Canada ਵਿਚ ਪੰਜਾਬੀ ਕਾਰੋਬਾਰੀ ਨੂੰ 80,500 ਡਾਲਰ ਜੁਰਮਾਨਾ
ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ਨੂੰ ਆਪਣੇ ਮੁਲਾਜ਼ਮਾਂ ਦੀ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ ਹੇਠ 80,500 ਡਾਲਰ ਜੁਰਮਾਨਾ ਕੀਤਾ ਗਿਆ ਹੈ ਅਤੇ ਦੋ ਸਾਲ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿਤੇ ਗਏ ਹਨ
ਵੈਨਕੂਵਰ : ਕੈਨੇਡਾ ਵਿਚ ਪੰਜਾਬੀ ਕਾਰੋਬਾਰੀ ਨੂੰ ਆਪਣੇ ਮੁਲਾਜ਼ਮਾਂ ਦੀ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ ਹੇਠ 80,500 ਡਾਲਰ ਜੁਰਮਾਨਾ ਕੀਤਾ ਗਿਆ ਹੈ ਅਤੇ ਦੋ ਸਾਲ ਨਿਗਰਾਨੀ ਹੇਠ ਰੱਖਣ ਦੇ ਹੁਕਮ ਦਿਤੇ ਗਏ ਹਨ। ‘ਵੈਨਕੂਵਰ ਸਨ’ ਦੀ ਰਿਪੋਰਟ ਮੁਤਾਬਕ ਵਰਕ ਸੇਫ਼ ਬੀ.ਸੀ. ਵੱਲੋਂ ਫ਼ਿਨਿਕਸ ਹੋਮਜ਼ ਲਿਮਟਿਡ ਦੇ ਨਿਰਮਲ ਸਿੰਘ ਤੱਖੜ ਵਿਰੁੱਧ ਜਨਵਰੀ 2023 ਵਿਚ ਪੜਤਾਲ ਆਰੰਭੀ ਗਈ ਜਿਸ ਦੌਰਾਨ ਸਾਹਮਣੇ ਆਇਆ ਕਿ ਤੱਖੜ ਨੇ ਇੰਜਨੀਅਰ ਦੀ ਲਿਖਤੀ ਪ੍ਰਵਾਨਗੀ ਅਤੇ ਮੁਆਇਨੇ ਤੋਂ ਬਗੈਰ ਆਪਣੇ ਕਾਮਿਆ ਨੂੰ ਸਸਪੈਂਡਡ ਸਲੈਬ ਰੈਂਪ ਲਈ ਕੰਕਰੀਟ ਪਾਉਣ ਦੇ ਹੁਕਮ ਦਿਤੇ। ਵਰਕ ਸੇਫ਼ ਬੀ.ਸੀ. ਦੇ ਇਕ ਅਫ਼ਸਰ ਨੇ ਦੇਖਿਆ ਕਿ ਕੰਸਟ੍ਰਕਸ਼ਲ ਵਰਕਰ ਕੰਕਰੀਟ ਪਾ ਰਹੇ ਸਨ ਜਦਕਿ ਕੁਝ ਹੋਰਨਾਂ ਵੱਲੋਂ ਰੈਂਪ ਦੇ ਹੇਠਾਂ ਸ਼ੋਰਿੰਗ ਹਟਾਈ ਜਾ ਰਹੀ ਸੀ।
