸ ਉਪਰ ਤਸਵੀਰ ਜਿੰਮੀ ਸੰਧੂ ਦੀ ਸੀ ਪਰ ਨਾਂ ਮਨਦੀਪ ਸਿੰਘ ਲਿਖਿਆ ਹੋਇਆ ਸੀ। ਕੈਨੇਡਾ ਵਿਚ ਮੌਜੂਦ ਕਿਸੇ ਸ਼ਖਸ ਨੇ 2020 ਵਿਚ ਡਾਕ ਰਾਹੀਂ ਅਰਜ਼ੀ ਦਾਖ਼ਲ ਕੀਤੀ ਅਤੇ 28 ਜਨਵਰੀ 2021 ਨੂੰ ਪਾਸਪੋਰਟ ਜਾਰੀ ਕਰ ਦਿਤਾ ਗਿਆ।

ਦੂਜੇ ਸ਼ੱਕੀ ਦੀ ਹਵਾਈ ਹਾਦਸੇ ਵਿਚ ਹੋ ਚੁੱਕੀ ਹੈ ਮੌਤ

ਪਾਸਪੋਰਟ ਵਿਚ ਮਨਦੀਪ ਸਿੰਘ ਦਾ ਜਨਮ ਸਥਾਨ ਭਾਰਤ ਦਾ ਚੇਨਈ ਸ਼ਹਿਰ ਲਿਖਿਆ ਹੋਇਆ ਸੀ ਅਤੇ ਇਹੀ ਪਾਸਪੋਰਟ ਦਿਖਾ ਕੇ ਜਿੰਮੀ ਸੰਧੂ ਥਾਈਲੈਂਡ ਵਿਚ ਦਾਖ਼ਲ ਹੋਇਆ ਅਤੇ ਅੱਠ ਦਿਨ ਬਾਅਦ ਉਸ ਦਾ ਕਤਲ ਕਰ ਦਿਤਾ ਗਿਆ। ਜਿੰਮੀ ਸੰਧੂ ਨੇ ਕੈਨੇਡਾ ਵਿਚ ਮੌਜੂਦ ਆਪਣੇ ਸਾਥੀਆਂ ਰਾਹੀਂ ਪਾਸਪੋਰਟ ਬਣਵਾਇਆ ਜੋ ਬਾਅਦ ਵਿਚ ਕਿਸੇ ਤਰੀਕੇ ਨਾਲ ਦੱਖਣ ਪੂਰਬੀ ਏਸ਼ੀਆ ਤੱਕ ਪਹੁੰਚਾ ਦਿਤਾ ਗਿਆ। ਜਿੰਮੀ ਸੰਧੂ ਦੀ ਤਸਵੀਰ ਵਾਲਾ ਪਾਸਪੋਰਟ ਉਸ ਵੇਲੇ ਜਾਰੀ ਕੀਤਾ ਗਿਆ ਜਦੋਂ ਕੋਰੋਨਾ ਮਹਾਂਮਾਰੀ ਸਿਖਰਾਂ ’ਤੇ ਸੀ ਅਤੇ ਉਸ ਸਾਲ ਸਿਰਫ਼ 1 ਲੱਖ 28 ਹਜ਼ਾਰ ਪਾਸਪੋਰਟ ਅਰਜ਼ੀਆਂ ਪੁੱਜੀਆਂ। ਫੈਡਰਲ ਸਰਕਾਰ ਦੀ ਏਜੰਸੀ ਵੱਲੋਂ ਰਾਜਾਂ ’ਤੇ ਆਧਾਰਤ ਪਾਸਪੋਰਟ ਅੰਕੜੇ ਜਾਰੀ ਨਹੀਂ ਕੀਤੇ ਗਏ ਅਤੇ ਕਿਹਾ ਕਿ ਪਾਸਪੋਰਟ ਤਿਆਰ ਕਰਨ ਦੀ ਪ੍ਰਕਿਰਿਆ ਨੂੰ ਕੌਮੀ ਕਾਰਜ ਮੰਨਿਆ ਜਾਂਦਾ ਹੈ। ਬੀ.ਸੀ. ਦੀ ਕੰਬਾਈਂਡ ਫ਼ੋਰਸਿਜ਼ ਸਪੈਸ਼ਲ ਐਨਫੋਰਸਮੈਂਟ ਯੂਨਿਟ ਦੇ ਸੁਪਰਡੈਂਟ ਡੰਕਨ ਪਾਊਂਡ ਨੇ ਕਿਹਾ ਕਿ ਉਨ੍ਹਾਂ ਦੀ ਏਜੰਸੀ ਜਿੰਮੀ ਸੰਧੂ ਦੇ ਪਾਸਪੋਰਟ ਮਾਮਲੇ ਦੀ ਪੜਤਾਲ ਨਹੀਂ ਕਰ ਰਹੀ ਪਰ ਕਤਲ ਨਾਲ ਸਬੰਧਤ ਵੱਡੀ ਸਾਜ਼ਿਸ਼ ਦੀ ਪੜਤਾਲ ਕੀਤੀ ਗਈ।

Tags:    

Similar News