ਕੈਨੇਡਾ ਵਿਚ ਪੰਜਾਬਣ ਨਾਲ ਵਰਤ ਗਿਆ ਭਾਣਾ
ਕੈਨੇਡਾ ਵਿਚ ਕਈ ਮਹੀਨੇ ਤੋਂ ਲਾਪਤਾ ਪੰਜਾਬਣ ਦੀ ਲਾਸ਼ ਬੀ.ਸੀ. ਦੀ ਫਰੇਜ਼ਰ ਨਦੀ ਵਿਚੋਂ ਬਰਾਮਦ ਕੀਤੀ ਗਈ ਹੈ। ਸਰੀ ਨਾਲ ਸਬੰਧਤ 28 ਸਾਲ ਦੀ ਨਵਦੀਪ ਕੌਰ 23 ਫ਼ਰਵਰੀ ਤੋਂ ਲਾਪਤਾ ਸੀ ਅਤੇ ਪੁਲਿਸ ਨੂੰ ਇਸ ਮਾਮਲੇ ਵਿਚ ਸਾਜ਼ਿਸ਼ ਮਹਿਸੂਸ ਹੋ ਰਹੀ ਹੈ।;
ਰਿਚਮੰਡ, ਬੀ.ਸੀ. : ਕੈਨੇਡਾ ਵਿਚ ਕਈ ਮਹੀਨੇ ਤੋਂ ਲਾਪਤਾ ਪੰਜਾਬਣ ਦੀ ਲਾਸ਼ ਬੀ.ਸੀ. ਦੀ ਫਰੇਜ਼ਰ ਨਦੀ ਵਿਚੋਂ ਬਰਾਮਦ ਕੀਤੀ ਗਈ ਹੈ। ਸਰੀ ਨਾਲ ਸਬੰਧਤ 28 ਸਾਲ ਦੀ ਨਵਦੀਪ ਕੌਰ 23 ਫ਼ਰਵਰੀ ਤੋਂ ਲਾਪਤਾ ਸੀ ਅਤੇ ਪੁਲਿਸ ਨੂੰ ਇਸ ਮਾਮਲੇ ਵਿਚ ਸਾਜ਼ਿਸ਼ ਮਹਿਸੂਸ ਹੋ ਰਹੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਨਵਦੀਪ ਕੌਰ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ ਜਾਂਚਕਰਤਾਵਾਂ ਨਾਲ ਸੰਪਰਕ ਕਰੇ। ਇੰਟੈਗਰੇਟਿਡ ਹੌਮੀਸਾਈਡ ਇਨਵੈਸਟੀਗੇਸ਼ਨ ਟੀਮ ਨੇ ਦੱਸਿਆ ਕਿ ਨਵਦੀਪ ਕੌਰ ਨੂੰ ਆਖਰੀ ਵਾਰ 22 ਫਰਵਰੀ ਨੂੰ ਰਾਤ ਤਕਰੀਬਨ 10.30 ਵਜੇ ਸਰੀ ਦੀ 123 ਸਟ੍ਰੀਟ ਦੇ 7800 ਬਲਾਕ ਵਿਚ ਦੇਖਿਆ ਗਿਆ। ਇਸ ਮਗਰੋਂ ਪਰਵਾਰ ਨਾਲ ਉਸ ਦਾ ਕੋਈ ਸੰਪਰਕ ਨਾ ਹੋਇਆ ਅਤੇ 23 ਫਰਵਰੀ ਨੂੰ ਸਰੀ ਆਰ.ਸੀ.ਐਮ.ਪੀ. ਕੋਲ ਗੁੰਮਸ਼ੁਦਗੀ ਦੀ ਰਿਪੋਰਟ ਦਰਜ ਕਰਵਾਈ ਗਈ।
