ਭਾਰਤੀਆਂ ਨੂੰ 7.73 ਲੱਖ Visa ਦੇ ਕੇ ਕਸੂਤੀ ਫਸੀ Canadian government

ਇੰਮੀਗ੍ਰੇਸ਼ਨ ਦੇ ਮਸਲੇ ’ਤੇ ਕੈਨੇਡਾ ਸਰਕਾਰ ਕਸੂਤੀ ਫ਼ਸ ਗਈ ਜਦੋਂ ਆਰਜ਼ੀ ਵੀਜ਼ਾ ਵਾਲੇ 28 ਲੱਖ ਲੋਕ ਮੁਲਕ ਵਿਚ ਦਾਖਲ ਹੋ ਗਏ

Update: 2026-02-18 13:58 GMT

ਟੋਰਾਂਟੋ : ਇੰਮੀਗ੍ਰੇਸ਼ਨ ਦੇ ਮਸਲੇ ’ਤੇ ਕੈਨੇਡਾ ਸਰਕਾਰ ਕਸੂਤੀ ਫ਼ਸ ਗਈ ਜਦੋਂ ਆਰਜ਼ੀ ਵੀਜ਼ਾ ਵਾਲੇ 28 ਲੱਖ ਲੋਕ ਮੁਲਕ ਵਿਚ ਦਾਖਲ ਹੋ ਗਏ। ਜੀ ਹਾਂ, ਇੰਮੀਗ੍ਰੇਸ਼ਨ ਮਾਹਰਾਂ ਵੱਲੋਂ ਦਾਅਵਾ ਕੀਤਾ ਗਿਆ ਹੈ ਕਿ 2025 ਦੌਰਾਨ ਟੈਂਪਰੇਰੀ ਰੈਜ਼ੀਡੈਂਟਸ ਦੀਆਂ 28 ਲੱਖ 24 ਹਜ਼ਾਰ 815 ਅਰਜ਼ੀਆਂ ਪ੍ਰਵਾਨ ਕੀਤੀ ਗਈਆਂ ਜਿਨ੍ਹਾਂ ਵਿਚੋਂ 7 ਲੱਖ 73 ਹਜ਼ਾਰ 190 ਵੀਜ਼ੇ ਭਾਰਤੀ ਨਾਗਰਿਕਾਂ ਨੂੰ ਮਿਲੇ। ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਅਤੇ ਵਰਕ ਪਰਮਿਟ ਦੇ ਆਧਾਰ ’ਤੇ ਕੈਨੇਡਾ ਵਿਚ ਪਹਿਲਾਂ ਤੋਂ ਮੌਜੂਦ ਜਾਂ ਨਵੇਂ ਆਏ ਲੋਕਾਂ ਦਾ ਅੰਕੜਾ ਬੇਚੈਨੀ ਪੈਦਾ ਕਰਦਾ ਕਿਉਂਕਿ ਇੰਮੀਗ੍ਰੇਸ਼ਨ ਸਟੇਟਸ ਗੁਆ ਚੁੱਕੇ ਵਿਦੇਸ਼ੀ ਨਾਗਰਿਕਾਂ ਦਾ ਅੰਕੜਾ 4 ਮਿਲੀਅਨ ਤੋਂ ਟੱਪਦਾ ਨਜ਼ਰ ਆ ਰਿਹਾ ਹੈ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਸੇਵਾਵਾਂ ਵਿਭਾਗ ਨੂੰ ਕਟਹਿਰੇ ਵਿਚ ਖੜ੍ਹਾ ਕਰਦਿਆਂ ਮਾਹਰਾਂ ਨੇ ਦਾਅਵਾ ਕੀਤਾ ਹੈ ਕਿ ਟੈਂਪਰੇਰੀ ਰੈਜ਼ੀਡੈਂਟਸ ਦਾ ਪਿਛੋਕੜ ਫਰੋਲਣ ਦੀ ਜ਼ਹਿਮਤ ਵੀ ਨਹੀਂ ਉਠਾਈ ਗਈ ਅਤੇ ਨਾ ਹੀ ਪੁਲਿਸ ਕਲੀਅਰੈਂਸ ਮੰਗੀ ਗਈ ਹੈ। ਆਰਜ਼ੀ ਤੌਰ ’ਤੇ ਕੈਨੇਡਾ ਪੁੱਜੇ ਕੁਝ ਨੌਜਵਾਨਾਂ ਵੱਲੋਂ ਹੀ ਪੰਜਾਬੀ ਕਾਰੋਬਾਰੀਆਂ ’ਤੇ ਗੋਲੀਆਂ ਚਲਾਈਆਂ ਜਾ ਰਹੀਆਂ ਹਨ ਅਤੇ ਕੈਨੇਡਾ ਬਾਰਡਰ ਸਰਵਿਸਿਜ਼ ਏਜੰਸੀ ਵੱਲੋਂ 296 ਜਣਿਆਂ ਨੂੰ ਡਿਪੋਰਟ ਕਰਨ ਦੀ ਤਿਆਰੀ ਕੀਤੀ ਜਾ ਰਹੀ ਹੈ।

2025 ਦੌਰਾਨ 28 ਲੱਖ ਤੋਂ ਵੱਧ ਲੋਕਾਂ ਨੂੰ ਜਾਰੀ ਹੋਏ ਆਰਜ਼ੀ ਵੀਜ਼ੇ

ਭਾਰਤੀ ਨਾਗਰਿਕਾਂ ਨੂੰ ਮਿਲੇ 7 ਲੱਖ 73 ਹਜ਼ਾਰ ਅਰਜ਼ੀ ਵੀਜ਼ਿਆਂ ਵਿਚੋਂ ਫ਼ਿਲਹਾਲ ਸਪੱਸ਼ਟ ਨਹੀਂ ਹੋ ਸਕਿਆ ਕਿ ਕਿੰਨੇ ਜਣੇ ਪਹਿਲਾਂ ਹੀ ਕੈਨੇਡਾ ਦੀ ਧਰਤੀ ’ਤੇ ਮੌਜੂਦ ਹਨ ਜਿਨ੍ਹਾਂ ਵੱਲੋਂ ਵਰਕ ਪਰਮਿਟ ਐਕਸਪਾਇਰ ਹੋਣ ਜਾਂ ਹੋਰਨਾਂ ਕਾਰਨਾਂ ਆਰਜ਼ੀ ਵੀਜ਼ਾ ਰੀਨਿਊ ਕਰਵਾਇਆ ਗਿਆ। 2025 ਦਾ ਅੰਕੜਾ ਇਸ ਕਰ ਕੇ ਵੀ ਚਿੰਤਾਵਾਂ ਪੈਦਾ ਕਰਦਾ ਹੈ ਕਿਉਂਕਿ ਮੌਜੂਦਾ ਵਰ੍ਹੇ ਦੌਰਾਨ ਫੁੱਟਬਾਲ ਵਿਸ਼ਵ ਕੱਪ ਹੋਣਾ ਹੈ ਅਤੇ ਲੱਖਾਂ ਦੀ ਗਿਣਤੀ ਵਿਚ ਵਿਜ਼ਟਰ ਵੀਜ਼ਾ ਜਾਰੀ ਕੀਤੇ ਜਾਣਗੇ। ਇੰਮੀਗ੍ਰੇਸ਼ਨ ਮਹਿਕਮੇ ਕੋਲ ਪ੍ਰੈਸੈਸਿੰਗ ਵਾਸਤੇ ਜ਼ਿਆਦਾ ਮੁਲਾਜ਼ਮ ਨਹੀਂ ਜਿਸ ਦੇ ਮੱਦੇਨਜ਼ਰ ਹੋਰਨਾਂ ਸ਼੍ਰੇਣੀਆਂ ਅਧੀਨ ਕੈਨੇਡਾ ਆਉਣ ਦੇ ਇੱਛਕ ਲੋਕਾਂ ਦੀ ਉਡੀਕ ਹੋਰ ਲੰਮੀ ਹੋ ਜਾਵੇਗੀ। ਦੱਸ ਦੇਈਏ ਕਿ ਅਮਰੀਕਾ, ਕੈਨੇਡਾ ਅਤੇ ਮੈਕਸੀਕੋ ਵੱਲੋਂ ਸਾਂਝੇ ਤੌਰ ’ਤੇ ਕਰਵਾਏ ਜਾ ਰਹੇ ਵਿਸ਼ਵ ਕੱਪ ਦੇ 13 ਮੈਚ ਕੈਨੇਡਾ ਦੀ ਮੇਜ਼ਬਾਨੀ ਵਿਚ ਹੋਣਗੇ।

