ਜਸਟਿਨ ਟਰੂਡੋ ’ਤੇ ਅਸਤੀਫ਼ਾ ਦੇਣ ਲਈ ਦਬਾਅ ਵਧਿਆ

ਲਿਬਰਲ ਪਾਰਟੀ ਦੇ ਗੜ੍ਹ ਵਿਚ ਹੋਈ ਹਾਰ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ।;

Update: 2024-06-29 07:50 GMT

ਔਟਵਾ : ਲਿਬਰਲ ਪਾਰਟੀ ਦੇ ਗੜ੍ਹ ਵਿਚ ਹੋਈ ਹਾਰ ਮਗਰੋਂ ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ’ਤੇ ਅਸਤੀਫ਼ਾ ਦੇਣ ਲਈ ਦਬਾਅ ਵਧਦਾ ਜਾ ਰਿਹਾ ਹੈ। ਜੀ ਹਾਂ, ਨਿਊ ਬ੍ਰਨਜ਼ਵਿਕ ਤੋਂ ਲਿਬਰਲ ਐਮ.ਪੀ. ਵੇਨ ਲੌਂਗ ਨੇ ਕਿਹਾ ਹੈ ਕਿ ਪਾਰਟੀ ਨੂੰ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ। ਟਰੂਡੋ ਦਾ ਅਸਤੀਫ਼ਾ ਮੰਗਣ ਵਾਲੇ ਉਹ ਪਹਿਲੇ ਲਿਬਰਲ ਐਮ.ਪੀ. ਹਨ। ਉਧਰ ਸਾਬਕਾ ਕੈਬਨਿਟ ਮੰਤਰੀ ਕੈਥਰੀਨ ਮਕੈਨਾ ਨੇ ਟਰੂਡੋ ਦੇ ਅਸਤੀਫੇ ਦੀ ਮੰਗ ਕਰਦਿਆਂ ਕਿਹਾ ਕਿ ਲਿਬਰਲ ਪਾਰਟੀ ਸਿਰਫ ਇਕ ਜਣੇ ਤੱਕ ਸੀਮਤ ਨਹੀਂ। ਪਾਰਟੀ ਦੇ ਆਪਣੇ ਅਸੂਲ ਅਤੇ ਕਦਰਾਂ-ਕੀਮਤਾਂ ਹਨ ਅਤੇ ਇਸ ਵੇਲੇ ਸਭ ਤੋਂ ਵੱਡਾ ਮਸਲਾ ਕੈਨੇਡਾ ਵਾਸੀਆਂ ਦੀ ਜ਼ਿੰਦਗੀ ਬਿਹਤਰ ਬਣਾਉਣ ਦਾ ਹੈ। ਕੈਥਰੀਨ ਨੇ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਵਿਰਾਸਤ ’ਤੇ ਮਾਣ ਕੀਤਾ ਜਾ ਸਕਦਾ ਹੈ ਪਰ ਹੁਣ ਨਵੇਂ ਵਿਚਾਰਾਂ ਦਾ ਸਮਾਂ ਆ ਗਿਆ ਹੈ।

