ਬਰੈਂਪਟਨ ਵਿਖੇ ਗੋਲੀਆਂ ਚਲਾਉਣ ਦੇ ਮਾਮਲੇ ਵਿਚ ਪੰਜਾਬੀ ਗ੍ਰਿਫ਼ਤਾਰ

ਬਰੈਂਪਟਨ ਵਿਖੇ ਗੋਲੀਬਾਰੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 24 ਸਾਲ ਦੇ ਰਾਹੁਲ ਸਹੋਤਾ ਨੂੰ ਗ੍ਰਿਫ਼ਤਾਰ ਕਰਦਿਆਂ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ।

Update: 2024-10-11 12:00 GMT

ਬਰੈਂਪਟਨ : ਬਰੈਂਪਟਨ ਵਿਖੇ ਗੋਲੀਬਾਰੀ ਦੇ ਮਾਮਲੇ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 24 ਸਾਲ ਦੇ ਰਾਹੁਲ ਸਹੋਤਾ ਨੂੰ ਗ੍ਰਿਫ਼ਤਾਰ ਕਰਦਿਆਂ ਵੱਖ ਵੱਖ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਮੁਤਾਬਕ ਬੀਤੀ 13 ਅਗਸਤ ਨੂੰ ਗਾਰਡਨ ਬਰੂਕ ਟ੍ਰੇਲ ਅਤੇ ਕੈਸਲਮੋਰ ਰੋਡ ਇਲਾਕੇ ਵਿਚ ਕੁਝ ਨੌਜਵਾਨ ਇਕੱਠੇ ਬੈਠੇ ਸਨ ਜਦੋਂ ਇਕ ਸ਼ਖਸ ਆਇਆ ਅਤੇ ਉਨ੍ਹਾਂ ਉਤੇ ਗੋਲੀਆਂ ਚਲਾ ਦਿਤੀਆਂ। ਵਾਰਦਾਤ ਦੌਰਾਨ ਕਿੰਨੇ ਜਣੇ ਜ਼ਖਮੀ ਹੋਏ, ਇਸ ਬਾਰੇ ਪੁਲਿਸ ਨੇ ਵਿਸਤਾਰਤ ਜਾਣਕਾਰੀ ਨਹੀਂ ਦਿਤੀ ਪਰ ਮਾਮਲੇ ਦੀ ਤਹਿ ਤੱਕ ਜਾਂਦਿਆਂ ਰਾਹੁਲ ਸਹੋਤਾ ਵਿਰੁੱਧ ਇਰਾਦਾ ਕਤਲ ਦੇ ਦੋ, ਜਾਣਬੁੱਝ ਕੇ ਪਸਤੌਲ ਚਲਾਉਣ ਦੇ ਇਕ, ਹਮਲਾ ਕਰਨ ਦਾ ਇਕ ਅਤੇ ਪੁਲਿਸ ਅਫਸਰ ਦੇ ਕੰਮ ਵਿਚ ਅੜਿੱਥਾ ਡਾਹੁਣ ਦਾ ਦੋਸ਼ ਆਇਦ ਕੀਤੇ ਗਏ ਹਨ।

