ਪੀਲ ਰੀਜਨਲ ਪੁਲਿਸ ਵੱਲੋਂ ਟ੍ਰੈਫਿਕ ਐਕਟ ਅਧੀਨ 20 ਹਜ਼ਾਰ ਦੋਸ਼ ਆਇਦ
ਪੀਲ ਰੀਜਨਲ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜਨਵਰੀ ਤੋਂ ਹੁਣ ਤੱਕ ਹਾਈਵੇਅ ਟ੍ਰੈਫਿਕ ਐਕਟ ਅਧੀਨ 20 ਹਜ਼ਾਰ ਤੋਂ ਵੱਧ ਦੋਸ਼ ਆਇਦ ਕੀਤੇ ਜਾ ਚੁੱਕੇ ਹਨ।;
ਬਰੈਂਪਟਨ : ਪੀਲ ਰੀਜਨਲ ਪੁਲਿਸ ਵੱਲੋਂ ਟ੍ਰੈਫਿਕ ਨਿਯਮਾਂ ਦੀ ਪਾਲਣਾ ਨਾ ਕਰਨ ਵਾਲਿਆਂ ਵਿਰੁੱਧ ਕਾਰਵਾਈ ਕਰਦਿਆਂ ਜਨਵਰੀ ਤੋਂ ਹੁਣ ਤੱਕ ਹਾਈਵੇਅ ਟ੍ਰੈਫਿਕ ਐਕਟ ਅਧੀਨ 20 ਹਜ਼ਾਰ ਤੋਂ ਵੱਧ ਦੋਸ਼ ਆਇਦ ਕੀਤੇ ਜਾ ਚੁੱਕੇ ਹਨ। ਪੁਲਿਸ ਨੇ ਦੱਸਿਆ ਕਿ ਇਸ ਦੌਰਾਨ 15 ਜਣਿਆਂ ਦੀ ਜਾਨ ਗਈ ਅਤੇ ਇਹ ਜਾਨੀ ਨੁਕਸਾਨ ਰੋਕਿਆ ਜਾ ਸਕਦਾ ਸੀ।
ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਵੱਡੀ ਕਾਰਵਾਈ
ਪੁਲਿਸ ਨੇ ਇਕ ਬਿਆਨ ਜਾਰੀ ਕਰਦਿਆਂ ਕਿਹਾ ਕਿ 2024 ਵਿਚ ਹੁਣ ਤੱਕ ਨਸ਼ਾ ਕਰ ਕੇ ਗੱਡੀ ਚਲਾਉਣ ਵਾਲੇ 663 ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਜਾ ਚੁੱਕੀ ਹੈ ਜਦਕਿ ਤੇਜ਼ ਰਫ਼ਤਾਰ ਗੱਡੀ ਚਲਾਉਣ ਵਾਲਿਆਂ ਵਿਰੁੱਧ 3,800 ਤੋਂ ਵੱਧ ਦੋਸ਼ ਆਇਦ ਕੀਤੇ ਗਏ। ਲਾਪ੍ਰਵਾਹੀ ਨਾਲ ਡਰਾਈਵਿੰਗ ਦੇ 400 ਤੋਂ ਵੱਧ ਦੋਸ਼ ਆਇਦ ਕੀਤੇ ਗਏ ਹਨ ਜਦਕਿ ਸਟੰਟ ਡਰਾਈਵਿੰਗ ਅਤੇ ਰੇਸਿੰਗ ਕਰਨ ਦੇ ਮਾਮਲੇ ਵਿਚ 1,300 ਤੋਂ ਵੱਧ ਡਰਾਈਵਰਾਂ ਵਿਰੁੱਧ ਕਾਰਵਾਈ ਕੀਤੀ ਗਈ। ਕੈਨੇਡਾ ਦਿਹਾੜੇ ਦੇ ਮੱਦੇਨਜ਼ਰ ਪੁਲਿਸ ਵੱਲੋਂ ਪੀਲ ਰੀਜਨ ਦੇ ਡਰਾਈਵਰਾਂ ਨੂੰ ਸੁਚੇਤ ਕੀਤਾ ਗਿਆ ਹੈ ਕਿ ਉਹ ਪੂਰੀ ਜ਼ਿੰਮੇਵਾਰੀ ਨਾਲ ਗੱਡੀ ਚਲਾਉਣ।