ਲਿਬਰਲ ਐਮ.ਪੀ. ਅਤੇ ਸਾਬਕਾ ਕੈਬਨਿਟ ਮੰਤਰੀ ਵੱਲੋਂ ਕੁਰਸੀ ਛੱਡਣ ਦਾ ਸੱਦਾ

ਪਾਰਟੀ ਵਿਚ ਨਵੀਂ ਰੂਹ ਫੂਕਣ ਲਈ ਨਵੇਂ ਆਗੂ ਦੀ ਜ਼ਰੂਰਤ ਹੈ। ਇਸ ਵਾਰ ਚੋਣਾਂ ’ਤੇ ਬਹੁਤ ਕੁਝ ਦਾਅ ’ਤੇ ਲੱਗਾ ਹੋਇਆ ਹੈ ਅਤੇ ਮੁਲਕ ਦਾ ਅਰਥਚਾਰਾ ਦੇ ਕਲਾਈਮੇਟ ਅਹਿਮ ਮੁੱਦੇ ਬਣ ਚੁੱਕੇ ਹਨ। ਦੱਸ ਦੇਈਏ ਕਿ ਕੈਥਰੀਨ ਮਕੈਨਾ 2015 ਤੋਂ 2021 ਤੱਕ ਟਰੂਡੋ ਮੰਤਰੀ ਮੰਡਲ ਦਾ ਅਹਿਮ ਹਿੱਸਾ ਰਹੀ। ਸਭ ਤੋਂ ਪਹਿਲਾਂ ਉਨ੍ਹਾਂ ਨੂੰ ਐਨਵਾਇਰਨਮੈਂਟ ਮੰਤਰਾਲਾ ਦਿਤਾ ਗਿਆ ਅਤੇ ਇਸ ਮਗਰੋਂ ਇਨਫਰਾਸਟ੍ਰਕਚਰ ਮਹਿਕਮੇ ਦੀ ਜ਼ਿੰਮੇਵਾਰੀ ਸੌਂਪੀ ਗਈ। ਭਾਵੇਂ ਟਰੂਡੋ ਦੇ ਮੌਜੂਦਾ ਮੰਤਰੀ ਜਨਤਕ ਤੌਰ ’ਤੇ ਉਨ੍ਹਾਂ ਦੇ ਨਾਲ ਖੜ੍ਹੇ ਹਨ ਪਰ ਅੰਦਰਖਾਤੇ ਬਾਗੀ ਸੁਰਾਂ ਉਭਰਨ ਦੀਆਂ ਕਨਸੋਆਂ ਮਿਲ ਰਹੀਆਂ ਹਨ। ਇਸ ਤੋਂ ਪਹਿਲਾਂ ਬੀ.ਸੀ. ਦੀ ਸਾਬਕਾ ਪ੍ਰੀਮੀਅਰ ਕ੍ਰਿਸਟੀ ਕਲਾਰਕ ਨੇ ਟਰੂਡੋ ਦੇ ਅਸਤੀਫ਼ੇ ਦੀ ਮੰਗ ਕਰਦਿਆਂ ਕਿਹਾ ਸੀ ਕਿ ਉਨ੍ਹਾਂ ਨੂੰ ਅਜਿਹੀ ਲਿਬਰਲ ਪਾਰਟੀ ਚਾਹੀਦੀ ਹੈ ਜਿਸ ਨੂੰ ਵੋਟ ਪਾਉਣ ਦਾ ਮਨ ਬਣਾ ਸਕਣ। ਲਿਬਰਲ ਐਮ.ਪੀ. ਵੇਨ ਲੌਂਗ ਦਾ ਜ਼ਿਕਰ ਕੀਤਾ ਜਾਵੇ ਤਾਂ ਉਨ੍ਹਾਂ ਨੇ ਪਾਰਟੀ ਕੌਕਸ ਨੂੰ ਭੇਜੀ ਇਕ ਈਮੇਲ ਵਿਚ ਕਿਹਾ, ‘‘ਸਾਡੀ ਪਾਰਟੀ ਦੇ ਭਵਿੱਖ ਅਤੇ ਮੁਲਕ ਦੀ ਬਿਹਤਰੀ ਵਾਸਤੇ ਸਾਨੂੰ ਨਵੀਂ ਲੀਡਰਸ਼ਿਪ ਦੀ ਜ਼ਰੂਰਤ ਹੈ ਜੋ ਨਵੀਂ ਸੇਧ ਦੇ ਸਕੇ। ਮੁਲਕ ਦੇ ਵੋਟਰਾਂ ਦੀ ਸੁਰ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਉਹ ਤਬਦੀਲੀ ਚਾਹੁੰਦੇ ਹਨ।’’ ਵੇਨ ਲੌਂਗ ਦੇ ਪਿਛੋਕੜ ’ਤੇ ਝਾਤ ਮਾਰੀ ਜਾਵੇ ਤਾਂ 2017 ਵਿਚ ਉਨ੍ਹਾਂ ਨੂੰ ਦੋ ਪਾਰਲੀਮਾਨੀ ਕਮੇਟੀਆਂ ਵਿਚੋਂ ਸਿਰਫ ਇਸ ਕਰ ਕੇ ਕੱਢ ਦਿਤਾ ਗਿਆ ਸੀ ਕਿਉਂਕਿ ਉਨ੍ਹਾਂ ਵੱਲੋਂ ਛੋਟੇ ਕਾਰੋਬਾਰੀਆਂ ਨਾਲ ਸਬੰਧਤ ਟੈਕਸਾਂ ਵਿਚ ਤਬਦੀਲੀ ਲਈ ਕੰਜ਼ਰਵੇਟਿਵ ਪਾਰਟੀ ਦੇ ਬਿਲ ਦੀ ਹਮਾਇਤ ਕੀਤੀ ਗਈ। ਇਸੇ ਦੌਰਾਨ ਨਿਊਫਾਊਂਡਲੈਂਡ ਐਂਡ ਲੈਬਰਾਡੌਰ ਤੋਂ ਲਿਬਰਲ ਐਮ.ਪੀ. ਕੈਨ ਮੈਕਡੌਨਲਡ ਨੇ ਵੇਨ ਲੌਂਗ ਦੀ ਰਾਏ ਨਾਲ ਸਹਿਮਤੀ ਜ਼ਾਹਰ ਕਰਦਿਆਂ ਹਿੰਮਤ ਦਿਖਾਉਣ ਲਈ ਉਨ੍ਹਾਂ ਦੀ ਪਿੱਠ ਥਾਪੜੀ ਪਰ ਨਾਲ ਹੀ ਕਿਹਾ ਕਿ ਉਹ ਟਰੂਡੋ ਦੇ ਅਸਤੀਫੇ ਦੀ ਮੰਗ ਨਹੀਂ ਕਰ ਰਹੇ। ਹੈਰਾਨੀ ਇਸ ਗੱਲ ਦੀ ਹੈ ਕਿ ਕੈਨ ਮੈਕਡੌਨਲਡ ਕਾਰਬਨ ਟੈਕਸ ਦੇ ਮੁੱਦੇ ’ਤੇ ਆਪਣੀ ਹੀ ਪਾਰਟੀ ਵਿਰੁੱਧ ਦੋ ਵਾਰ ਵੋਟ ਪਾ ਚੁੱਕੇ ਹਨ। ਸੂਤਰਾਂ ਨੇ ਦੱਸਿਆ ਕਿ ਕਿੰਗਸਟਨ ਤੋਂ ਐਮ.ਪੀ. ਮਾਰਕ ਜੈਰਟਸਨ ਵੱਲੋਂ ਪਾਰਟੀ ਮੈਂਬਰਾਂ ਨੂੰ ਸੰਜਮ ਰੱਖਣ ਦਾ ਸੱਦਾ ਦਿਤਾ ਗਿਆ ਹੈ। ਇਥੇ ਦਸਣਾ ਬਣਦਾ ਹੈ ਕਿ ਕੰਜ਼ਰਵੇਟਿਵ ਪਾਰਟੀ 2011 ਮਗਰੋਂ ਟੋਰਾਂਟੋ ਅਤੇ ਇਸ ਦੇ ਨਾਲ ਲਗਦੇ ਇਲਾਕਿਆਂ ਵਿਚ ਕੋਈ ਵੀ ਸੀਟ ਜਿੱਤਣ ਵਿਚ ਅਸਫਲ ਰਹੀ ਪਰ ਡੌਨ ਸਟੂਅਰਟ ਨੇ ਇਸ ਰੁਝਾਨ ਨੂੰ ਤੋੜਿਆ। 

Tags:    

Similar News