‘ਕੈਨੇਡਾ ਵਾਸਤੇ ਖ਼ਤਰਾ ਬਣ ਰਹੇ ਸਿੱਖ ਵੱਖਵਾਦੀ’
ਕੈਨੇਡਾ ਵਿਚ ਮੌਜੂਦ ਸਿੱਖ ਵੱਖਵਾਦੀਆਂ ਦਾ ਨਾਂ ਲਏ ਬਗੈਰ ਉਨ੍ਹਾਂ ਨੂੰ ਮੁਲਕ ਦੀ ਸੁਰੱਖਿਆ ਵਾਸਤੇ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ
ਔਟਵਾ : ਕੈਨੇਡਾ ਵਿਚ ਮੌਜੂਦ ਸਿੱਖ ਵੱਖਵਾਦੀਆਂ ਦਾ ਨਾਂ ਲਏ ਬਗੈਰ ਉਨ੍ਹਾਂ ਨੂੰ ਮੁਲਕ ਦੀ ਸੁਰੱਖਿਆ ਵਾਸਤੇ ਵੱਡਾ ਖ਼ਤਰਾ ਦੱਸਿਆ ਜਾ ਰਿਹਾ ਹੈ। ਜੀ ਹਾਂ, ਕੈਨੇਡੀਅਨ ਖੁਫ਼ੀਆ ਏਜੰਸੀ ਦੇ ਮੁਖੀ ਨੇ 1985 ਦੇ ਕਨਿਸ਼ਕ ਜਹਾਜ਼ ਕਾਂਡ ਦੀ ਮਿਸਾਲ ਪੇਸ਼ ਕਰਦਿਆਂ ਕਿਹਾ ਹੈ ਕਿ ਮੁਲਕ ਦੇ ਇਤਿਹਾਸ ਵਿਚ ਵਾਪਰੀ ਸਭ ਤੋਂ ਖ਼ਤਰਨਾਕ ਘਟਨਾ ਹਿੰਸਕ ਵੱਖਵਾਦ ਦੀ ਪ੍ਰਤੱਖ ਮਿਸਾਲ ਹੈ। ਕੈਨੇਡੀਅਨ ਸਕਿਉਰਿਟੀ ਇੰਟੈਲੀਜੈਂਸ ਸਰਵਿਸ ਦੇ ਮੁਖੀ ਵਜੋਂ ਅਹੁਦਾ ਸੰਭਾਲਣ ਮਗਰੋਂ ਪਹਿਲੇ ਜਨਤਕ ਭਾਸ਼ਣ ਦੌਰਾਨ ਡੈਨ ਰੌਜਰਜ਼ ਨੇ ਕਿਹਾ ਕਿ ਬੇਹੱਦ ਕੱਟੜ ਧਾਰਮਿਕ ਜਾਂ ਸਿਆਸੀ ਵਿਚਾਰਾਂ ਤੋਂ ਪ੍ਰੇਰਿਤ ਹਿੰਸਾ ਦਾ ਖ਼ਤਰਾ ਬੀਤੇ 40 ਵਰਿ੍ਹਆਂ ਦੌਰਾਨ ਵਧਿਆ ਹੈ ਅਤੇ ਕੌਮੀ ਸੁਰੱਖਿਆ ਬਾਰੇ ਕੈਨੇਡਾ ਦੀਆਂ ਪ੍ਰਮੁੱਖ ਚਿੰਤਾਵਾਂ ਵਿਚੋਂ ਇਹ ਇਕ ਹੈ। ਡੈਨ ਰੌਜਰਜ਼ ਨੇ ਰੂਸ, ਈਰਾਨ, ਚੀਨ ਅਤੇ ਭਾਰਤ ਤੋਂ ਪੈਦਾ ਹੋ ਰਹੇ ਸੁਰੱਖਿਆ ਖਤਰਿਆਂ ਵੱਲ ਵੀ ਇਸ਼ਾਰਾ ਕੀਤਾ ਪਰ ਜੂਨ 2023 ਦੇ ਹਰਦੀਪ ਸਿੰਘ ਨਿੱਜਰ ਕਤਲਕਾਂਡ ਅਤੇ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਵੱਲੋਂ ਭਾਰਤ ਵਿਰੁੱਧ ਲਾਏ ਦੋਸ਼ਾਂ ਬਾਰੇ ਕੋਈ ਜ਼ਿਕਰ ਨਾ ਕਰ ਸਕੇ।
ਖੁਫ਼ੀਆ ਏਜੰਸੀ ਦੇ ਮੁਖੀ ਨੇ ਕਨਿਸ਼ਕ ਜਹਾਜ਼ ਕਾਂਡ ਦੀ ਮਿਸਾਲ ਕੀਤੀ ਪੇਸ਼
