ਕੈਨੇਡਾ ਨੇ ਕੱਖ ਵੀ ਨਹੀਂ ਕੀਤਾ, ਆਹ ਚੱਕੋ 25 ਫੀ ਸਦੀ ਟੈਕਸ : ਟਰੰਪ
ਕੈਨੇਡਾ ਅਤੇ ਅਮਰੀਕਾ ਦੀ ਕਾਰੋਬਾਰੀ ਜੰਗ ਅੱਧੀ ਰਾਤ ਤੋਂ ਸ਼ੁਰੂ ਹੋ ਗਈ ਜਦੋਂ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਗੂ ਕਰ ਦਿਤਾ ਗਿਆ ਪਰ ਤੇਲ ਅਤੇ ਗੈਸ ਨੂੰ ਫਿਲਹਾਲ ਘੇਰੇ ਤੋਂ ਬਾਹਰ ਰੱਖਿਆ ਗਿਆ;
ਵਾਸ਼ਿੰਗਟਨ : ਕੈਨੇਡਾ ਅਤੇ ਅਮਰੀਕਾ ਦੀ ਕਾਰੋਬਾਰੀ ਜੰਗ ਅੱਧੀ ਰਾਤ ਤੋਂ ਸ਼ੁਰੂ ਹੋ ਗਈ ਜਦੋਂ ਅਮਰੀਕਾ ਪੁੱਜ ਰਹੀਆਂ ਕੈਨੇਡੀਅਨ ਵਸਤਾਂ ’ਤੇ 25 ਫੀ ਸਦੀ ਟੈਕਸ ਲਾਗੂ ਕਰ ਦਿਤਾ ਗਿਆ ਪਰ ਤੇਲ ਅਤੇ ਗੈਸ ਨੂੰ ਫਿਲਹਾਲ ਘੇਰੇ ਤੋਂ ਬਾਹਰ ਰੱਖਿਆ ਗਿਆ ਹੈ, ਜਿਨ੍ਹਾਂ ਉਤੇ ਟੈਕਸ ਦਰ 25 ਫੀ ਸਦੀ ਬਜਾਏ 10 ਫੀ ਸਦੀ ਹੋ ਸਕਦੀ ਹੈ। ਅਮਰੀਕਾ ਦੇ ਰਾਸ਼ਟਰਪਤੀ ਡੌਨਲਡ ਟਰੰਪ ਨੇ ਦਾਅਵਾ ਕੀਤਾ ਹੈ ਕਿ ਕੈਨੇਡਾ ਸਰਕਾਰ ਨੇ ਟੈਕਸਾਂ ਤੋਂ ਬਚਣ ਲਈ ਕੱਖ ਵੀ ਨਹੀਂ ਕੀਤਾ ਪਰ ਨਾਲ ਹੀ ਕੈਨੇਡੀਅਨ ਕੱਚੇ ਤੇਲ ਉਤੇ 10 ਫ਼ੀ ਸਦੀ ਟੈਰਿਫ਼ ਲਾਉਣ ਦਾ ਜ਼ਿਕਰ ਵੀ ਕਰ ਗਏ।
ਕੈਨੇਡੀਅਨ ਵਸਤਾਂ ’ਤੇ ਟੈਕਸ ਲਾਗੂ, ਕਾਰੋਬਾਰੀ ਜੰਗ ਹੋਈ ਸ਼ੁਰੂ
ਓਵਲ ਦਫ਼ਤਰ ਵਿਚ ਸ਼ੁੱਕਰਵਾਰ ਬਾਅਦ ਦੁਪਹਿਰ ਇਕ ਪ੍ਰੈਸ ਕਾਨਫ਼ਰੰਸ ਦੌਰਾਨ ਟਰੰਪ ਨੂੰ ਜਦੋਂ ਪੁੱਛਿਆ ਗਿਆ ਕਿ ਕੈਨੇਡਾ, ਚੀਨ ਜਾਂ ਮੈਕਸੀਕੋ ਵੱਲੋਂ ਟੈਰਿਫਸ ਤੋਂ ਬਚਣ ਲਈ ਕੀ ਕੁਝ ਕੀਤਾ ਗਿਆ ਤਾਂ ਰਾਸ਼ਟਰਪਤੀ ਨੇ ਕਿਹਾ, ‘‘ਕੁਝ ਵੀ ਨਹੀਂ।’’ ਪੱਤਰਕਾਰਾਂ ਵੱਲੋਂ ਇਹ ਪੁੱਛੇ ਜਾਣ ਕਿ ਕੀ ਉਹ ਤਿੰਨਾਂ ਮੁਲਕਾਂ ਤੋਂ ਕਿਸੇ ਰਿਆਇਤ ਦੀ ਉਮੀਦ ਕਰ ਰਹੇ ਹਨ ਤਾਂ ਟਰੰਪ ਨੇ ਕਿਹਾ, ‘‘ਉਡੀਕ ਕਰੋ, ਦੇਖਦੇ ਹਾਂ ਕੀ ਬਣਦਾ ਹੈ।’’ ਟਰੰਪ ਦੀ ਟਿੱਪਣੀ ਤੋਂ ਪਹਿਲਾਂ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਕੈਰੋਲਾਈਨ ਲੈਵਿਟ ਨੇ ਕੈਨੇਡਾ ਤੋਂ ਭਾਰੀ ਮਿਕਦਾਰ ਵਿਚ ਵਿਚ ਆਉਣ ਵਾਲੀ ਫੈਂਟਾਨਿਲ ਨੂੰ ਟੈਕਸਾਂ ਦਾ ਮੁੱਖ ਕਾਰਨ ਦੱਸਿਆ। ਉਧਰ ਟਰੰਪ ਨੇ ਕਿਹਾ ਕਿ ਕੈਨੇਡੀਅਨ ਵਸਤਾਂ ਉਤੇ ਟੈਕਸ ਲਾਉਣ ਦੇ ਮੁੱਖ ਕਾਰਨਾਂ ਵਿਚ 200 ਅਰਬ ਡਾਲਰ ਦਾ ਕਾਰੋਬਾਰੀ ਘਾਟਾ ਵੀ ਸ਼ਾਮਲ ਹੈ। ਅਮਰੀਕਾ ਦੇ ਰਾਸ਼ਟਰਪਤੀ ਵੱਲੋਂ ਪੇਸ਼ 200 ਅਰਬ ਡਾਲਰ ਦਾ ਅੰਕੜਾ ਕੋਰੀ ਗੱਪ ਦੱਸਿਆ ਜਾ ਰਿਹਾ ਹੈ ਕਿਉਂਕਿ ਟੀ.ਡੀ. ਇਕਨੌਮਿਕਸ ਦੀ ਇਕ ਰਿਪੋਰਟ ਮੁਤਾਬਕ 2024 ਦੌਰਾਨ ਕੈਨੇਡਾ ਨਾਲ ਵਪਾਰ ਕਰਦਿਆਂ ਅਮਰੀਕਾ ਦਾ ਘਾਟਾ 45 ਅਰਬ ਡਾਲਰ ਦਰਜ ਕੀਤਾ ਗਿਆ। ਇਸੇ ਦੌਰਾਨ ਵਾਸ਼ਿੰਗਟਨ ਡੀ.ਸੀ. ਵਿਖੇ ਮੌਜੂਦ ਕੈਨੇਡਾ ਦੀ ਵਿਦੇਸ਼ ਮੰਤਰੀ ਮੈਲਨੀ ਜੌਲੀ ਨੇ ਕਿਹਾ ਕਿ ਟਰੰਪ ਦੀਆਂ ਟਿੱਪਣੀਆਂ ਬਾਰੇ ਵਾਈਟ ਹਾਊਸ ਤੋਂ ਵਿਸਤਾਰਤ ਵੇਰਵੇ ਹਾਸਲ ਕੀਤੇ ਜਾ ਰਹੇ ਹਨ।
ਤੇਲ ਅਤੇ ਗੈਸ ਉਤੇ 18 ਫਰਵਰੀ ਤੋਂ ਲੱਗੇਗਾ 10 ਫੀ ਸਦੀ ਟੈਕਸ
