ਪੀਲ ਰੀਜਨਲ ਪੁਲਿਸ ਵੱਲੋਂ ਕਾਰ ਚੋਰਾਂ ਦੇ ਗਿਰੋਹ ਦਾ ਪਰਦਾ ਫ਼ਾਸ਼, 6 ਕਾਬੂ
ਟੋਰਾਂਟੋ ਅਤੇ ਜੀ.ਟੀ.ਏ. ਵਿਚ ਗੱਡੀਆਂ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 6 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ
ਬਰੈਂਪਟਨ : ਟੋਰਾਂਟੋ ਅਤੇ ਜੀ.ਟੀ.ਏ. ਵਿਚ ਗੱਡੀਆਂ ਚੋਰੀ ਕਰਨ ਵਾਲੇ ਇਕ ਵੱਡੇ ਗਿਰੋਹ ਦਾ ਪਰਦਾ ਫਾਸ਼ ਕਰਦਿਆਂ ਪੀਲ ਰੀਜਨਲ ਪੁਲਿਸ ਵੱਲੋਂ 6 ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਜਦਕਿ 5 ਹੋਰਨਾਂ ਦੀ ਭਾਲ ਕੀਤੀ ਜਾ ਰਹੀ ਹੈ। ਪੁਲਿਸ ਦਾ ਮੰਨਣਾ ਹੈ ਕਿ ਇਸ ਗਿਰੋਹ ਨੇ 40 ਲੱਖ ਡਾਲਰ ਮੁੱਲ ਦੀਆ 100 ਤੋਂ ਵੱਧ ਗੱਡੀਆਂ ਚੋਰੀ ਕੀਤੀਆਂ। ਜਾਂਚਕਰਤਾਵਾਂ ਨੇ ਦੱਸਿਆ ਕਿ ਬੀਤੇ ਜੁਲਾਈ ਮਹੀਨੇ ਦੌਰਾਨ ਏਅਰਪੋਰਟ ਡਵੀਜ਼ਨ ਕ੍ਰਿਮੀਨਲ ਇਨਵੈਸਟੀਗੇਸ਼ਨ ਬਿਊਰੋ ਵੱਲੋਂ ਪੀਅਰਸਨ ਇੰਟਰਨੈਸ਼ਨਲ ਏਅਰ ਅਤੇ ਇਸ ਦੇ ਆਲੇ ਦੁਆਲੇ ਦੇ ਇਲਾਕਿਆਂ ਵਿਚੋਂ ਗੱਡੀਆਂ ਚੋਰੀ ਕਰਨ ਦੇ ਮਿਲਦੇ ਜੁਲਦੇ ਤਰੀਕਿਆਂ ਦੀ ਪਛਾਣ ਕੀਤੀ ਗਈ। ਚੋਰਾਂ ਵੱਲੋਂ ਲੈਕਸਸ ਐਸ.ਯੂ.ਵੀ., ਟੌਯੋਟਾ ਐਸ.ਯੂ.ਵੀ. ਅਤੇ ਪਿਕਅੱਪ ਟਰੱਕਾਂ ਨੂੰ ਵਧੇਰੇ ਨਿਸ਼ਾਨਾ ਬਣਾਇਆ ਜਾ ਰਿਹਾ ਸੀ। ਅਗਸਤ ਤੋਂ ਨਵੰਬਰ ਦਰਮਿਆਨ ਟੋਰਾਂਟੋ ਵਿਖੇ ਕਈ ਘਰਾਂ ਦੀ ਤਲਾਸ਼ੀ ਦੌਰਾਨ ਕੰਪਿਊਟਰ ਪ੍ਰੋਗਰਾਮਰ, ਮਾਸਟਰ ਕੀਜ਼ ਅਤੇ ਸਿਗਨਲ ਜਾਮ ਕਰਨ ਵਾਲੇ ਇਲੈਕਟ੍ਰਾਨਿਕ ਯੰਤਰ ਮਿਲੇ ਜਿਨ੍ਹਾਂ ਦੇ ਆਧਾਰ ’ਤੇ ਕਿਊਬੈਕ ਨਾਲ ਸਬੰਧਤ ਛੇ ਜਣਿਆਂ ਨੂੰ ਕਾਬੂ ਕੀਤਾ ਗਿਆ ਹੈ ਅਤੇ ਪੰਜ ਹੋਰਨਾਂ ਵਿਰੁੱਧ ਗ੍ਰਿਫ਼ਤਾਰੀ ਵਾਰੰਟ ਜਾਰੀ ਕੀਤੇ ਗਏ ਹਨ।
40 ਮਿਲੀਅਨ ਡਾਲਰ ਮੁੱਲ ਦੀਆਂ 100 ਤੋਂ ਵੱਧ ਗੱਡੀਆਂ ਕੀਤੀਆਂ ਚੋਰੀ
ਗ੍ਰਿਫ਼ਤਾਰ ਸ਼ੱਕੀਆਂ ਵਿਰੁੱਧ ਸਾਂਝੇ ਤੌਰ ’ਤੇ 100 ਦੋਸ਼ ਆਇਦ ਕਰਦਿਆਂ ਬਾਕੀ ਪੰਜ ਸ਼ੱਕੀਆਂ ਸਰੰਡਰ ਕਰਨ ਦਾ ਸੱਦਾ ਦਿਤਾ ਗਿਆ ਹੈ। ਗ੍ਰਿਫ਼ਤਾਰ ਸ਼ੱਕੀਆਂ ਵਿਚੋਂ 27 ਸਾਲ ਦਾ ਅਲਾ ਜ਼ੈਦੀ ਜੀ.ਟੀ.ਏ. ਦੇ ਡਿਟੈਨਸ਼ਨ ਸੈਂਟਰ ਵਿਚ ਬੰਦ ਹੈ ਅਤੇ ਉਸ ਵਿਰੁੱਧ ਗੱਡੀ ਚੋਰੀ ਦੇ 18 ਵਾਧੂ ਦੋਸ਼ ਵੀ ਲਾਗੂ ਕੀਤੇ ਗਏ ਹਨ। ਇਥੇ ਦਸਣਾ ਬਣਦਾ ਹੈ ਕਿ ਗੱਡੀ ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਜਨਵਰੀ ਮਹੀਨੇ ਦੌਰਾਨ ਪੀਲ ਰੀਜਨ ਵਿਚ ਘਰਾਂ ਅਤੇ ਕਾਰੋਬਾਰੀ ਟਿਕਾਣਿਆਂ ’ਤੇ ਲੁੱਟ ਦੀਆਂ 298 ਵਾਰਦਾਤਾਂ ਸਾਹਮਣੇ ਆਈਆਂ ਜਦਕਿ ਫਰਵਰੀ ਦੌਰਾਨ ਇਹ ਅੰਕੜਾ 254 ਦਰਜ ਕੀਤਾ ਗਿਆ। ਮਾਰਚ ਮਹੀਨੇ ਦੌਰਾਨ 258, ਅਪ੍ਰੈਲ ਦੌਰਾਨ 261, ਮਈ ਦੌਰਾਨ 164, ਜੂਨ ਦੌਰਾਨ 233 ਅਤੇ ਜੁਲਾਈ ਦੌਰਾਨ 203 ਵਾਰਦਾਤਾਂ ਸਾਹਮਣੇ ਆਈਆਂ ਜਦਕਿ ਅਗਸਤ ਵਿਚ 288, ਸਤੰਬਰ ਦੌਰਾਨ 230 ਅਤੇ ਅਕਤੂਬਰ ਵਿਚ 234 ਵਾਰਦਾਤਾਂ ਦਰਜ ਕੀਤੀਆਂ ਗਈਆਂ।