Canada-US border ’ਤੇ ਪੰਜਾਬੀ ਟਰੱਕ ਡਰਾਈਵਰ ਕਾਬੂ

ਅਮਰੀਕਾ ਤੋਂ ਕੈਨੇਡਾ ਨਸ਼ਿਆਂ ਦੀ ਵੱਡੀ ਖੇਪ ਲੈ ਕੇ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀ ਸੂਚੀ ਵਿਚ ਇਕ ਹੋਰ ਨਾਂ ਸ਼ਾਮਲ ਹੋ ਗਿਆ ਜਦੋਂ ਸੀ.ਬੀ.ਐਸ.ਏ. ਵਾਲਿਆਂ ਨੇ ਬਲੂ ਵਾਟਰ ਬ੍ਰਿਜ ’ਤੇ ਰੋਕੇ ਇਕ ਟਰੱਕ ਵਿਚੋਂ 266 ਕਿਲੋ ਤੋਂ ਵੱਧ ਮੈਥਮਫੈਟਾਮਿਨ ਬਰਾਮਦ ਕਰਦਿਆਂ 29 ਸਾਲ ਦੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।

Update: 2026-02-18 13:46 GMT

ਸਾਰਨੀਆ : ਅਮਰੀਕਾ ਤੋਂ ਕੈਨੇਡਾ ਨਸ਼ਿਆਂ ਦੀ ਵੱਡੀ ਖੇਪ ਲੈ ਕੇ ਦਾਖਲ ਹੋ ਰਹੇ ਪੰਜਾਬੀ ਟਰੱਕ ਡਰਾਈਵਰਾਂ ਦੀ ਸੂਚੀ ਵਿਚ ਇਕ ਹੋਰ ਨਾਂ ਸ਼ਾਮਲ ਹੋ ਗਿਆ ਜਦੋਂ ਸੀ.ਬੀ.ਐਸ.ਏ. ਵਾਲਿਆਂ ਨੇ ਬਲੂ ਵਾਟਰ ਬ੍ਰਿਜ ’ਤੇ ਰੋਕੇ ਇਕ ਟਰੱਕ ਵਿਚੋਂ 266 ਕਿਲੋ ਤੋਂ ਵੱਧ ਮੈਥਮਫੈਟਾਮਿਨ ਬਰਾਮਦ ਕਰਦਿਆਂ 29 ਸਾਲ ਦੇ ਕੁਲਬੀਰ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ। ਉਨਟਾਰੀਓ ਦੇ ਵੁੱਡਸਟੌਕ ਸ਼ਹਿਰ ਨਾਲ ਸਬੰਧਤ ਕੁਲਬੀਰ ਸਿੰਘ ਨੂੰ ਨਸ਼ਿਆਂ ਦੀ ਖੇਪ ਸਣੇ ਆਰ.ਸੀ.ਐਮ.ਪੀ. ਦੇ ਸਪੁਰਦ ਕਰ ਦਿਤਾ ਗਿਆ ਹੈ ਜਿਸ ਵਿਰੁੱਧ ਕੰਟਰੋਲ ਡ੍ਰਗਜ਼ ਐਂਡ ਸਬਸਟੈਂਸਿਜ਼ ਐਕਟ ਅਧੀਨ ਤਸਕਰੀ ਦੇ ਮਕਸਦ ਨਾਲ ਮੈਥਮਫੈਟਾਮਿਨ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ ਅਤੇ ਸਾਰਨੀਆ ਵਿਖੇ ਉਨਟਾਰੀਓ ਕੋਰਟ ਆਫ਼ ਜਸਟਿਸ ਵਿਚ ਮੁਕੱਦਮੇ ਦੀ ਸੁਣਵਾਈ ਆਰੰਭ ਹੋ ਚੁੱਕੀ ਹੈ।

