Canada ’ਚ ਪੰਜਾਬੀ ਪਰਵਾਰ ਨੇ ਘੇਰ ਲਏ ਗੈਂ/ਗਸਟਰ
ਕੈਨੇਡਾ ਵਿਚ ਆਪਣੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਨਿੱਤ ਚਲਦੀਆਂ ਗੋਲੀਆਂ ਤੋਂ ਅੱਕੇ ਪੰਜਾਬੀਆਂ ਨੇ ਆਖ਼ਰਕਾਰ ਹਥਿਆਰ ਚੁੱਕ ਲਏ
ਸਰੀ : ਕੈਨੇਡਾ ਵਿਚ ਆਪਣੇ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਨਿੱਤ ਚਲਦੀਆਂ ਗੋਲੀਆਂ ਤੋਂ ਅੱਕੇ ਪੰਜਾਬੀਆਂ ਨੇ ਆਖ਼ਰਕਾਰ ਹਥਿਆਰ ਚੁੱਕ ਲਏ ਅਤੇ ਘਰ ਨੂੰ ਨਿਸ਼ਾਨਾ ਬਣਾਉਣ ਆਏ ਸ਼ੱਕੀਆਂ ਨੂੰ ਮੈਦਾਨ ਛੱਡ ਕੇ ਫ਼ਰਾਰ ਹੋਣ ਲਈ ਮਜਬੂਰ ਕਰ ਦਿਤਾ ਪਰ ਦੂਜੇ ਪਾਸੇ ਪੁਲਿਸ ਵਾਲਿਆਂ ਨੇ ਪਿੱਠ ਥਾਪੜਨ ਦੀ ਬਜਾਏ ਪੀੜਤ ਪਰਵਾਰ ਨੂੰ ਹੀ ਘੇਰਦਿਆਂ ਪੜਤਾਲ ਆਰੰਭ ਦਿਤੀ ਹੈ। ਸਰੀ ਪੁਲਿਸ ਦੇ ਸਟਾਫ਼ ਸਾਰਜੈਂਟ Çਲੰਡਜ਼ੀ ਹੌਟਨ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੌਕੇ ਤੋਂ ਮਿਲੇ ਸਬੂਤਾਂ ਅਤੇ ਇਕੱਤਰ ਕੀਤੀ ਜਾਣਕਾਰੀ ਕਹਿੰਦੀ ਹੈ ਕਿ ਘਰ ਦੇ ਅੰਦਰ ਮੌਜੂਦ ਇਕ ਜਾਂ ਇਸ ਤੋਂ ਵੱਧ ਲੋਕਾਂ ਨੇ ਅੰਨ੍ਹੇਵਾਹ ਗੋਲੀਆਂ ਚਲਾਈਆਂ। ਪੁਲਿਸ ਨੇ ਜਬਰੀ ਵਸੂਲੀ ਦੇ ਪੀੜਤਾਂ ਨੂੰ ਸੁਚੇਤ ਕੀਤਾ ਹੈ ਕਿ ਉਹ ਮਾਮਲਾ ਆਪਣੇ ਹੱਥਾਂ ਵਿਚ ਲੈਣ ਦਾ ਯਤਨ ਨਾ ਕਰਨ। ਸਖ਼ਤ ਲਹਿਜ਼ੇ ਦੀ ਵਰਤੋਂ ਕਰਦਿਆਂ ਹੌਟਨ ਨੇ ਕਿਹਾ ਕਿ ਪੁਲਿਸ ਅਜਿਹੀਆਂ ਹਰਕਤਾਂ ਕਦੇ ਬਰਦਾਸ਼ਤ ਨਹੀਂ ਕਰੇਗੀ। ਉਨ੍ਹਾਂ ਦਲੀਲ ਦਿਤੀ ਕਿ ਜੇ ਤੁਹਾਡੇ ਕੋਲ ਹਥਿਆਰ ਮੌਜੂਦ ਹੈ ਅਤੇ ਤੁਸੀਂ ਕਮਿਊਨਿਟੀ ਵਿਚ ਅੰਨ੍ਹੇਵਾਹ ਗੋਲੀਆਂ ਚਲਾਉਂਦੇ ਹੋ ਤਾਂ ਅਸੀਂ ਸਾਰੇ ਵੱਡੇ ਖ਼ਤਰੇ ਵਿਚ ਘਿਰ ਜਾਵਾਂਗੇ।
