ਕੈਨੇਡਾ ਵਿਚ ਬੁਰਾ ਫਸਿਆ ਪੰਜਾਬੀ ਪਰਵਾਰ

ਕੈਨੇਡਾ ਵਿਚ ਪੰਜਾਬੀ ਪਰਵਾਰ ਨੂੰ ਮਕਾਨ ਕਿਰਾਏ ’ਤੇ ਦੇਣਾ ਮਹਿੰਗਾ ਪੈ ਗਿਆ ਅਤੇ ਹੁਣ ਕਿਰਾਏਦਾਰ ਨਾ ਤਾਂ 50 ਹਜ਼ਾਰ ਡਾਲਰ ਬਕਾਇਆ ਅਦਾ ਕਰ ਰਿਹਾ ਹੈ ਅਤੇ ਨਾ ਹੀ ਮਕਾਨ ਖਾਲੀ ਕਰਨ ਨੂੰ ਤਿਆਰ ਹੈ।

Update: 2024-08-09 12:03 GMT

ਟੋਰਾਂਟੋ : ਕੈਨੇਡਾ ਵਿਚ ਪੰਜਾਬੀ ਪਰਵਾਰ ਨੂੰ ਮਕਾਨ ਕਿਰਾਏ ’ਤੇ ਦੇਣਾ ਮਹਿੰਗਾ ਪੈ ਗਿਆ ਅਤੇ ਹੁਣ ਕਿਰਾਏਦਾਰ ਨਾ ਤਾਂ 50 ਹਜ਼ਾਰ ਡਾਲਰ ਬਕਾਇਆ ਅਦਾ ਕਰ ਰਿਹਾ ਹੈ ਅਤੇ ਨਾ ਹੀ ਮਕਾਨ ਖਾਲੀ ਕਰਨ ਨੂੰ ਤਿਆਰ ਹੈ। ਬਰੈਂਪਟਨ ਦੀ ਸੁਪਰਮਾਰਕਿਟ ਵਿਚ ਡਰਾਈਕਲੀਨਿੰਗ ਦਾ ਕਾਰੋਬਾਰ ਕਰਦੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੇ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਖਰੀਦਿਆ ਮਕਾਨ ਇਹ ਸੋਚ ਕੇ ਕਿਰਾਏ ’ਤੇ ਦੇ ਦਿਤਾ ਕੁਝ ਆਮਦਨ ਹੋ ਜਾਵੇਗੀ ਪਰ ਹੁਣ ਮਹਿਲਾ ਕਿਰਾਏਦਾਰ ਹੀ ਪੁਲਿਸ ਕੋਲ ਉਨ੍ਹਾਂ ਦੀ ਸ਼ਿਕਾਇਤ ਕਰ ਰਹੀ ਹੈ। ਗਲੋਬਲ ਨਿਊਜ਼ ਦੀ ਰਿਪੋਰਟ ਮੁਤਾਬਕ ਨਰਿੰਦਰ ਸਿੰਘ ਨੇ ਦਾਅਵਾ ਕੀਤਾ ਕਿ ਮਹਿਲਾ ਕਿਰਾਏਦਾਰ ਨੇ ਚਾਰ ਸਾਲ ਪਹਿਲਾਂ ਉਨ੍ਹਾਂ ਦਾ ਅਪਾਰਟਮੈਂਟ ਕਿਰਾਏ ’ਤੇ ਲਿਆ ਅਤੇ ਉਦੋਂ ਤੋਂ ਹੀ ਟੁੱਟਵਾਂ ਕਿਰਾਇਆ ਦੇ ਰਹੀ ਹੈ।