266 ਕਿਲੋ ਤੋਂ ਵੱਧ ਮੈਥਮਫੈਟਾਮਿਨ ਬਰਾਮਦ ਕਰਨ ਦਾ ਦਾਅਵਾ

ਦੱਸ ਦੇਈਏ ਕਿ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ ਦੱਖਣੀ ਉਨਟਾਰੀਓ ਦੇ ਕੌਮਾਂਤਰੀ ਲਾਂਘੇ ਰਾਹੀਂ ਅਮਰੀਕਾ ਤੋਂ ਕੈਨੇਡਾ ਪੁੱਜੀ 616 ਕਿਲੋ ਤੋਂ ਵੱਧ ਮੈਥਮਫੈਟਾਮਿਨ ਬਰਾਮਦ ਕੀਤੀ ਜਾ ਚੁੱਕੀ ਹੈ। ਇਸੇ ਦੌਰਾਨ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਗੈਰੀ ਆਨੰਦਸੰਗਰੀ ਨੇ ਕਿਹਾ ਕਿ ਮੁਲਕ ਦੇ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਉਣੀ ਸਰਕਾਰ ਦੀ ਮੁੱਖ ਤਰਜੀਹ ਹੈ। ਸੀ.ਬੀ.ਐਸ.ਏ. ਅਤੇ ਆਰ.ਸੀ.ਐਮ.ਪੀ. ਦੇ ਮੁਸਤੈਦ ਅਫ਼ਸਰਾਂ ਦਾ ਦਿਲੋਂ ਸ਼ੁਕਰੀਆ ਜੋ ਅਪਰਾਧਕ ਸਰਗਰਮੀਆਂ ਰੋਕਣ ਵਾਸਤੇ ਹਮੇਸ਼ਾ ਡਟੇ ਰਹਿੰਦੇ ਹਨ। ਉਨ੍ਹਾਂ ਅੱਗੇ ਕਿਹਾ ਕਿ ਟ੍ਰਾਂਸਨੈਸ਼ਨਲ ਕ੍ਰਾਈਮ ਦੇ ਟਾਕਰੇ ਲਈ ਸੀ.ਬੀ.ਐਸ.ਏ. ਦੇ ਅਫ਼ਸਰ ਪਹਿਲੀ ਕਤਾਰ ਵਿਚ ਖੜ੍ਹੇ ਹੁੰਦੇ ਹਨ ਅਤੇ ਆਰ.ਸੀ.ਐਮ.ਪੀ. ਨਾਲ ਤਾਲਮੇਲ ਕਰਦਿਆਂ ਅਪਰਾਧੀਆਂ ਨੂੰ ਕਾਬੂ ਕੀਤਾ ਜਾਂਦਾ ਹੈ। ਦੂਜੇ ਪਾਸੇ ਦੱਖਣੀ ਉਨਟਾਰੀਓ ਰੀਜਨ ਵਿਚ ਸੀ.ਬੀ.ਐਸ.ਏ. ਦੇ ਰੀਜਨਲ ਡਾਇਰੈਕਟਰ ਜਨਰਲ ਮਾਈਕਲ ਪ੍ਰੋਜ਼ੀਆ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਅਫ਼ਸਰ ਹਰ ਵੇਲੇ ਮੈਦਾਨ ਵਿਚ ਡਟੇ ਰਹਿੰਦੇ ਹਨ ਅਤੇ ਤਾਜ਼ਾ ਬਰਾਮਦਗੀ ਤੋਂ ਪਤਾ ਲਗਦਾ ਹੈ ਕਿ ਗੈਰਕਾਨੂੰਨੀ ਨਸ਼ਿਆਂ ਤੋਂ ਸਾਡੀਆਂ ਕਮਿਊਨਿਟੀਜ਼ ਨੂੰ ਸੁਰੱਖਿਅਤ ਰੱਖਣ ਵਿਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ।

ਉਨਟਾਰੀਓ ਦੇ ਕੁਲਬੀਰ ਸਿੰਘ ਨੂੰ ਆਰ.ਸੀ.ਐਮ.ਪੀ. ਦੇ ਸਪੁਰਦ ਕੀਤਾ

ਚੇਤੇ ਰਹੇ ਕਿ ਪਿਛਲੇ ਦਿਨੀਂ ਸੀ.ਬੀ.ਐਸ.ਏੇ. ਵੱਲੋਂ ਅਫ਼ੀਮ, ਡੋਡਿਆਂ ਅਤੇ ਕੋਕੀਨ ਸਣੇ 2 ਪੰਜਾਬੀ ਟਰੱਕ ਡਰਾਈਵਰਾਂ ਐਲਬਰਟਾ ਵਿਚ ਗ੍ਰਿਫ਼ਤਾਰ ਕੀਤਾ ਗਿਆ। ਇਕ ਟਰੱਕ ਬਿਲਕੁਲ ਖਾਲੀ ਸੀ ਜਦਕਿ ਦੂਜੇ ਵਿਚ ਰਵਾਇਤੀ ਲੋਡ ਨਾਲ ਨਸ਼ਿਆਂ ਦੀ ਖੇਪ ਵੀ ਲੱਦੀ ਹੋਈ ਸੀ। ਇਨ੍ਹਾਂ ਮਾਮਲਿਆਂ ਦੀ ਪੜਤਾਲ ਆਰ.ਸੀ.ਐਮ.ਪੀ. ਦੇ ਨੌਰਥ ਵੈਸਟ ਰੀਜਨ ਵੱਲੋਂ ਕੀਤੀ ਜਾ ਰਹੀ ਹੈ ਜਦਕਿ ਸੀ.ਬੀ.ਐਸ. ਏ. ਵੱਲੋਂ ਜਾਰੀ ਬਿਆਨ ਮੁਤਾਬਕ ਇਕੱਲੇ ਐਲਬਰਟਾ ਸੂਬੇ ਵਿਚ ਇਕ ਹਜ਼ਾਰ ਕਿਲੋ ਤੋਂ ਵੱਧ ਕੋਕੀਨ ਅਤੇ 280 ਕਿਲੋ ਮੈਥਮਫੈਟਾਮਿਨ ਸਣੇ ਨਸ਼ੀਲੇ ਪਦਾਰਥਾਂ ਦੀਆਂ 1,292 ਬਰਾਮਦਗੀਆਂ ਕੀਤੀਆਂ ਜਾ ਚੁੱਕੀਆਂ ਹਨ।

Tags:    

Similar News