ਰਾਹੁਲ ਸਹੋਤਾ ਵਿਰੁੱਧ ਲੱਗੇ ਇਰਾਦਾ ਕਤਲ ਦੇ 2 ਦੋਸ਼

ਇਸੇ ਦੌਰਾਨ ਗੱਡੀਆਂ ਵੇਚਣ ਦੇ ਮਾਮਲੇ ਵਿਚ ਠੱਗੀ ਦੀ ਪੜਤਾਲ ਕਰ ਰਹੀ ਪੀਲ ਰੀਜਨਲ ਪੁਲਿਸ ਵੱਲੋਂ 30 ਸਾਲ ਦੇ ਸਦਫ਼ ਫਾਰੂਕ ਨੂੰ ਗ੍ਰਿਫ਼ਤਾਰ ਕਰਦਿਆਂ ਲੋਕਾਂ ਨੂੰ ਠੱਗਣ ਅਤੇ ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਰੱਖਣ ਦੇ ਦੋਸ਼ ਆਇਦ ਕੀਤੇ ਗਏ ਹਨ। ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਗੱਡੀ ਖਰੀਦਣ ਤੋਂ ਪਹਿਲਾਂ ਕਿਸੇ ਅਣਪਛਾਤੇ ਸ਼ਖਸ ਨੂੰ ਕੋਈ ਪੇਸ਼ਗੀ ਰਕਮ ਨਾ ਦਿਤੀ ਜਾਵੇ। ਇਥੇ ਦਸਣਾ ਬਣਦਾ ਹੈ ਕਿ ਸਦਫ਼ ਫਾਰੂਕ ਵੱਲੋਂ ਕਥਿਤ ਤੌਰ ’ਤੇ ਅਪੌਨਿਕ ਲੀਜ਼ਿੰਗ ਨਾਂ ਦੀ ਫ਼ਰਮ ਬਣਾਈ ਹੋਈ ਸੀ ਜਿਸ ਰਾਹੀਂ ਵੱਖ ਵੱਖ ਮੀਡੀਆ ਸੋਸ਼ਲ ਮੀਡੀਆ ਪਲੈਟਫਾਰਮਜ਼ ’ਤੇ ਮਹਿੰਗੀਆਂ ਗੱਡੀਆਂ ਵੇਚਣ ਦੇ ਇਸ਼ਤਿਹਾਰ ਦਿਤੇ ਜਾਂਦੇ। ਗੱਡੀ ਦੇ ਇਕ ਸੌਦੇ ਦੌਰਾਨ ਸ਼ੱਕੀ ਨੇ ਗੈਰਮਾਨਤਾ ਪ੍ਰਾਪਤ ਕਾਰ ਡੀਲਰਸ਼ਿਪ ’ਤੇ ਪੀੜਤ ਨਾਲ ਮੁਲਾਕਾਤ ਕੀਤੀ ਅਤੇ ਮਹਿੰਗੀ ਗੱਡੀ ਸਸਤੇ ਭਾਅ ਦਿਵਾਉਣ ਦਾ ਲਾਰਾ ਲਾ ਕੇ ਪੇਸ਼ਗੀ ਰਕਮ ਲੈ ਲਈ। ਇਸ ਮਗਰੋਂ ਪੀੜਤ ਨੂੰ ਨਾ ਗੱਡੀ ਮਿਲੀ ਅਤੇ ਨਾ ਹੀ ਰਕਮ ਵਾਪਸ ਆਈ। ਪੁਲਿਸ ਦਾ ਮੰਨਣਾ ਹੈ ਕਿ ਹੁਣ ਤੱਕ ਲੋਕਾਂ ਨਾਲ 76 ਹਜ਼ਾਰ ਡਾਲਰ ਦੀ ਠੱਗੀ ਵੱਜ ਚੁੱਕੀ ਹੈ। ਪੁਲਿਸ ਨੇ ਲੋਕਾਂ ਨੂੰ ਸੁਝਾਅ ਦਿਤਾ ਕਿ ਉਹ ਸਿਰਫ ਤਸਵੀਰਾਂ ਦੇਖ ਕੇ ਗੱਡੀ ਖਰੀਦਣ ਦਾ ਮਨ ਨਾ ਬਣਾਉਣ ਅਤੇ ਮੌਕੇ ’ਤੇ ਜਾ ਕੇ ਗੱਡੀ ਦੇਖਣ ਅਤੇ ਹਰ ਪੱਖੋਂ ਪੂਰੀ ਤਸੱਲੀ ਹੋਣ ਤੋਂ ਬਾਅਦ ਹੀ ਕੋਈ ਸੌਦਾ ਕੀਤਾ ਜਾਵੇ।

ਬਰੈਂਪਟਨ ਦੇ ਹੀ ਸਦਫ਼ ਫਾਰੂਕ ਵਿਰੁੱਧ ਲੱਗੇ ਠੱਗੀ ਦੇ ਦੋਸ਼

ਗੱਡੀ ਖਰੀਦਣ ਤੋਂ ਪਹਿਲਾਂ ਇਸ ਦੀ ਹਿਸਟਰੀ ਰਿਪੋਰਟ ਜ਼ਰੂਰ ਹਾਸਲ ਕੀਤੀ ਜਾਵੇ ਅਤੇ ਉਨ੍ਹਾਂ ਡੀਲਰਾਂ ਜਾਂ ਗੱਡੀ ਵੇਚਣ ਵਾਲਿਆਂ ਤੋਂ ਦੂਰੀ ਕਾਇਮ ਕਰ ਲਵੋ ਜੋ ਜਲਦ ਤੋਂ ਜਲਦ ਗੱਡੀ ਵੇਚਣਾ ਚਾਹੁੰਦੇ ਹਨ। ਪੀਲ ਰੀਜਨਲ ਪੁਲਿਸ ਦੇ ਫਰੌਡ ਬਿਊਰੋ ਦਾ ਮੰਨਣਾ ਹੈ ਕਿ ਠੱਗੀ ਦੇ ਸ਼ਿਕਾਰ ਬਣੇ ਲੋਕਾਂ ਦੀ ਗਿਣਤੀ ਜ਼ਿਆਦਾ ਹੋ ਸਕਦੀ ਹੈ ਅਤੇ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 905 453 2121 ਐਕਸਟੈਨਸ਼ਨ 3335 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਪੀਲ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

Tags:    

Similar News