40 ਲੱਖ ਲੋਕਾਂ ਦੇ ਆਰਜ਼ੀ ਵੀਜ਼ਾ ਪਹਿਲਾਂ ਹੀ ਖ਼ਤਮ

ਇਕ ਪਾਸੇ ਕੈਨੇਡਾ ਸਰਕਾਰ ਇੰਮੀਗ੍ਰੇਸ਼ਨ ਤਾਕਤਾਂ ਵਧਾਉਣ ਲਈ ਬਿਲ ਸੀ-2 ਅਤੇ ਬਿਲ ਸੀ-12 ਦੇ ਰੂਪ ਵਿਚ ਨਵੇਂ ਕਾਨੂੰਨ ਲਾਗੂ ਕਰ ਰਹੀ ਹੈ ਪਰ ਦੂਜੇ ਪਾਸੇ ਵੱਡੀ ਗਿਣਤੀ ਵਿਚ ਨਵੇਂ ਟੈਂਪਰੇਰੀ ਰੈਜ਼ੀਡੈਂਟਸ ਦੀ ਆਮਦ ਮਗਰੋਂ ਇਨ੍ਹਾਂ ਬਿਲਾਂ ਦੇ ਮਕਸਦ ਉਤੇ ਵੀ ਸਵਾਲ ਉਠ ਰਹੇ ਹਨ ਜਿਨ੍ਹਾਂ ਵਿਚੋਂ ਬਿਲ ਸੀ-12 ਵੱਡੀ ਗਿਣਤੀ ਵਿਚ ਵੀਜ਼ੇ ਰੱਦ ਕਰਨ ਲਈ ਵਰਤੇ ਜਾਣ ਦੇ ਆਸਾਰ ਹਨ। ਕਿਸੇ ਵੇਲੇ ਇੰਮੀਗ੍ਰੇਸ਼ਨ ਮੰਤਰੀ ਲੀਨਾ ਡਿਆਬ ਨੇ ਆਖਿਆ ਸੀ ਕਿ ਭਾਰਤ ਤੋਂ ਵੱਡੀ ਗਿਣਤੀ ਵਿਚ ਆ ਰਹੀਆਂ ਵਿਜ਼ਟਰ ਵੀਜ਼ਾ ਅਰਜ਼ੀਆਂ ਕਰ ਕੇ ਪ੍ਰੋਸੈਸਿੰਗ ਦੀ ਰਫ਼ਤਾਰ ਮੱਠੀ ਪੈ ਜਾਂਦੀ ਹੈ ਅਤੇ ਜਾਇਜ਼ ਬਿਨੈਕਾਰਾਂ ਨੂੰ ਖਮਿਆਜ਼ਾ ਭੁਗਤਣਾ ਪੈਂਦਾ ਹੈ ਪਰ 8 ਲੱਖ ਦੇ ਨੇੜੇ ਨਵੇਂ ਟੈਂਪਰੇਰੀ ਵੀਜ਼ਾ ਵੱਖਰੀ ਕਹਾਣੀ ਬਿਆਨ ਕਰ ਰਹੇ ਹਨ। ਉਧਰ ਕੈਨੇਡਾ ਬਾਰਡਰ ਸਰਵਿਸਿਜ਼ ਦਾ ਅੰਕੜੇ ਕਹਿੰਦੇ ਹਨ ਕਿ 40 ਹਜ਼ਾਰ ਤੋਂ ਵੱਧ ਵਿਦੇਸ਼ੀ ਨਾਗਰਿਕਾਂ ਨੂੰ ਮੁਲਕ ਵਿਚ ਦਾਖਲ ਹੋਣ ਤੋਂ ਰੋਕ ਦਿਤਾ ਗਿਆ ਪਰ 28 ਲੱਖ ਤੋਂ ਵੱਧ ਨਵੇਂ ਟੈਂਪਰੇਰੀ ਰੈਜ਼ੀਡੈਂਟਸ ਦੇ ਹਿਸਾਬ ਨਾਲ ਹਵਾਈ ਅੱਡਿਆਂ ਤੋਂ ਮੋੜੇ ਵਿਦੇਸ਼ੀ ਨਾਗਰਿਕਾਂ ਦਾ ਅੰਕੜਾ ਬੇਹੱਦ ਨਿਗੂਣਾ ਬਣਦਾ ਹੈ।

Tags:    

Similar News