ਸੀ.ਟੀ.ਵੀ. ਵੱਲੋਂ ਡੈਨ ਰੌਜਰਜ਼ ਦੇ ਭਾਸ਼ਣ ਦੀ ਡੂੰਘਾਈ ਨਾਲ ਸਮੀਖਿਆ ਕਰਦਿਆਂ ਸਿੱਟਾ ਕੱਢਿਆ ਗਿਆ ਹੈ ਕਿ ਰੂਸ ਦਾ ਜ਼ਿਕਰ 11 ਵਾਰ ਹੋਇਆ ਅਤੇ ਚੀਨ ਵਿਰੁੱਧ ਵੀ ਚਾਰ ਵਾਰ ਦੋਸ਼ ਲੱਗੇ ਪਰ ਭਾਰਤ ਬਾਰੇ ਟ੍ਰਾਂਸਨੈਸ਼ਨਲ ਰਿਪ੍ਰੈਸ਼ਨ ਦੇ ਮੁੱਦੇ ’ਤੇ ਸਿਰਫ਼ ਇਕ ਵਾਰ ਜ਼ਿਕਰ ਕੀਤਾ ਗਿਆ। ਇਕ ਪੱਤਰਕਾਰ ਨੇ ਜਦੋਂ ਭਾਰਤ ਤੋਂ ਪੈਦਾ ਹੋ ਰਹੇ ਖ਼ਤਰੇ ਬਾਰੇ ਵਿਸਤਾਰਤ ਜਾਣਕਾਰੀ ਮੰਗੀ ਤਾਂ ਡੈਨ ਰੌਜਰਜ਼ ਨੇ ਜਲੇਬੀ ਵਰਗਾ ਸਿੱਧਾ ਜਵਾਬ ਦਿੰਦਿਆਂ ਕਿਹਾ ਕਿ ਕੈਨੇਡੀਅਨ ਖੁਫ਼ੀਆ ਏਜੰਸੀ ਨੂੰ ਬੇਹੱਦ ਸੁਚੇਤ ਰਹਿਣ ਦੀ ਜ਼ਰੂਰਤ ਹੈ। ਮੈਂ ਕਹਿਣਾ ਚਾਹਾਂਗਾ ਕਿ ਜਦੋਂ ਸਾਡੇ ਕੋਲ ਮੁੱਦੇ ਬਾਰੇ ਤੱਥ ਮੌਜੂਦ ਹੋਣ ਤਾਂ ਅਸੀਂ ਵਿਸਤਾਰ ਵਿਚ ਜਾਣ ਦੇ ਸਮਰੱਥ ਹੋਵਾਂਗੇ। ਸਾਨੂੰ ਅਜਿਹੇ ਮੁੱਦੇ ਤੋਂ ਘਬਰਾਉਣ ਦੀ ਜ਼ਰੂਰਤ ਨਹੀਂ। ਡੈਨ ਰੌਜਰਜ਼ ਦੀਆਂ ਇਨ੍ਹਾਂ ਟਿੱਪਣੀਆਂ ਬਾਰੇ ਸੈਂਟਰ ਫ਼ੌਰ ਇੰਟਰਨੈਸ਼ਨਲ ਗਵਰਨੈਂਸ ਇਨੋਵੇਸ਼ਨ ਦੇ ਸੀਨੀਅਰ ਫ਼ੈਲੋ ਵੈਸਲੀ ਵੌਰਕ ਦਾ ਕਹਿਣਾ ਸੀ ਕਿ ਖੁਫੀਆ ਵਿਭਾਗ ਵੱਲੋਂ ਵੀ ਕੂਟਨੀਤੀ ਅਪਣਾਈ ਜਾ ਰਹੀ ਹੈ। ਰੌਜਰਜ਼ ਅਜਿਹੇ ਮਹਿਕਮੇ ਦੇ ਮੁਖੀ ਹਨ ਜੋ ਖ਼ਤਰਿਆਂ ਦੀ ਪੜਤਾਲ ਕਰਦਾ ਹੈ ਪਰ ਭਾਰਤੀ ਹਮਰੁਤਬਾ ਅਧਿਕਾਰੀਆਂ ਨਾਲ ਮੁਲਾਕਾਤ ਦੌਰਾਨ ਡਿਪਲੋਮੈਟਿਕ ਇਨਫ਼ਲੂਐਂਸਰ ਬਣ ਜਾਂਦੇ ਹਨ। ਭਾਰਤ ਦੇ ਸੰਦਰਭ ਵਿਚ ਡੈਨ ਰੌਜਰਜ਼ ਨੇ ਅੱਗੇ ਕਿਹਾ ਕਿ ਕੁਝ ਵਿਦੇਸ਼ੀ ਤਾਕਤਾਂ ਕੈਨੇਡਾ ਵਿਚ ਕਾਰਕੁੰਨਾਂ, ਪੱਤਰਕਾਰਾਂ ਅਤੇ ਸਭਿਆਚਾਰਕ ਤੇ ਧਾਰਮਿਕ ਜਥੇਬੰਦੀਆਂ ਨੂੰ ਨਿਸ਼ਾਨਾ ਬਣਾ ਰਹੀਆਂ ਹਨ।