ਨਵਦੀਪ ਕੌਰ ਦੀ ਲਾਸ਼ ਬੀ.ਸੀ. ਦੀ ਫਰੇਜ਼ਰ ਨਦੀ ਵਿਚੋਂ ਮਿਲੀ
ਮਾਮਲੇ ਦੀ ਡੂੰਘਾਈ ਨਾਲ ਪੜਤਾਲ ਕਰਦਿਆਂ ਸਰੀ ਆਰ.ਸੀ.ਐਮ.ਪੀ. ਦੇ ਮਿਸਿੰਗ ਪਰਸਨਜ਼ ਯੂਨਿਟ ਨੇ ਸਿੱਟਾ ਕੱਢਿਆ ਕਿ ਨਵਦੀਪ ਕੌਰ ਦੇ ਲਾਪਤਾ ਹੋਣ ਪਿੱਛੇ ਕੋਈ ਸਾਜ਼ਿਸ਼ ਹੋ ਸਕਦੀ ਹੈ। ਇਸ ਮਗਰੋਂ ਆਈ ਹਿਟ ਨੇ ਮਾਮਲਾ ਆਪਣੇ ਹੱਥਾਂ ਵਿਚ ਲੈ ਲਿਆ ਅਤੇ 23 ਜੁਲਾਈ ਨੂੰ ਬੀ.ਸੀ. ਦੇ ਰਿਚਮੰਡ ਇਲਾਕੇ ਵਿਚ ਫਰੇਜ਼ਰ ਦਰਿਆ ਵਿਚੋਂ ਇਕ ਲਾਸ਼ ਬਰਾਮਦ ਕੀਤੀ ਗਈ। ਇੰਟੈਗਰੇਟਿਡ ਫੌਰੈਂਸਿਕ ਆਇਡੈਂਟੀਫਿਕੇਸ਼ਨ ਸਰਵਿਸ ਅਤੇ ਬੀ.ਸੀ. ਕੌਰੋਨਰ ਸਰਵਿਸ ਦੀ ਸਹਾਇਤਾ ਨਾਲ ਲਾਸ਼ ਦੀ ਸ਼ਨਾਖਤ ਕਰਨ ਦੀ ਪ੍ਰਕਿਰਿਆ ਆਰੰਭੀ ਗਈ ਅਤੇ ਬੁੱਧਵਾਰ ਨੂੰ ਆਈ ਹਿਟ ਨੇ ਦੱਸਿਆ ਕਿ ਫਰੇਜ਼ਰ ਦਰਿਆ ਵਿਚੋਂ ਮਿਲੀ ਲਾਸ਼ ਦੀ ਸ਼ਨਾਖਤ ਨਵਦੀਪ ਕੌਰ ਦੇ ਰੂਪ ਵਿਚ ਕੀਤੀ ਗਈ ਹੈ ਪਰ ਫਿਲਹਾਲ ਉਸ ਦੀ ਮੌਤ ਲਈ ਜ਼ਿੰਮੇਵਾਰ ਕਾਰਨਾਂ ਬਾਰੇ ਕੋਈ ਜਾਣਕਾਰੀ ਮੁਹੱਈਆ ਨਹੀਂ ਕਰਵਾਈ ਜਾ ਸਕਦੀ। ਆਈ ਹਿਟ ਦੀ ਕਾਰਪੋਰਲ ਸੁੱਖੀ ਢੇਸੀ ਨੇ ਦੱਸਿਆ ਕਿ ਇਸ ਦਰਦਨਾਕ ਘਟਨਾ ਦੀ ਲਗਾਤਾਰ ਪੜਤਾਲ ਕੀਤੀ ਜਾ ਰਹੀ ਹੈ ਅਤੇ ਇਸ ਉਮੀਦ ਨਾਲ ਨਵਦੀਪ ਕੌਰ ਬਾਰੇ ਜਾਣਕਾਰੀ ਜਨਤਕ ਕੀਤੀ ਗਈ ਹੈ ਕਿ ਲੋਕਾਂ ਵਿਚੋਂ ਕੋਈ ਅੱਗੇ ਆ ਕੇ ਜਾਂਚਕਰਤਾਵਾਂ ਦੀ ਮਦਦ ਕਰ ਸਕੇ। ਆਈ ਹਿਟ ਵੱਲੋਂ ਲੋਕਾਂ ਨੂੰ ਸੱਦਾ ਦਿਤਾ ਗਿਆ ਹੈ ਕਿ ਕਿਸੇ ਕੋਲ ਇਸ ਮਾਮਲੇ ਨਾਲ ਸਬੰਧਤ ਕੋਈ ਜਾਣਕਾਰੀ ਹੋਵੇ ਤਾਂ 1877 551 ਆਈਹਿਟ 4448 ’ਤੇ ਸੰਪਰਕ ਕੀਤਾ ਜਾਵੇ।
