ਕੈਨੇਡਾ ’ਚ ਭਾਰਤੀ ਔਰਤ ’ਤੇ ਕੀਤਾ ਲੁਟੇਰਿਆਂ ਨੇ ਹਮਲਾ

ਕੈਨੇਡਾ ਵਿਚ ਲੁਟੇਰਿਆਂ ਦੇ ਹਮਲੇ ਦੌਰਾਨ ਭਾਰਤੀ ਮੂਲ ਦੀ ਔਰਤ ਗੰਭੀਰ ਜ਼ਖਮੀ ਹੋ ਗਈ। ਬਰੈਂਪਟਨ ਦੀ ਵਸਨੀਕ ਵਸ਼ਤੀ ਦੁਰਗਾ ਆਪਣੇ 12 ਸਾਲਾ ਬੇਟੇ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ ਜਦੋਂ ਲੁਟੇਰੇ ਉਸ ਨੂੰ ਆਪਣੀ ਕਾਰ ਨਾਲ ਘੜੀਸ ਕੇ ਲੈ ਗਏ;

Update: 2024-07-11 11:43 GMT

ਬਰੈਂਪਟਨ : ਕੈਨੇਡਾ ਵਿਚ ਲੁਟੇਰਿਆਂ ਦੇ ਹਮਲੇ ਦੌਰਾਨ ਭਾਰਤੀ ਮੂਲ ਦੀ ਔਰਤ ਗੰਭੀਰ ਜ਼ਖਮੀ ਹੋ ਗਈ। ਬਰੈਂਪਟਨ ਦੀ ਵਸਨੀਕ ਵਸ਼ਤੀ ਦੁਰਗਾ ਆਪਣੇ 12 ਸਾਲਾ ਬੇਟੇ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ ਜਦੋਂ ਲੁਟੇਰੇ ਉਸ ਨੂੰ ਆਪਣੀ ਕਾਰ ਨਾਲ ਘੜੀਸ ਕੇ ਲੈ ਗਏ ਅਤੇ ਸਰੀਰ ’ਤੇ ਰਗੜਾਂ ਦੇ ਡੂੰਘੇ ਜ਼ਖਮਾਂ ਨੇ ਉਸ ਦੀਆਂ ਚੀਕਾਂ ਕਢਵਾ ਦਿਤੀਆਂ। ਦਰਅਸਲ ਦੁਰਗਾ ਦਾ ਬੇਟਾ ਸਪੋਰਟਸ ਸ਼ੂਜ਼ ਦੀ ਰੀਸੇਲ ਦਾ ਕੰਮ ਸ਼ੁਰੂ ਕਰਨਾ ਚਾਹੁੰਦਾ ਸੀ ਅਤੇ ਉਸ ਦੀ ਮਦਦ ਵਾਸਤੇ ਦੁਰਗਾ ਵੱਲੋਂ ਫੇਸਬੁਕ ਮਾਰਕਿਟ ਪਲੇਸ ’ਤੇ ਜੁੱਤੀਆ ਦਾ ਇਕ ਜੋੜ ਵੇਚਣ ਲਈ ਇਸ਼ਤਿਹਾਰ ਦਿਤਾ ਗਿਆ। ਜਲਦ ਹੀ ਖਰੀਦਦਾਰ ਨੇ ਸੰਪਰਕ ਕੀਤਾ ਅਤੇ ਬਰੈਂਪਟਨ ਦੇ ਡਿਕਸੀ ਰੋਡ ਅਤੇ ਫਾਦਰ ਟੌਬਿਨ ਰੋਡ ’ਤੇ ਸਥਿਤ ਰਿਹਾਇਸ਼ੀ ਇਲਾਕੇ ਵਿਚ ਮੁਲਾਕਾਤ ਤੈਅ ਹੋ ਗਈ।