ਨਿਰਮਲ ਸਿੰਘ ਤੱਖੜ ਨੂੰ 2 ਸਾਲ ਨਿਗਰਾਨੀ ਹੇਠ ਰੱਖਣ ਦੇ ਹੁਕਮ
ਕੰਸਟ੍ਰਕਸ਼ਨ ਸੈਕਟਰ ਵਿਚ ਕਿਸੇ ਢਾਂਚੇ ਨੂੰ ਆਰਜ਼ੀ ਤੌਰ ’ਤੇ ਸਥਿਰ ਰੱਖਣ ਲਈ ਸ਼ੋਰਿੰਗ ਦੀ ਵਰਤੋਂ ਕੀਤੀ ਜਾਂਦੀ ਹੈ। ਅਫ਼ਸਰ ਨੇ ਖ਼ਤਰਾ ਮਹਿਸੂਸ ਹੁੰਦਿਆਂ ਹੀ ਕੰਮ ਰੁਕਵਾ ਦਿਤਾ ਅਤੇ ਕਾਮਿਆਂ ਨੂੰ ਉਸ ਇਲਾਕੇ ਵਿਚੋਂ ਬਾਹਰ ਕੱਢਿਆ। ਕਾਮਿਆਂ ਦੇ ਬਾਹਰ ਜਾਣ ਤੋਂ ਕੁਝ ਪਲ ਬਾਅਦ ਹੀ ਰੈਂਪ ਡਿੱਗ ਗਿਆ ਅਤੇ ਸਾਰਾ ਕੰਕਰੀਟ ਤੇ ਹੋਰ ਮਲਬਾ ਫਰਸ਼ ’ਤੇ ਖਿੰਡ ਗਿਆ। ਹਾਲਾਤ ਦੀ ਗੰਭੀਰਤਾ ਨੂੰ ਵੇਖਦਿਆਂ ਕੰਸਟ੍ਰਕਸ਼ਨ ਸਾਈਟ ’ਤੇ ਕੰਮ ਪੂਰੀ ਤਰਾਂ ਬੰਦ ਕਰਵਾ ਦਿਤਾ ਗਿਆ ਅਤੇ ਮਨੁੱਖੀ ਦਾਖਲਾ ਰੋਕਣ ਲਈ ਟੇਪ ਨਾਲ ਘੇਰਾਬੰਦੀ ਕਰ ਦਿਤੀ। ਦੂਜੇ ਪਾਸੇ ਕੰਮ ਬੰਦ ਕਰਨ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਨਿਰਮਲ ਸਿੰਘ ਤੱਖੜ ਨੇ ਤਿੰਨ ਕਾਮਿਆਂ ਨੂੰ ਸਾਫ਼-ਸਫ਼ਾਈ ਵਾਸਤੇ ਮਨਾਹੀ ਵਾਲੇ ਖੇਤਰ ਵਿਚ ਭੇਜ ਦਿਤਾ। ਨਿਰਮਲ ਸਿੰਘ ਤੱਖੜ ਵਿਰੁੱਧ ਕਿਰਤੀ ਮੁਆਵਜ਼ਾ ਐਕਟ ਅਧੀਨ ਦੋ ਦੋਸ਼ ਆਇਦ ਕੀਤੇ ਗਏ ਜਦਕਿ ਕੰਮ ਬੰਦ ਕਰਨ ਦੇ ਹੁਕਮਾਂ ਦੀ ਤਾਮੀਲ ਕਰਨ ਵਿਚ ਅਸਫ਼ਲ ਰਹਿਣ ਅਤੇ ਕੰਮ ਵਾਲੀ ਥਾਂ ’ਤੇ ਦਿਲ ਕੰਬਾਊ ਹਾਦਸੇ ਦਾ ਦੋਸ਼ ਵੱਖਰੇ ਤੌਰ ’ਤੇ ਲਾਇਆ ਗਿਆ।