ਮੈਦਾਨ ਛੱਡ ਕੇ ਦੌੜੇ ਗੋਲੀਬਾਰੀ ਕਰਨ ਆਏ ਸ਼ੱਕੀ
ਇਸ ਗੱਲ ਦੇ ਆਸਾਰ ਬਹੁਤ ਵਧ ਜਾਣਗੇ ਕਿ ਤੁਸੀਂ ਆਪਣੇ ਕਿਸੇ ਗੁਆਂਢੀ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਉ ਜਾਂ ਉਸ ਦਾ ਕਤਲ ਹੋ ਜਾਵੇ। ਅਜਿਹੇ ਗੰਭੀਰ ਸਿੱਟਿਆਂ ਤੋਂ ਬਚਣ ਲਈ ਸੰਜਮ ਰੱਖਣ ਦੀ ਜ਼ਰੂਰਤ ਹੈ। ਪੁਲਿਸ ਦੀ ਇਸ ਟਿੱਪਣੀ ’ਤੇ ਵੱਖੋ-ਵੱਖਰੀ ਰਾਏ ਉਭਰ ਕੇ ਸਾਹਮਣੇ ਆ ਰਹੀ ਹੈ ਅਤੇ ਭਾਈਚਾਰੇ ਦੇ ਲੋਕਾਂ ਵੱਲੋਂ ਦਬੀ ਆਵਾਜ਼ ਵਿਚ ਪੀੜਤ ਪਰਵਾਰ ਵਿਰੁੱਧ ਆਰੰਭੀ ਪੜਤਾਲ ਦਾ ਵਿਰੋਧ ਕੀਤਾ ਜਾ ਰਿਹਾ ਹੈ। ਉਧਰ ਹੌਟਨ ਦਾ ਕਹਿਣਾ ਸੀ ਕਿ ਬੀ.ਸੀ. ਵਿਚ ਗੋਲੀਬਾਰੀ ਦੇ ਅੰਕੜੇ ਹਰ ਕਿਸੇ ਨੂੰ ਪ੍ਰੇਸ਼ਾਨ ਕਰ ਰਹੇ ਹਨ ਅਤੇ ਸ਼ੱਕੀਆਂ ਦੀ ਪੈੜ ਨੱਪਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾ ਰਹੀ। ਇਸੇ ਦੌਰਾਨ ਸਰੀ ਦੇ ਈਸਟ ਕਲੋਵਰਡੇਲ ਇਲਾਕੇ ਵਿਚ ਗੋਲੀਆਂ ਚੱਲਣ ਦੀ ਇਤਲਾਹ ਮਿਲਣ ’ਤੇ ਆਰ.ਸੀ.ਐਮ.ਪੀ. ਦਾ ਸਰੀ ਪ੍ਰੋਵਿਨਸ਼ੀਅਲ ਆਪ੍ਰੇਸ਼ਨਜ਼ ਸਪੋਰਟ ਯੂਨਿਟ ਸੋਮਵਾਰ ਸਵੇਰੇ ਮੌਕਾ ਏ ਵਾਰਦਾਤ ’ਤੇ ਪੁੱਜਾ। ਜਾਂਚਕਰਤਾਵਾਂ ਨੇ ਦੱਸਿਆ ਕਿ 19300 ਬਲਾਕ ਲੈਂਗਲੀ ਬਾਇਪਾਸ ਦੇ ਇਕ ਕਾਰੋਬਾਰੀ ਟਿਕਾਣੇ ਨੂੰ ਨਿਸ਼ਾਨਾ ਬਣਾਇਆ ਗਿਆ ਅਤੇ ਵਾਰਦਾਤ ਦੌਰਾਨ ਕੋਈ ਜ਼ਖ਼ਮੀ ਨਹੀਂ ਹੋਇਆ। 