ਭਾਰਤ ਬਾਰੇ ਪੁੱਛੇ ਸਵਾਲ ’ਤੇ ਡੈਨ ਰੌਜਰਜ਼ ਨੇ ਦਿਤਾ ‘ਜਲੇਬੀ’ ਵਰਗਾ ਸਿੱਧਾ ਜਵਾਬ
ਮੁਲਕ ਵਿਚ ਨਿਗਰਾਨੀ ਕਰਦਿਆਂ ਇਹ ਵੀ ਪਤਾ ਲੱਗਾ ਹੈ ਕਿ ਝੂਠੀ ਅਤੇ ਗੁੰਮਰਾਹਕੁਨ ਜਾਣਕਾਰੀ ਫੈਲਾਈ ਜਾ ਰਹੀ ਹੈ, ਜਬਰੀ ਵਸੂਲੀ ਦੀਆਂ ਧਮਕੀਆਂ ਦਿਤੀਆਂ ਜਾ ਰਹੀਆਂ ਹਨ ਅਤੇ ਵਿਦੇਸ਼ਾਂ ਵਿਚ ਮੌਜੂਦ ਕੈਨੇਡੀਅਨ ਨਾਗਰਿਕਾਂ ਦੇ ਨਜ਼ਦੀਕੀਆਂ ਦੀ ਸੁਰੱਖਿਆ ਵਾਸਤੇ ਖਤਰਾ ਪੈਦਾ ਕੀਤਾ ਜਾ ਰਿਹਾ ਹੈ। ਇਥੇ ਦਸਣਾ ਬਣਦਾ ਹੈ ਕਿ ਕੈਨੇਡੀਅਨ ਖੁਫ਼ੀਆ ਏਜੰਸੀ ਦਾ ਡਾਇਰੈਕਟਰ ਬਣਨ ਤੋਂ ਪਹਿਲਾਂ ਡੈਨ ਰੌਜਰਜ਼ ਨੈਸ਼ਨਲ ਸਕਿਉਰਿਟੀ ਐਂਡ ਇੰਟੈਲੀਜੈਂਸ ਦੇ ਉਪ ਸਲਾਹਕਾਰ ਰਹਿ ਚੁੱਕੇ ਹਨ। ਉਨ੍ਹਾਂ ਕਿਹਾ ਕਿ ਕੌਮਾਂਤਰੀ ਸਬੰਧਾਂ ਵਿਚ ਤਬਦੀਲੀ ਆ ਰਹੀ ਹੈ ਅਤੇ ਆਰਥਿਕ ਮੁੱਦਿਆਂ ’ਤੇ ਵੱਖ ਵੱਖ ਮੁਲਕਾਂ ਵਿਚ ਮੁਕਾਬਲੇਬਾਜ਼ੀ ਵਧੀ ਹੈ। ਰੌਜਰਜ਼ ਨੇ ਹਿੰਸਕ ਵੱਖਵਾਦ ਵਧਣ ਦੇ ਕਾਰਨ ਗਿਣਾਉਂਦਿਆਂ ਕਿਹਾ ਕਿ ਨਾਸਤਿਕ ਲੋਕਾਂ ਦੀ ਵਧਦੀ ਗਿਣਤੀ, ਯਹੂਦੀਆਂ ਵਿਰੁੱਧ ਵਧਦੀ ਨਫ਼ਰਤ, ਔਰਤਾਂ ਪ੍ਰਤੀ ਨਫ਼ਰਤ ਅਤੇ ਵਿਦੇਸ਼ੀ ਨਾਗਰਿਕਾਂ ਪ੍ਰਤੀ ਗੁੱਸੇ ਵਰਗੇ ਤੱਥ ਵੀ ਇਸ ਦੇ ਜ਼ਿੰਮੇਵਾਰ ਹਨ। ਰੌਜਰਜ਼ ਮੁਤਾਬਕ ਅਤਿਵਾਦ ਨਾਲ ਸਬੰਧਤ 10 ਮਾਮਲਿਆਂ ਦੀ ਪੜਤਾਲ ਦੌਰਾਨ ਘੱਟੋ ਇਕ ਸ਼ੱਕੀ ਦੀ ਉਮਰ 18 ਸਾਲ ਤੋਂ ਘੱਟ ਰਹੀ ਜੋ ਡੂੰਘੀ ਚਿੰਤਾ ਦਾ ਵਿਸ਼ਾ ਹੈ। ਖੁਫੀਆ ਏਜੰਸੀ ਦੇ ਮੁਖੀ ਨੇ ਦੱਸਿਆ ਕਿ 2014 ਮਗਰੋਂ ਕੈਨੇਡਾ ਵਿਚ 20 ਹਿੰਸਕ ਵੱਖਵਾਦੀ ਹਮਲੇ ਹੋ ਚੁੱਕੇ ਹਨ ਜਿਨ੍ਹਾਂ ਦੇ ਸਿੱਟੇ ਵਜੋਂ 29 ਮੌਤਾਂ ਹੋਈਆਂ ਜਦਕਿ ਦੂ!ੇ ਪਾਸੇ 2022 ਮਗਰੋਂ ਹਿੰਸਕ ਵੱਖਵਾਦ ਨਾਲ ਸਬੰਧਤ ਦੋ ਦਰਜਨ ਸਾਜ਼ਿਸ਼ਾਂ ਬੇਨਕਾਬ ਕੀਤੀਆਂ ਗਈਆਂ।