ਮਹਿਲਾ ਕਿਰਾਏਦਾਰ ਨੇ ਦੱਬਿਆ ਮਕਾਨ

ਉਨ੍ਹਾਂ ਦੱਸਿਆ ਕਿ ਕਿਰਾਏਦਾਰ ਨੇ ਪਹਿਲੇ 9 ਮਹੀਨੇ 2,600 ਡਾਲਰ ਦਾ ਕਿਰਾਇਆ ਸਮੇਂ ਸਿਰ ਅਦਾ ਕੀਤਾ ਪਰ ਇਸ ਮਗਰੋਂ ਅਦਾਇਗੀ ਟੁੱਟਣ ਲੱਗੀ। ਨਰਿੰਦਰ ਸਿੰਘ ਨੇ 2021 ਵਿਚ ਉਨਟਾਰੀਓ ਦੇ ਲੈਂਡਲੌਰਡ ਐਂਡ ਟੈਨੈਂਟ ਬੋਰਡ ਕੋਲ ਅਰਜ਼ੀ ਦਾਇਰ ਕਰਦਿਆਂ ਕਿਰਾਏਦਾਰ ਡੀਕਾ ਰੈਫਲ ਨੂੰ ਮਕਾਨ ਛੱਡਣ ਦੇ ਹੁਕਮ ਦੇਣ ਦੀ ਗੁਜ਼ਾਰਿਸ਼ ਕੀਤੀ ਪਰ ਅੱਜ ਤੱਕ ਮਾਮਲਾ ਉਲਝਿਆ ਹੋਇਆ ਹੈ। ਮਾਯੂਸੀ ਵਿਚ ਡੁੱਬੇ ਨਰਿੰਦਰ ਸਿੰਘ ਕਿਹਾ ਕਿ ਆਪਣੇ ਹੀ ਮਕਾਨ ਵਿਚ ਕਿਰਾਏਦਾਰਾਂ ਨੂੰ ਕੱਢਣਾ ਮੁਸ਼ਕਲ ਹੋ ਰਿਹਾ ਹੈ ਅਤੇ ਸਿਸਟਮ ਦਾ ਬੇੜਾ ਗਰਕ ਹੋ ਚੁੱਕਾ ਹੈ। ਇਥੇ ਦਸਣਾ ਬਣਦਾ ਹੈ ਕਿ 2023 ਵਿਚ ਉਨਟਾਰੀਓ ਦੇ ਔਂਬੁਡਜ਼ਮਨ ਪੌਲ ਡਿਊਬ ਵੱਲੋਂ ਲੈਂਡਲਾਰਡ ਅਤੇ ਟੈਨੈਂਟ ਬੋਰਡ ਵਿਚ ਹਜ਼ਾਰਾਂ ਮਾਮਲੇ ਲਟਕ ਰਹੇ ਹੋਣ ਦਾ ਜ਼ਿਕਰ ਕੀਤਾ ਗਿਆ। ਇਕ ਰਿਪੋਰਟ ਵਿਚ ਪੌਲ ਡਿਊਬ ਨੇ ਪ੍ਰਵਾਨ ਕੀਤਾ ਕਿ ਚਾਰ ਹਜ਼ਾਰ ਤੋਂ ਵੱਧ ਅਰਜ਼ੀਆਂ ਲਟਕ ਰਹੀਆਂ ਹਨ ਜਿਨ੍ਹਾਂ ਵਿਚੋਂ ਜ਼ਿਆਦਾਤਰ ਮਕਾਨ ਮਾਲਕਾਂ ਨਾਲ ਸਬੰਧਤ ਨਜ਼ਰ ਆਈਆਂ। ਬੀਤੀ 7 ਅਗਸਤ ਨੂੰ ਨਰਿੰਦਰ ਸਿੰਘ ਨੂੰ ਉਮੀਦ ਦੀ ਕਿਰਨ ਨਜ਼ਰ ਆਈ ਜਦੋਂ ਲੈਂਡ ਲਾਰਡ ਐਂਡ ਟੈਨੈਂਟ ਬੋਰਡ ਦੀ ਮੈਂਬਰ ਟਿਫਨੀ ਟਿਕੀ ਵੱਲੋਂ ਇਕ ਹੁਕਮ ਜਾਰੀ ਕਰਦਿਆਂ ਕਿਰਾਏਦਾਰ ਨੂੰ ਬਕਾਇਆ ਰਕਮ ਅਦਾ ਕਰਨ ਦੇ ਹੁਕਮ ਦਿਤੇ ਗਏ।

