ਕੈਨੇਡਾ ’ਚ ਸਕੂਲੀ ਕੁੜੀਆਂ ਦਾ ਪਿੱਛਾ ਕਰਦਾ ਪੰਜਾਬੀ ਕਾਬੂ
ਸਕੂਲ ਤੋਂ ਘਰ ਜਾ ਰਹੀਆਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਉਨਟਾਰੀਓ ਦੇ ਸਾਰਨੀਆ ਸ਼ਹਿਰ ਦੀ ਪੁਲਿਸ ਵੱਲੋਂ 51 ਸਾਲ ਦੇ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ
ਸਾਰਨੀਆ : ਸਕੂਲ ਤੋਂ ਘਰ ਜਾ ਰਹੀਆਂ ਕੁੜੀਆਂ ਨਾਲ ਅਸ਼ਲੀਲ ਹਰਕਤਾਂ ਕਰਨ ਦੇ ਮਾਮਲੇ ਵਿਚ ਉਨਟਾਰੀਓ ਦੇ ਸਾਰਨੀਆ ਸ਼ਹਿਰ ਦੀ ਪੁਲਿਸ ਵੱਲੋਂ 51 ਸਾਲ ਦੇ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ। ਸਾਰਨੀਆ ਪੁਲਿਸ ਨੇ ਦੱਸਿਆ ਕਿ ਸ਼ਹਿਰ ਦੇ ਉਤਰੀ ਇਲਾਕੇ ਵਿਚ ਇਕ ਹਾਈ ਸਕੂਲ ਨੇੜੇ ਸ਼ੱਕੀ ਦੀ ਮੌਜੂਦਗੀ ਬਾਰੇ ਸ਼ਿਕਾਇਤਾਂ ਮਿਲੀਆਂ ਸਨ। ਪੀੜਤ ਕੁੜੀ ਦੀ ਪਛਾਣ ਜ਼ਾਹਰ ਨਾ ਕਰਨ ਦੇ ਮਕਸਦ ਤਹਿਤ ਸਕੂਲ ਦਾ ਨਾਂ ਵੀ ਜਨਤਕ ਨਹੀਂ ਕੀਤਾ ਜਾ ਰਿਹਾ। ਪੁਲਿਸ ਮੁਤਾਬਕ ਭਾਵੇਂ ਇਸ ਮਾਮਲੇ ਦੀ ਪੜਤਾਲ ਫ਼ਿਲਹਾਲ ਇਕ ਸਕੂਲ ਤੱਕ ਸੀਮਤ ਹੈ ਪਰ ਹੋਰਨਾਂ ਸਕੂਲਾਂ ਦੀਆਂ ਕੁੜੀਆਂ ਨਾਲ ਅਜਿਹੀਆਂ ਘਟਨਾਵਾਂ ਵਾਪਰੀਆਂ ਹੋਣ ਦੇ ਖਦਸ਼ੇ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ।
51 ਸਾਲ ਦੇ ਜਗਜੀਤ ਸਿੰਘ ਵਿਰੁੱਧ ਸੈਕਸ਼ੁਅਲ ਅਸਾਲਟ ਦੇ ਦੋਸ਼
15 ਸਤੰਬਰ ਨੂੰ ਵਾਪਰੀ ਘਟਨਾ ਦੌਰਾਨ ਸ਼ੱਕੀ, ਕੁੜੀਆਂ ਦੇ ਇਕ ਝੁੰਡ ਨੇੜੇ ਗਿਆ ਅਤੇ ਉਨ੍ਹਾਂ ਨਾਲ ਡ੍ਰਗਜ਼ ਅਤੇ ਸ਼ਰਾਬ ਦੀਆਂ ਗੱਲਾਂ ਕਰਨ ਲੱਗਾ। ਸਿਰਫ਼ ਐਨਾ ਹੀ ਨਹੀਂ ਉਸ ਨੇ ਕੁੜੀਆਂ ਦੀ ਤਸਵੀਰ ਖਿੱਚਣ ਦੇ ਯਤਨ ਵੀ ਕੀਤੇ। ਇਸ ਮਗਰੋਂ ਸ਼ੱਕੀ ਲਗਾਤਾਰ ਸਕੂਲ ਨੇੜੇ ਗੇੜੇ ਲਾਉਣ ਲੱਗਾ। ਸ਼ੱਕੀ ਦੇ ਇਰਾਦੇ ਖਤਰਨਾਕ ਹੁੰਦੇ ਜਾ ਰਹੇ ਸਨ ਅਤੇ ਉਸ ਨੇ ਕੁੜੀਆਂ ਦਾ ਪਿੱਛਾ ਕਰਨਾ ਸ਼ੁਰੂ ਕਰ ਦਿਤਾ। ਇਕ ਮੌਕੇ ’ਤੇ ਸ਼ੱਕੀ ਨੇ ਇਕ ਕੁੜੀ ਨੂੰ ਆਪਣੇ ਕਲਾਵੇ ਵਿਚ ਲੈ ਲਿਆ। ਪੀੜਤ ਕੁੜੀ ਨੇ ਸਕੂਲ ਵਿਚ ਸ਼ਿਕਾਇਤ ਕੀਤੀ ਜਿਸ ਮਗਰੋਂ ਪੁਲਿਸ ਨੂੰ ਸੱਦਿਆ ਗਿਆ। ਸਕੂਲ ਪ੍ਰਬੰਧਕਾਂ ਤੋਂ ਮਿਲੀ ਜਾਣਕਾਰੀ ਦੇ ਆਧਾਰ ’ਤੇ ਸਾਰਨੀਆ ਪੁਲਿਸ ਨੇ ਸ਼ੱਕੀ ਦੀ ਭਾਲ ਆਰੰਭ ਦਿਤੀ ਅਤੇ ਆਖਰਕਾਰ ਜਗਜੀਤ ਸਿੰਘ ਨੂੰ ਗ੍ਰਿਫ਼ਤਾਰ ਕਰਦਿਆਂ ਸੈਕਸ਼ੁਅਲ ਅਸਾਲਟ ਅਤੇ ਸੈਕਸ਼ੁਅਲ ਇੰਟਰਫੇਰੈਂਸ ਦੇ ਦੋਸ਼ ਆਇਦ ਕਰ ਦਿਤੇ।
ਸਾਰਨੀਆ ਪੁਲਿਸ ਵੱਲੋਂ ਪੀੜਤਾਂ ਨੂੰ ਅੱਗੇ ਆਉਣ ਦਾ ਸੱਦਾ
ਸਾਰਨੀਅ ਦੇ ਮੈਨਹਟਨ ਡਰਾਈਵ ਇਲਾਕੇ ਦੇ ਵਸਨੀਕ ਜਗਜੀਤ ਸਿੰਘ ਨੂੰ ਜ਼ਮਾਨਤ ਨਾ ਮਿਲ ਸਕੀ ਅਤੇ ਫ਼ਿਲਹਾਲ ਉਹ ਪੁਲਿਸ ਹਿਰਾਸਤ ਵਿਚ ਹੈ। ਸਾਰਨੀਆ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਨ੍ਹਾਂ ਘਟਨਾਵਾਂ ਬਾਰੇ ਕੋਈ ਜਾਣਕਾਰੀ ਹੋਵੇ ਜਾਂ ਅਜਿਹੀਆਂ ਘਟਨਾਵਾਂ ਕਿਸੇ ਨਾਲ ਵਾਪਰ ਚੁੱਕੀਆਂ ਹੋਣ ਤਾਂ ਉਹ 519 344 8861 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ 519 332 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।