ਫਰਵਰੀ ਵਿਚ ਲਾਪਤਾ ਹੋਈ ਸੀ ਨਵਦੀਪ ਕੌਰ
ਇਥੇ ਦਸਣਾ ਬਣਦਾ ਹੈ ਕਿ ਪਿਛਲੇ ਮਹੀਨੇ ਮਹਿਕਪ੍ਰੀਤ ਸੇਠੀ ਕਤਲ ਮਾਮਲੇ ਵਿਚ ਸ਼ੱਕੀ ਨੇ ਗੁਨਾਹ ਕਬੂਲ ਕਰ ਲਿਆ ਅਤੇ ਸਰੀ ਪ੍ਰੋਵਿਨਸ਼ੀਅਲ ਕੋਰਟ ਵੱਲੋਂ ਸਜ਼ਾ ਦਾ ਐਲਾਨ 9 ਜਨਵਰੀ 2025 ਨੂੰ ਕੀਤਾ ਜਾਵੇਗਾ। 22 ਨਵੰਬਰ 2022 ਨੂੰ ਸਰੀ ਦੇ ਤਮਨਵਿਸ ਸੈਕੰਡਰੀ ਸਕੂਲ ਦੀ ਪਾਰਕਿੰਗ ਵਿਚ ਮਹਿਕਪ੍ਰੀਤ ਸੇਠੀ ਦਾ ਛੁਰੇ ਮਾਰ ਕੇ ਕਤਲ ਕਰ ਦਿਤਾ ਗਿਆ। 20 ਨਵੰਬਰ 2023 ਨੂੰ ਬੀ.ਸੀ. ਪ੍ਰੌਸੀਕਿਊਸ਼ਨ ਸਰਵਿਸ ਵੱਲੋਂ ਇਕ ਨੌਜਵਾਨ ਵਿਰੁੱਧ ਦੂਜੇ ਦਰਜੇ ਦੀ ਹੱਤਿਆ ਦਾ ਮੁਕੱਦਮਾ ਚਲਾਉਣ ਦੀ ਪ੍ਰਵਾਨਗੀ ਦੇ ਦਿਤੀ ਗਈ। ਮਹਿਕਪ੍ਰੀਤ ਸੇਠੀ ਤਮਨਵਿਸ ਸੈਕੰਡਰੀ ਸਕੂਲ ਦਾ ਵਿਦਿਆਰਥੀ ਨਹੀਂ ਸੀ ਪਰ ਉਹ ਆਪਣੇ ਭਰਾ ਨੂੰ ਜਨਮ ਦਿਨ ਦੀ ਸ਼ੌਪਿੰਗ ਕਰਵਾਉਣ ਦੇ ਇਰਾਦੇ ਨਾਲ ਉਸ ਨੂੰ ਲੈਣ ਸਕੂਲ ਚਲਾ ਗਿਆ। ਸੰਭਾਵਤ ਤੌਰ ’ਤੇ ਛੁਰੇ ਨਾਲ ਹਮਲਾ ਕਰਨ ਵਾਲਾ ਨੌਜਵਾਨ ਅਤੇ ਮਹਿਕਪ੍ਰੀਤ ਸੇਠੀ ਇਕ-ਦੂਜੇ ਨੂੰ ਜਾਣਦੇ ਸਨ। ਸਰੀ ਦੇ ਸਕੂਲ ਵਿਚ ਵਾਪਰੀ ਦੁਖਦ ਘਟਨਾ ਮਗਰੋਂ ਮਹਿਕਪ੍ਰੀਤ ਦੇ ਮਾਪਿਆਂ ਵੱਲੋਂ ਇਨਸਾਫ਼ ਵਾਸਤੇ ਰੋਸ ਵਿਖਾਵੇ ਵੀ ਕੀਤੇ ਗਏ।