50 ਹਜ਼ਾਰ ਡਾਲਰ ਦਾ ਬਕਾਇਆ ਖੜ੍ਹਾ

ਆਪਣੇ ਹੁਕਮਾਂ ਵਿਚ ਟਿਫਨੀ ਨੇ ਇਹ ਵੀ ਲਿਖਿਆ ਕਿ ਜੇ ਕਿਰਾਏਦਾਰ ਬਕਾਇਆ ਅਦਾ ਨਹੀਂ ਕਰਦੀ ਤਾਂ ਉਸ ਨੂੰ 18 ਅਗਸਤ ਤੋਂ ਪਹਿਲਾਂ ਮਕਾਨ ਖਾਲੀ ਕਰਨਾ ਹੋਵੇਗਾ। ਇਨ੍ਹਾਂ ਹੁਕਮਾਂ ਦੇ ਬਾਵਜੂਦ ਡੀਕਾ ਰੈਫਲ ਅਪੀਲ ਕਰਨ ਦਾ ਯਤਨ ਕਰੇਗੀ ਅਤੇ ਜੇ ਉਹ ਕੋਈ ਅਪੀਲ ਨਹੀਂ ਵੀ ਕਰਦੀ ਤਾਂ ਨਰਿੰਦਰ ਸਿੰਘ ਨੂੰ ਕੋਰਟ ਐਨਫੋਰਸਮੈਂਟ ਦਫ਼ਤਰ ਕੋਲ ਜਾਣਾ ਹੋਵੇਗਾ ਜਿਥੇ ਪਹਿਲਾਂ ਹੀ ਅਰਜ਼ੀਆਂ ਦਾ ਬੈਕਲਾਗ ਬਹੁਤ ਜ਼ਿਆਦਾ ਹੋ ਚੁੱਕਾ ਹੈ। ਦੱਸ ਦੇਈਏ ਕਿ ਟੋਰਾਂਟੋ ਦੇ ਇਟੋਬੀਕੋ ਇਲਾਕੇ ਵਿਚ ਲੇਕ ਉਨਟਾਰੀਓ ਤੋਂ ਕੁਝ ਕਦਮਾਂ ਦੀ ਦੂਰੀ ’ਤੇ ਸਥਿਤ ਬਹੁਮੰਜ਼ਿਲਾ ਇਮਾਰਤ ਵਿਚਲੇ ਅਪਾਰਟਮੈਂਟ ਦਾ ਵਹੀਖਾਤਾ ਦਿਖਾਉਂਦਿਆਂ ਨਰਿੰਦਰ ਸਿੰਘ ਨੇ ਦੱਸਿਆ ਕਿ 41,600 ਡਾਲਰ ਕਿਰਾਏ ਅਤੇ 5,249 ਡਾਲਰ ਦਾ ਬਿਜਲੀ-ਪਾਣੀ ਦਾ ਬਿਲ ਬਕਾਇਆ ਖੜ੍ਹਾ ਹੈ। ਨਰਿੰਦਰ ਸਿੰਘ ਨੇ ਕਿਹਾ ਕਿ ਬਿਨਾ ਸ਼ੱਕ ਕੈਨੇਡਾ ਵਿਚ ਇਸ ਵੇਲੇ ਰਿਹਾਇਸ਼ ਦਾ ਸੰਕਟ ਹੈ ਪਰ ਸੌੜੀ ਸੋਚ ਵਾਲੇ ਲੋਕ ਨਿਯਮ-ਕਾਨੂੰਨ ਦਾ ਫਾਇਦਾ ਉਠਾ ਰਹੇ ਹਨ ਜਦਕਿ ਮਕਾਨ ਮਾਲਕਾਂ ਨੂੰ ਆਪਣੀ ਹੀ ਜਾਇਦਾਦ ਖਾਲੀ ਕਰਵਾਉਣ ਵਾਸਤੇ ਜੂਝਣਾ ਪੈ ਰਿਹਾ ਹੈ। ਚੇਤੇ ਰਹੇ ਕਿ ਬੀਤੇ ਮਈ ਮਹੀਨੇ ਦੌਰਾਨ ਬਰੈਂਪਟਨ ਵਿਖੇ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਸੀ ਜਿਥੇ ਕਿਰਾਏਦਾਰ ਵੱਲ 22 ਹਜ਼ਾਰ ਡਾਲਰ ਦਾ ਬਕਾਇਆ ਹੋਣ ਦੇ ਬਾਵਜੂਦ ਉਸ ਵੱਲੋਂ ਨਾ ਸਿਰਫ ਕਿਰਾਇਆ ਦੇਣ ਤੋਂ ਨਾਂਹ ਕੀਤੀ ਗਈ ਸਗੋਂ ਮਕਾਨ ਖਾਲੀ ਕਰਨ ਤੋਂ ਵੀ ਮੁੱਕਰ ਗਿਆ।

Tags:    

Similar News