ਕੈਨੇਡਾ ਤੋਂ ਭਗੌੜਾ ਪੰਜਾਬੀ ਫੜਨ ਲਈ ਪੁਲਿਸ ਨੇ ਮੰਗੀ ਮਦਦ
ਮਿਸੀਸਾਗਾ ਦੇ ਗੈਸ ਸਟੇਸ਼ਨ ’ਤੇ ਪੰਜਾਬਣ ਮੁਟਿਆਰ ਦਾ ਕਤਲ ਕਰ ਕੇ ਫਰਾਰ ਹੋਇਆ ਧਰਮ ਸਿੰਘ ਧਾਲੀਵਾਲ ਹੁਣ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ
ਬਰੈਂਪਟਨ : ਮਿਸੀਸਾਗਾ ਦੇ ਗੈਸ ਸਟੇਸ਼ਨ ’ਤੇ ਪੰਜਾਬਣ ਮੁਟਿਆਰ ਦਾ ਕਤਲ ਕਰ ਕੇ ਫਰਾਰ ਹੋਇਆ ਧਰਮ ਸਿੰਘ ਧਾਲੀਵਾਲ ਹੁਣ ਤੱਕ ਪੁਲਿਸ ਦੀ ਗ੍ਰਿਫ਼ਤ ਤੋਂ ਬਾਹਰ ਹੈ ਅਤੇ ਪੀਲ ਰੀਜਨਲ ਪੁਲਿਸ ਨੇ ਕਿਹਾ ਹੈ ਕਿ 3 ਜੂਨ ਤੱਕ ਸ਼ੱਕੀ ਨੂੰ ਇਨਸਾਫ਼ ਦੇ ਕਟਹਿਰੇ ਵਿਚ ਨਾ ਲਿਆਂਦਾ ਗਿਆ ਤਾਂ ਉਸ ਦੇ ਸਿਰ ’ਤੇ ਰੱਖਿਆ 50 ਹਜ਼ਾਰ ਡਾਲਰ ਦਾ ਇਨਾਮ ਖਤਮ ਹੋ ਜਾਵੇਗਾ। ਕੈਨੇਡਾ ਦੇ ਚੋਟੀ ਦੇ 25 ਭਗੌੜਿਆਂ ਦੀ ਸੂਚੀ ਵਿਚ ਧਰਮ ਸਿੰਘ ਧਾਲੀਵਾਲ ਦਾ ਨਾਂ ਸ਼ਾਮਲ ਹੈ ਜੋ 3 ਦਸੰਬਰ 2022 ਦੀ ਵਾਰਦਾਤ ਤੋਂ ਬਾਅਦ ਮੁੜ ਨਜ਼ਰ ਨਹੀਂ ਆਇਆ। ਇਥੇ ਦਸਣਾ ਬਣਦਾ ਹੈ ਕਿ ਮਿਸੀਸਾਗਾ ਦੇ ਬ੍ਰਿਟੈਨੀਆ ਰੋਡ ਵੈਸਟ ਅਤੇ ਕ੍ਰੈਡਿਟਵਿਊ ਰੋਡ ’ਤੇ ਸਥਿਤ ਪੈਟਰੋ-ਕੈਨੇਡਾ ਗੈਸ ਸਟੇਸ਼ਨ ’ਤੇ ਕੰਮ ਕਰਦੀ 21 ਸਾਲ ਦੀ ਪਵਨਪ੍ਰੀਤ ਕੌਰ ਦਾ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ ਅਤੇ ਪੁਲਿਸ ਤੋਂ ਬਚਣ ਲਈ ਧਾਲੀਵਾਲ ਨੇ ਖੁਦਕੁਸ਼ੀ ਦਾ ਕਥਿਤ ਡਰਾਮਾ ਵੀ ਕੀਤਾ।