ਕਾਰ ਨਾਲ ਘੜੀਸ-ਘੜੀਸ ਕੇ ਕਰ ਗਏ ਗੰਭੀਰ ਜ਼ਖਮੀ

ਸੀ.ਬੀ.ਸੀ. ਨਾਲ ਗੱਲਬਾਤ ਕਰਦਿਆਂ ਦੁਰਗਾ ਨੇ ਦੱਸਿਆ ਕਿ ਇਕ ਗੱਡੀ ਵਿਚ ਚਾਰ ਨੌਜਵਾਨ ਆਏ ਜਿਨ੍ਹਾਂ ਨੇ ਮਹਿੰਗੇ ਕੱਪੜੇ ਪਹਿਨੇ ਹੋਏ ਸਨ। ਕਾਰ ਦੀ ਪਿਛਲੀ ਸੀਟ ’ਤੇ ਬੈਠੇ ਨੌਜਵਾਨ ਨੇ ਸਪੋਰਟਸ ਸ਼ੂਜ ਚੈਕ ਕਰਨ ਦੀ ਇੱਛਾ ਜ਼ਾਹਰ ਕੀਤੀ ਤਾਂ ਦੁਰਗਾ ਨੇ ਇਕ ਜੁੱਤਾ ਉਸ ਨੂੰ ਦੇ ਦਿਤਾ। ਇਸੇ ਦੌਰਾਨ ਕਾਰ ਦੇ ਅਗਲੇ ਹਿੱਸੇ ਵਿਚ ਬੈਠੇ ਨੌਜਵਾਨ ਨੇ ਦੂਜਾ ਜੁੱਤਾ ਮੰਗਿਆ ਅਤੇ ਨਾਲ ਹੀ ਰਸੀਦ ਵੀ ਮੰਗ ਲਈ। ਇਥੋਂ ਹੀ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਕਿਉਂਕਿ ਕਾਰ ਵਿਚ ਬੈਠੇ ਨੌਜਵਾਨ ਬਗੈਰ ਅਦਾਇਗੀ ਤੋਂ ਹੀ ਸਪੋਰਟਸ ਸ਼ੂਜ਼ ਲਿਜਾਣਾ ਚਾਹੁੰਦੇ ਸਨ। ਨੌਜਵਾਨ ਨੇ ਉਥੋਂ ਫਰਾਰ ਹੋਣ ਦਾ ਯਤਨ ਕੀਤਾ ਤਾਂ ਦੁਰਗਾ ਨੇ ਕਾਰ ਦੀ ਬਾਰੀ ਫੜ ਲਈ ਪਰ ਡਰਾਈਵਰ ਨੇ ਗੱਡੀ ਭਜਾ ਲਈ ਅਤੇ ਉਸ ਨੂੰ ਘੜੀਸਦਾ ਹੋਇਆ ਲੈ ਗਿਆ। ਦੁਰਗਾ ਨੇ ਇਕ ਨੌਜਵਾਨ ਦੀ ਬਾਂਹ ਫੜੀ ਲਈ ਪਰ ਉਸ ਨੇ ਵਾਰ ਕਰਨੇ ਸ਼ੁਰੂ ਕਰ ਦਿਤੇ। ਕਾਰ ਸਵਾਰ ਨੌਜਵਾਨਾਂ ਨੇ ਔਰਤ ਨੂੰ 40 ਫੁੱਟ ਤੱਕ ਘੜੀਸਿਆ ਅਤੇ ਇਸੇ ਮਗਰੋਂ ਦੁਰਗਾ ਦੀ ਪਕੜ ਢਿੱਲੀ ਪੈ ਗਈ। ਪੂਰੇ ਘਟਨਾਕ੍ਰਮ ਦੌਰਾਨ ਦੁਰਗਾ ਦੇ ਦੀਆਂ ਲੱਤਾਂ-ਬਾਹਾਂ ਤੋਂ ਇਲਾਵਾ ਸਰੀਰ ਦੇ ਕਈ ਹਿੱਸਿਆਂ ’ਤੇ ਡੂੰਘੀਆਂ ਰਗੜਾਂ ਲੱਗੀਆਂ ਜਦਕਿ ਮੱਥੇ ’ਤੇ ਵੀ ਸੱਟ ਵੱਜੀ।