1 ਜਨਵਰੀ ਮਗਰੋਂ ਸਰੀ ਵਿਖੇ ਜਬਰੀ ਵਸੂਲੀ ਦੇ ਮਾਮਲਿਆਂ ਨਾਲ ਸਬੰਧਤ ਗੋਲੀਬਾਰੀ ਦੀ ਇਹ ਛੇਵੀਂ ਵਾਰਦਾਤ ਹੈ ਜਦਕਿ ਲੋਅਰਮੇਨਲੈਂਡ ਵਿਚ ਕੁਲ ਅੱਠ ਵਾਰਦਾਤਾਂ ਹੋ ਚੁੱਕੀਆਂ ਹਨ। 7 ਜਨਵਰੀ ਨੂੰ ਸਰੀ ਦੇ ਨਿਊਟਨ ਇਲਾਕੇ ਵਿਚ ਗੋਲੀਬਾਰੀ ਹੋਈ ਅਤੇ ਇਸੇ ਦਿਨ ਨੌਰਥ ਡੈਲਟਾ ਦੇ ਘਰ ਨੂੰ ਨਿਸ਼ਾਨਾ ਬਣਾਇਆ ਗਿਆ।
ਸਰੀ ਪੁਲਿਸ ਨੇ ਪੀੜਤ ਪਰਵਾਰ ਵਿਰੁੱਧ ਹੀ ਆਰੰਭੀ ਪੜਤਾਲ
ਇਸ ਮਗਰੋਂ 8 ਜਨਵਰੀ ਨੂੰ ਲੈਂਗਲੀ ਦੇ ਘਰ ’ਤੇ ਗੋਲੀਆਂ ਚੱਲੀਆਂ ਅਤੇ 11 ਜਨਵਰੀ ਨੂੰ ਸਰੀ ਦੇ ਹੀ ਕਲੋਵਰਡੇਲ ਇਲਾਕੇ ਵਿਚ ਇਕੋ ਘਰ ਨੂੰ ਦੂਜੀ ਵਾਰ ਨਿਸ਼ਾਨਾ ਬਣਾਇਆ ਗਿਆ। 14 ਜਨਵਰੀ ਨੂੰ ਸਰੀ ਦੇ ਭੋਜਨ ਸਵੀਟਸ ਐਂਡ ਰੈਸਟੋਰੈਂਟ ਉਤੇ ਹਮਲਾ ਹੋਣ ਦੀ ਰਿਪੋਰਟ ਸਾਹਮਣੇ ਆਈ ਜਦਕਿ 15 ਜਨਵਰੀ ਨੂੰ ਪੈਨੋਰਮਾ ਰਿਜ ਦੇ ਘਰ ਅਤੇ ਗੱਡੀ ਨੂੰ ਅਣਪਛਾਤੇ ਸ਼ੱਕੀਆਂ ਨੇ ਗੋਲੀਆਂ ਨਾਲ ਵਿੰਨ੍ਹ ਦਿਤਾ। ਫ਼ਿਲਹਾਲ ਇਨ੍ਹਾਂ ਮਾਮਲੇ ਵਿਚ ਕੋਈ ਗ੍ਰਿਫ਼ਤਾਰੀ ਸਾਹਮਣੇ ਨਹੀਂ ਆਈ ਅਤੇ ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਕੋਈ ਡੈਸ਼ਕੈਮ ਫੁਟੇਜ ਜਾਂ ਸੀ.ਸੀ.ਟੀ.ਵੀ. ਫੁਟੇਜ ਹੋਵੇ ਤਾਂ ਸਰੀ ਪੁਲਿਸ ਦੇ ਗੈਰ ਐਮਰਜੰਸੀ ਨੰਬਰ 604 599 0502 ’ਤੇ ਕਾਲ ਕੀਤੀ ਜਾ ਸਕਦੀ ਹੈ।