3 ਜੂਨ ਤੋਂ ਬਾਅਦ ਖਤਮ ਹੋ ਜਾਵੇਗਾ 50 ਹਜ਼ਾਰ ਡਾਲਰ ਦਾ ਇਨਾਮ
ਪੀਲ ਰੀਜਨਲ ਪੁਲਿਸ ਹੁਣ ਤੱਕ ਇਸ ਮਾਮਲੇ ਵਿਚ ਪ੍ਰਿਤਪਾਲ ਧਾਲੀਵਾਲ ਅਤੇ ਅਮਰਜੀਤ ਧਾਲੀਵਾਲ ਨੂੰ ਗ੍ਰਿਫ਼ਤਾਰ ਕਰ ਚੁੱਕੀ ਹੈ ਜਿਨ੍ਹਾਂ ਵਿਰੁੱਧ ਕਤਲ ਵਿਚ ਸਹਾਇਕ ਹੋਣ ਦੇ ਦੋਸ਼ ਲੱਗੇ। ਧਰਮ ਧਾਲੀਵਾਲ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਉਸ ਦਾ ਕੱਦ ਪੰਜ ਫੁੱਟ 7 ਇੰਚ ਅਤੇ ਵਾਲ ਕਾਲੇ ਹਨ। ਸ਼ੱਕੀ ਦੀਆਂ ਅੱਖਾਂ ਭੂਰੀਆਂ ਅਤੇ ਖੱਬੇ ਹੱਥ ’ਤੇ ਟੈਟੂ ਬਣਿਆ ਹੋਇਆ ਹੈ। ਪੁਲਿਸ ਮੁਤਾਬਕ ਉਸ ਨੇ ਦਾੜ੍ਹੀ ਵੀ ਰੱਖੀ ਹੋ ਸਕਦੀ ਹੈ। ਪੁਲਿਸ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਨੂੰ ਧਰਮ ਧਾਲੀਵਾਲ ਨਜ਼ਰ ਆਉਂਦਾ ਹੈ ਤਾਂ ਉਸ ਨੂੰ ਆਪਣੇ ਤੌਰ ’ਤੇ ਫੜਨ ਦਾ ਯਤਨ ਨਾ ਕੀਤਾ ਜਾਵੇ ਕਿਉਂਕਿ ਉਹ ਹਥਿਆਰਬੰਦ ਅਤੇ ਖਤਰਨਾਕ ਹੋ ਸਕਦਾ ਹੈ। ਦੂਜੇ ਪਾਸੇ ਟੋਰਾਂਟੋ ਪੁਲਿਸ ਤਿੰਨ ਔਰਤਾਂ ਦੀ ਭਾਲ ਕਰ ਰਹੀ ਹੈ ਜਿਨ੍ਹਾਂ ਨੇ ਸਕਾਰਬ੍ਰੋਅ ਦੇ ਪੰਜ ਸਟੋਰਾਂ ਵਿਚ ਹੈਰਾਨਕੁੰਨ ਤਰੀਕੇ ਨਾਲ ਲੋਕਾਂ ਨੂੰ ਲੁੱਟਿਆ। ਪੁਲਿਸ ਮੁਤਾਬਕ ਇਹ ਔਰਤਾਂ ਸਟੋਰ ਵਿਚ ਜਾਂਦੀਆਂ ਅਤੇ ਪੀੜਤਾਂ ਨੂੰ ਵਰਗਲਾਉਣ ਦੇ ਯਤਨ ਕਰਦੀਆਂ। ਜਿਉਂ ਹੀ ਪੀੜਤਾਂ ਦਾ ਧਿਆਨ ਭਟਕਦਾ, ਉਨ੍ਹਾਂ ਦੀ ਨਕਦੀ ਲੈ ਕੇ ਫਰਾਰ ਹੋ ਜਾਂਦੀਆਂ। ਜੂਨ 2024 ਤੋਂ ਅਪ੍ਰੈਲ 2025 ਦਰਮਿਆਨ ਇਨ੍ਹਾਂ ਔਰਤਾਂ ਨੇ ਪੰਜ ਵਾਰਦਾਤਾਂ ਕੀਤੀਆਂ ਅਤੇ ਨਿਸ਼ਾਨਾ ਬਣਨ ਵਾਲੇ ਸਟੋਰ ਦੇ ਮੁਲਾਜ਼ਮ ਜਾਂ ਮਾਲਕ ਸਨ।
