ਕੈਨੇਡਾ ਵਿਚ ਬੱਚਿਆਂ ਦੇ ਡਾਕਟਰ ਨੂੰ 18 ਮਹੀਨੇ ਦੀ ਕੈਦ
ਕੈਨੇਡਾ ਵਿਚ ਬੱਚਿਆਂ ਦੇ ਸਾਬਕਾ ਡਾਕਟਰ ਨੂੰ ਚਾਈਲਡ ਪੋਰਨੋਗ੍ਰਾਫ਼ੀ ਦੇ ਮਾਮਲੇ ਵਿਚ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ।
ਐਡਮਿੰਟਨ : ਕੈਨੇਡਾ ਵਿਚ ਬੱਚਿਆਂ ਦੇ ਸਾਬਕਾ ਡਾਕਟਰ ਨੂੰ ਚਾਈਲਡ ਪੋਰਨੋਗ੍ਰਾਫ਼ੀ ਦੇ ਮਾਮਲੇ ਵਿਚ 18 ਮਹੀਨੇ ਕੈਦ ਦੀ ਸਜ਼ਾ ਸੁਣਾਈ ਗਈ ਹੈ। ਘਾਸਨ ਅਲ ਨਾਮੀ ਦੇ ਲੈਪਟੌਪ ਵਿਚ ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਅਤੇ ਵੀਡੀਓ ਮਿਲਣ ਮਗਰੋਂ ਹੋਈ ਗ੍ਰਿਫ਼ਤਾਰ ਤੋਂ ਪੰਜ ਸਾਲ ਬਾਅਦ ਉਸ ਨੂੰ ਸਜ਼ਾ ਸੁਣਾਈ ਗਈ ਹੈ। ਐਡਮਿੰਟਨ ਅਤੇ ਫੋਰਟ ਮਕਮਰੀ ਵਿਖੇ ਬੱਚਿਆਂ ਦੇ ਡਾਕਟਰ ਵਜੋਂ ਤੈਨਾਤ ਰਹਿ ਚੁੱਕੇ ਘਾਸਨ ਅਲ ਨਾਮੀ ਦਾ ਮੈਡੀਕਲ ਪ੍ਰੈਕਟਿਸ ਪਰਮਿਟ ਮਾਮਲੇ ਦੀ ਪੜਤਾਲ ਦੌਰਾਨ ਮੁਅੱਤਲ ਕਰ ਦਿਤਾ ਗਿਆ।
5 ਸਾਲ ਪਹਿਲਾਂ ਚਾਈਲਡ ਪੋਰਨੋਗ੍ਰਾਫੀ ਦੇ ਲੱਗੇ ਸਨ ਦੋਸ਼
ਪੂਰਾ ਮਾਮਲਾ 45 ਸੈਕਿੰਡ ਦੀ ਇਕ ਇਤਰਾਜ਼ਯੋਗ ਵੀਡੀਓ ਦੁਆਲੇ ਕੇਂਦਰਤ ਰਿਹਾ ਜਿਸ ਨੂੰ ਅਲ ਨਾਮੀ ਨੇ ਕਿਸੇ ਸਰੋਤ ਤੋਂ ਹਾਸਲ ਕੀਤਾ ਅਤੇ ਅੱਗੇ ਭੇਜਿਆ। ਜਸਟਿਨ ਕੈਂਟ ਡੇਵਿਡਸਨ ਨੇ ਆਪਣੇ ਫੈਸਲੇ ਵਿਚ ਲਿਖਿਆ ਕਿ ਸਬੂਤ ਕਾਫੀ ਛੋਟਾ ਸੀ ਅਤੇ ਇਹ ਗੱਲ ਸਾਬਤ ਨਹੀਂ ਹੋ ਸਕੀ ਕਿ ਅਲ ਨਾਮੀ ਦਾ ਅਪਰਾਧ ਆਪਣੇ ਕਿਸੇ ਮਰੀਜ਼ ਨਾਲ ਵੀ ਜੁੜਦਾ ਹੈ। ਅਦਾਲਤ ਨੇ ਕਿਹਾ ਕਿ ਬੱਚਿਆਂ ਦਾ ਡਾਕਟਰ ਹੋਣ ਦੇ ਨਾਤੇ ਅਲ ਨਾਮੀ ਆਪਣੀ ਇਖਲਾਕੀ ਜ਼ਿੰਮੇਵਾਰੀ ਨਿਭਾਉਣ ਵਿਚ ਅਸਫ਼ਲ ਰਿਹਾ ਅਤੇ ਬੱਚਿਆਂ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲੀ ਅਪਰਾਧਕ ਹਰਕਤ ਵਿਚ ਸ਼ਾਮਲ ਹੋਇਆ। ਜਸਟਿਸ ਡੇਵਿਡਸਨ ਮੁਤਾਬਕ ਗ੍ਰਿਫ਼ਤਾਰੀ ਮਗਰੋਂ ਜ਼ਮਾਨਤ ’ਤੇ ਰਿਹਾਅ ਹੋਏ ਅਲਨਾਮੀ ਵੱਲੋਂ ਕਿਸੇ ਕਿਸਮ ਦੀ ਕੌਂਸÇਲੰਗ ਜਾਂ ਇਲਾਜ ਦੀ ਮੰਗ ਨਹੀਂ ਕੀਤੀ ਗਈ। ਦੋਸ਼ੀ ਨੂੰ ਆਪਣੀਆਂ ਹਰਕਤਾਂ ’ਤੇ ਕੋਈ ਪਛਤਾਵਾ ਨਹੀਂ ਅਤੇ 2019 ਮਗਰੋਂ ਇਸ ਕਿਸਮ ਦੀਆਂ ਆਦਤਾਂ ਤੋਂ ਬਚਣ ਲਈ ਉਸ ਵੱਲੋਂ ਕੋਈ ਉਪਾਅ ਨਹੀਂ ਕੀਤਾ ਗਿਆ। ਇਥੋਂ ਤੱਕ ਕਿ ਉਸ ਨੇ ਆਪਣੀਆਂ ਹਰਕਤਾਂ ਦੀ ਜ਼ਿੰਮੇਵਾਰੀ ਵੀ ਕਬੂਲ ਨਾ ਕੀਤੀ।
ਲੈਪਟੌਪ ਵਿਚ ਬਰਾਮਦ ਹੋਈਆਂ ਸਨ ਅਸ਼ਲੀਲ ਤਸਵੀਰਾਂ ਅਤੇ ਵੀਡੀਓ
ਅਦਾਲਤ ਵੱਲੋਂ ਸਜ਼ਾ ਸੁਣਾਏ ਜਾਣ ਤੋਂ ਪਹਿਲਾਂ 52 ਸਾਲ ਦੇ ਅਲ ਨਾਮੀ ਨੇ ਸੰਖੇਪ ਟਿੱਪਣੀ ਦੌਰਾਨ ਕਿਹਾ ਕਿ ਪਿਛਲੇ ਪੰਜ ਸਾਲ ਤੋਂ ਅਦਾਲਤ ਵਿਚ ਚੱਲ ਰਹੀ ਕਾਰਵਾਈ ਅਤੇ ਅਦਾਲਤੀ ਫੈਸਲੇ ਦਾ ਉੁਹ ਸਤਿਕਾਰ ਕਰਦਾ ਹੈ ਪਰ ਨਾਲ ਹੀ ਆਪਣੇ ਆਪ ਨੂੰ ਬੇਕਸੂਰ ਵੀ ਮੰਨਦਾ ਹੈ। ਇਥੇ ਦਸਣਾ ਬਣਦਾ ਹੈ ਕਿ ਡੇਢ ਸਾਲ ਦੀ ਕੈਦ ਮਗਰੋਂ ਡੇਢ ਸਾਲ ਪ੍ਰੋਬੇਸ਼ਨ ਦੇ ਵੀ ਹੋਣਗੇ ਅਤੇ ਉਸ ਦਾ ਨਾਂ ਸੈਕਸ ਔਫੈਂਡਰ ਇਨਫਰਮੇਸ਼ਨ ਰਸਿਟ੍ਰੇਸ਼ਨ ਐਕਟ ਅਧੀਨ 20 ਸਾਲ ਵਾਸਤੇ ਦਰਜ ਕੀਤਾ ਜਾਵੇਗਾ। ਉਧਰ ਬਚਾਅ ਪੱਖ ਦੇ ਵਕੀਲ ਜ਼ਕਰੀ ਅਲ ਖਾਤਿਬ ਨੇ ਦਲੀਲ ਦਿਤੀ ਕਿ ਇਸ ਮਾਮਲੇ ਵਿਚ ਲਾਈਆਂ ਧਾਰਾਵਾਂ ਗੈਰਸੰਵਿਧਾਨਕ ਕਰਾਰ ਦਿੰਦਿਆਂ ਰੱਦ ਕਰ ਦੇਣੀਆਂ ਚਾਹੀਦੀਆਂ ਹਨ ਅਤੇ ਅਲ ਨਾਮੀ ਨੂੰ ਜੇਲ ਭੇਜਣ ਦੀ ਬਜਾਏ ਘਰ ਵਿਚ ਨਜ਼ਰਬੰਦ ਕੀਤਾ ਜਾਣਾ ਚਾਹੀਦਾ ਹੈ। ਪਰ ਜਸਟਿਸ ਡੇਵਿਡਸਨ ਨੇ ਕਿਹਾ ਕਿ ਅਲ ਨਾਮੀ ਨੂੰ ਸਜ਼ਾ ਦੌਰਾਨ ਕਮਿਊਨਿਟੀ ਵਿਚ ਰੱਖਣਾ ਵਾਜਬ ਨਹੀਂ ਹੋਵੇਗਾ। ਬੱਚਿਆਂ ਦੀਆਂ ਅਸ਼ਲੀਲ ਤਸਵੀਰਾਂ ਰੱਖਣਾ ਹੀ ਆਪਣੇ ਆਪ ਵਿਚ ਚਾਈਲਡ ਐਬਿਊਜ਼ ਹੈ ਅਤੇ ਇਸ ਚੀਜ਼ ਨੂੰ ਨਜ਼ਰਅੰਦਾਜ਼ ਕਰਨਾ ਹੀ ਅਪਰਾਧ ਦੀ ਗੰਭੀਰਤਾ ਨੂੰ ਦਰਸਾਉਂਦਾ ਹੈ। ਦੂਜੇ ਪਾਸੇ ਐਲਬਰਟਾ ਦੇ ਹੈਲਥ ਪ੍ਰੋਫੈਸ਼ਨਲਜ਼ ਐਕਟ ਅਧੀਨ ਕਿਸੇ ਅਪਰਾਧਕ ਮਾਮਲੇ ਵਿਚ ਦੋਸ਼ੀ ਠਹਿਰਾਏ ਜਾਣ ’ਤੇ ਅਨੁਸ਼ਾਸਨੀ ਕਾਰਵਾਈ ਲਾਜ਼ਮੀ ਹੋ ਜਾਂਦੀ ਹੈ ਜਿਸ ਤਹਿਤ ਮੈਡੀਕਲ ਪ੍ਰੈਕਟਿਸ ਦਾ ਪਰਮਿਟ ਰੱਦ ਕੀਤਾ ਜਾ ਸਕਦਾ ਹੈ। ਜਦੋਂ ਇਕ ਡਾਕਟਰ ਕਿਸੇ ਅਪਰਾਧਕ ਮਾਮਲੇ ਵਿਚ ਘਿਰ ਜਾਂਦਾ ਹੈ ਤਾਂ ਨਿਗਰਾਨ ਸੰਸਥਾ ਦੇ ਕੰਪਲੇਂਟ ਡਾਇਰੈਕਟਰ ਵੱਲੋਂ ਇਕ ਸ਼ਿਕਾਇਤ ਦਾਇਰ ਕਰ ਦਿਤੀ ਜਾਂਦੀ ਹੈ। ਹੁਣ ਅਲ ਨਾਮੀ ਨੂੰ ਅਨੁਸ਼ਾਸਨੀ ਮਾਮਲੇ ਦੀ ਸੁਣਵਾਈ ਦੌਰਾਨ ਪੇਸ਼ ਹੋਣਾ ਪਵੇਗਾ। ਦੱਸ ਦੇਈਏ ਕਿ ਐਡਮਿੰਟਨ ਦੇ ਕਲੀਨਿਕ ਵਿਚ ਜਾਣ ਤੋਂ ਪਹਿਲਾਂ ਅਲ ਨਾਮੀ 2012 ਤੋਂ 2017 ਦਰਮਿਆਲ ਫੋਰਟ ਮਕਮਰੀ ਵਿਖੇ ਬੱਚਿਆਂ ਦੇ ਡਾਕਟਰ ਵਜੋਂ ਪ੍ਰੈਕਟਿਸ ਕਰਦਾ ਸੀ।