ਕੰਸਟ੍ਰਕਸ਼ਨ ਕੰਪਨੀ ਦੇ ਮੁਲਾਜ਼ਮਾਂ ਦੀ ਜਾਨ ਖ਼ਤਰੇ ਵਿਚ ਪਾਉਣ ਦੇ ਦੋਸ਼ ਕਬੂਲੇ
ਤੱਖੜ ਨੇ ਸਾਰੇ ਦੋਸ਼ ਕਬੂਲ ਕਰ ਲਏ ਜਿਸ ਮਗਰੋਂ ਸਜ਼ਾ ਅਤੇ ਜੁਰਮਾਨੇ ਦਾ ਐਲਾਨ ਕੀਤਾ ਗਿਆ। ਪ੍ਰੋਬੇਸ਼ਨ ਦੇ ਸਮੇਂ ਦੌਰਾਨ ਨਿਰਮਲ ਸਿੰਘ ਤੱਖੜ ਵਾਸਤੇ ਲਾਜ਼ਮੀ ਹੈ ਕਿ ਉਹ ਇਕ ਕਾਬਲ ਸਿਹਤ ਅਤੇ ਸੁਰੱਖਿਆ ਸਲਾਹਕਾਰ ਦੀਆਂ ਸੇਵਾਵਾਂ ਲੈਂਦਿਆਂ ਸੁਰੱਖਿਆ ਯੋਜਨਾ ਦੀ ਸਿਰਜਣਾ ਕਰੇ। ਇਸ ਤੋਂ ਇਲਾਵਾ ਨਿਰਮਲ ਸਿੰਘ ਨੂੰ ਹਦਾਇਤ ਦਿਤੀ ਗਈ ਹੈ ਕਿ ਉਸ ਦੀ ਮਾਲਕੀ ਵਾਲੀਆਂ ਸਾਰੀਆਂ ਕੰਪਨੀਆਂਵਿਚ ਸਿਹਤ ਅਤੇ ਸੁਰੱਖਿਆ ਸ਼ਰਤਾਂ ਸਖ਼ਤੀ ਨਾਲ ਲਾਗੂ ਕੀਤੀਆਂ ਜਾਣ। ਨਿਰਮਲ ਸਿੰਘ ਨੂੰ ਸੁਰੱਖਿਆ ਅਫ਼ਸਰ ਵਜੋਂ ਕਿਸੇ ਵੀ ਜਗ੍ਹਾ ’ਤੇ ਜਾਣ ਤੋਂ ਰੋਕਿਆ ਗਿਆ ਹੈ ਅਤੇ ਮੁਲਾਜ਼ਮਾਂ ਦੀ ਤਬਦੀਲੀ ਕਰਨ ਤੋਂ ਪਹਿਲਾਂ ਪ੍ਰੋਬੇਸ਼ਨ ਅਫ਼ਸਰ ਨੂੰ ਇਤਲਾਹ ਦੇਣੀ ਹੋਵੇਗੀ। ਵਰਕ ਸੇਫ਼ ਬੀ.ਸੀ. ਦੇ ਟੌਡ ਮੈਕਡੌਨਲਡ ਨੇ ਕਿਹਾ ਕਿ ਸਜ਼ਾ ਰਾਹੀਂ ਸਪੱਸ਼ਟ ਸੁਨੇਹਾ ਦਿਤਾ ਗਿਆ ਹੈ ਕਿ ਕੰਮ ਵਾਲੀ ਥਾਂ ’ਤੇ ਸੁਰੱਖਿਆ ਮੁਹੱਈਆ ਕਰਵਾਉਣੀ ਇੰਪਲੌਇਰਜ਼ ਦਾ ਕਨੂੰਨੀ ਫ਼ਰਜ਼ ਹੈ। ਜਿਹੜੇ ਕਾਰੋਬਾਰੀ ਕੋਤਾਹੀ ਵਰਤਣਗੇ ਅਤੇ ਇਸ ਦੇ ਸਿੱਟੇ ਵਜੋਂ ਗੰਭੀਰ ਜ਼ਖਮੀ ਹੋਣ ਜਾਂ ਮੌਤ ਦਾ ਖ਼ਤਰਾ ਪੈਦਾ ਹੁੰਦਾ ਹੈ ਤਾਂ ਕਾਨੂੰਨੀ ਸਿੱਟੇ ਭੁਗਤਣੇ ਹੋਣਗੇ।