ਟੋਰਾਂਟੋ ਪੁਲਿਸ 3 ਚੋਰਨੀਆਂ ਦੀ ਭਾਲ ਵਿਚ ਜੁਟੀ
ਟੋਰਾਂਟੋ ਪੁਲਿਸ ਨੇ ਪੜਤਾਲ ਦੌਰਾਨ ਦੇਖਿਆ ਕਿ ਇਹ ਔਰਤਾਂ ਹਰ ਵਾਰ ਇਕ ਗੂੜ੍ਹੇ ਰੰਗ ਦੀ ਔਡੀ ਜਾਂ ਐਸ.ਯੂ.ਵੀ. ਰਾਹੀਂ ਫਰਾਰ ਹੋਈਆਂ। ਤਾਜ਼ਾ ਵਾਰਦਾਤ 22 ਅਪ੍ਰੈਲ ਨੂੰ ਡੈਨਫਰਥ ਰੋਡ ਅਤੇ ਡੈਨਫਰਥ ਐਵੇਨਿਊ ਨੇੜੇ ਸਾਹਮਣੇ ਆਈ। ਇਸ ਤੋਂ ਪਹਿਲਾਂ 19 ਅਪ੍ਰੈਲ ਨੂੰ ਮਿਡਵੈਸਟ ਰੋਡ ਅਤੇ ਮਿਡਲੈਂਡ ਐਵੇਨਿਊ ਏਰੀਆ ਅਤੇ 13 ਮਾਰਚ ਨੂੰ ਡੈਨਫਰਥ ਰੋਡ ਅਤੇ ਮਿਡਲੈਂਡ ਐਵੇਨਿਊ ਇਲਾਕੇ ਵਿਚ ਵੀ ਮਾਮਲੇ ਸਾਹਮਣੇ ਆਏ। ਪਿਛਲੇ ਸਾਲ 19 ਜੂਨ ਅਤੇ 20 ਜੂਨ ਨੂੰ ਲਗਾਤਾਰ ਦੋ ਵਾਰਦਾਤਾਂ ਸੇਂਟ ਕਲੇਅਰ ਐਵੇਨਿਊ ਅਤੇ ਕਿੰਗਸਟਨ ਰੋਡ ਏਰੀਆ ਤੋਂ ਇਲਾਵਾ ਮਾਊਂਟਜੁਆਏ ਐਵੇਨਿਊ ਅਤੇ ਲੈਂਬ ਐਵੇਨਿਊ ਇਲਾਕੇ ਵਿਚ ਵਾਪਰੀਆਂ। ਫਿਲਹਾਲ ਪੁਲਿਸ ਵੱਲੋਂ ਸਪੱਸ਼ਟ ਨਹੀਂ ਕੀਤਾ ਗਿਆ ਕਿ ਪੰਜ ਵਾਰਦਾਤਾਂ ਦੌਰਾਨ ਕਿੰਨੀ ਰਕਮ ਚੋਰੀ ਹੋਈ। ਔਰਤਾਂ ਦਾ ਹੁਲੀਆ ਜਾਰੀ ਕਰਦਿਆਂ ਪੁਲਿਸ ਨੇ ਕਿਹਾ ਕਿ ਦੋ ਔਰਤਾਂ ਦਾ ਸਰੀਰ ਦਰਮਿਆਨਾ ਅਤੇ ਇਕ ਪਤਲੇ ਸਰੀਰ ਵਾਲੀ ਹੈ। ਜੇ ਕਿਸੇ ਕੋਲ ਵੀ ਇਨ੍ਹਾਂ ਔਰਤਾਂ ਬਾਰੇ ਕੋਈ ਜਾਣਕਾਰੀ ਹੋਵੇ ਤਾਂ 416 808 4100 ’ਤੇ ਸੰਪਰਕ ਕੀਤਾ ਜਾਵੇ।