ਬੇਟੇ ਨੂੰ ਬਚਾਉਣ ਦਾ ਯਤਨ ਕਰ ਰਹੀ ਸੀ ਬਰੈਂਪਟਨ ਦੀ ਦੁਰਗਾ

ਲੁਟੇਰਿਆਂ ਕੋਲ ਪਸਤੌਲ ਹੁੰਦੀ ਤਾਂ ਹਾਲਾਤ ਹੋਰ ਵੀ ਖਤਰਨਾਕ ਬਣ ਸਕਦੇ ਸਨ। ਪੀਲ ਰੀਜਨਲ ਪੁਲਿਸ ਵੱਲੋਂ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਪਰ 26 ਜੂਨ ਨੂੰ ਵਾਪਰੀ ਵਾਰਦਾਤ ਦੇ ਸ਼ੱਕੀ ਫਿਲਹਾਲ ਪੁਲਿਸ ਦੀ ਪਕੜ ਤੋਂ ਬਾਹਰ ਹਨ। ਵਾਰਦਾਤ ਮਗਰੋਂ ਦੁਰਗਾ ਬੇਹੱਦ ਡਰੀ ਹੋਈ ਹੈ ਅਤੇ ਹਾਲੇ ਵੀ ਜ਼ਖਮ ਪੂਰੀ ਤਰ੍ਹਾਂ ਠੀਕ ਨਹੀਂ ਹੋਏ। ਉਧਰ ਗਰੇਟਰ ਟੋਰਾਂਟੋ ਏਰੀਆ ਦਾ ਹਰ ਪੁਲਿਸ ਮਹਿਕਮਾ ਲੋਕਾਂ ਨੂੰ ਮਾਰਕਿਟ ਪਲੇਸ ਦੀਆਂ ਠੱਗੀਆਂ ਤੋਂ ਸੁਚੇਤ ਕਰ ਰਿਹਾ ਹੈ। ਮੌਜੂਦਾ ਵਰ੍ਹੇ ਦੌਰਾਨ ਮਈ ਦੇ ਅੰਤ ਤੱਕ ਮਾਰਕਿਟ ਪਲੇਸ ਨਾਲ ਸਬੰਧਤ ਠੱਗੀ ਦੀਆਂ 500 ਤੋਂ ਵੱਧ ਸ਼ਿਕਾਇਤਾਂ ਆ ਚੁੱਕੀਆਂ ਸਨ ਅਤੇ ਲੋਕਾਂ ਨੂੰ 8 ਲੱਖ ਡਾਲਰ ਗਵਾਉਣੇ ਪਏ। ਟੋਰਾਂਟੋ ਪੁਲਿਸ ਮੁਤਾਬਕ ਮਾਰਕਿਟ ਪਲੇਸ, ਠੱਗੀ ਦਾ ਦੂਜਾ ਸਭ ਵੱਡਾ ਤਰੀਕਾ ਬਣ ਗਿਆ ਹੈ। ਇਥੋਂ ਤੱਕ ਕਿ ਫੇਸਬੁੱਕ ਵੱਲੋਂ ਵੀ ਮਾਰਕਿਟ ਪਲੇਸ ਦੇ ਵਰਤੋਂਕਾਰਾਂ ਵਾਸਤੇ ਹਦਾਇਤਾਂ ਦੀ ਸੂਚੀ ਤਿਆਰ ਕੀਤੀ ਗਈ ਹੈ। ਦੁਰਗਾ ਨੇ ਆਪਣੀ ਹੱਡਬੀਤੀ ਲੋਕਾਂ ਨਾਲ ਸਾਂਝੀ ਕੀਤੀ ਤਾਂਕਿ ਉਹ ਆਪਣਾ ਬਚਾਅ ਕਰ ਸਕਣ। ਕੋਈ ਨਹੀਂ ਚਾਹੁੰਦਾ ਕਿ ਉਸ ਦੀ ਖੂਨ-ਪਸੀਨੇ ਦੀ ਕਮਾਈ ਤੋਂ ਖਰੀਦੀ ਚੀਜ਼ ਕੋਈ ਲੁੱਟ ਕੇ ਲੈ ਜਾਵੇ।

Tags:    

Similar News