ਇਥੇ ਦਸਣਾ ਬਣਦਾ ਹੈ ਕਿ ਅਮਰੀਕਾ ਵੱਲੋਂ ਕੈਨੇਡਾ ਤੋਂ ਰੋਜ਼ਾਨਾ 43 ਲੱਖ ਬੈਰਲ ਕੱਚਾ ਤੇਲ ਇੰਪੋਰਟ ਕੀਤਾ ਜਾਂਦਾ ਹੈ ਅਤੇ ਐਬਰਟਾ ਦੀ ਪ੍ਰੀਮੀਅਰ ਡੈਨੀਅਲ ਸਮਿੱਥ ਨੂੰ ਪੂਰੀ ਉਮੀਦ ਸੀ ਕਿ ਤੇਲ ਅਤੇ ਗੈਸ ਨੂੰ ਟੈਕਸਾਂ ਦੇ ਘੇਰੇ ਵਿਚੋਂ ਬਾਹਰ ਰੱਖਿਆ ਜਾਵੇਗਾ। ਦੂਜੇ ਪਾਸੇ ਸਭਨਾਂ ਦਾ ਧਿਆਨ ਕੈਨੇਡਾ ਵੱਲੋਂ ਕੀਤੀ ਜਾਣ ਵਾਲੀ ਮੋੜਵੀਂ ਕਾਰਵਾਈ ਉਤੇ ਕੇਂਦਰਤ ਹੋ ਗਿਆ ਹੈ। ਪ੍ਰਧਾਨ ਮੰਤਰੀ ਜਸਟਿਨ ਟਰੂਡੋ ਬਰਾਬਰ ਦੀ ਕਾਰਵਾਈ ਕਰਨ ਦਾ ਐਲਾਨ ਕਰ ਚੁੱਕੇ ਹਨ ਪਰ ਵਾਈਟ ਹਾਊਸ ਦੀ ਪ੍ਰੈਸ ਸਕੱਤਰ ਨੂੰ ਇਹ ਅੰਦਾਜ਼ ਪਸੰਦ ਨਹੀਂ ਆਇਆ ਅਤੇ ਚਿਤਾਵਨੀ ਭਰੇ ਲਹਿਜ਼ੇ ਵਿਚ ਆਖ ਦਿਤਾ ਕਿ ਸਿਆਣਪ ਇਸੇ ਗੱਲ ਵਿਚ ਹੋਵੇਗੀ ਕਿ ਟਰੂਡੋ ਸਿੱਧੇ ਤੌਰ ’ਤੇ ਰਾਸ਼ਟਰਪਤੀ ਟਰੰਪ ਨਾਲ ਗੱਲਬਾਤ ਕਰਨ, ਮੀਡੀਆ ਰਾਹੀਂ ਟਿੱਪਣੀਆਂ ਕਰਨੀਆਂ ਉਨ੍ਹਾਂ ਨੂੰ ਸ਼ੋਭਦੀਆਂ ਨਹੀਂ।
ਅਮਰੀਕਾ ਵਿਰੁੱਧ ਮੋੜਵੀਂ ਕਾਰਵਾਈ ਉਤੇ ਰਹੇਗੀ ਸਭਨਾਂ ਦੀ ਨਜ਼ਰ
ਇਸੇ ਦੌਰਾਲ ਕੈਨੇਡਾ ਦੇ ਲੋਕ ਸੁਰੱਖਿਆ ਮੰਤਰੀ ਡੇਵਿਡ ਮੈਗਿੰਟੀ ਨੂੰ ਜਦੋਂ ਮੀਡੀਆ ਨੇ ਸਵਾਲ ਕੀਤਾ ਕਿ ਕੀ ਹੁਣ 1.3 ਅਰਬ ਡਾਲਰ ਦੀ ਲਾਗਤ ਵਾਲੀ ਬਾਰਡਰ ਯੋਜਨਾ ਠੰਢੇ ਬਸਤੇ ਵਿਚ ਪੈ ਜਾਵੇਗੀ ਤਾਂ ਉਨ੍ਹਾਂ ਕਿਹਾ ਕਿ ਗੈਰਕਾਨੀ ਪ੍ਰਵਾਸ ਤੋਂ ਲੈ ਕੇ ਫੈਂਟਾਨਿਲ ਦੀ ਤਸਕਰੀ ਰੋਕਣ ਤੱਕ ਵੱਡੇ ਉਪਾਅ ਕੀਤਾ ਜਾ ਰਹਾ ਹੈਲ ਅਤੇ ਆਉਣ ਵਾਲੇ ਸਮੇਂ ਦੌਰਾਨ ਵੀ ਇਹ ਕਾਰਵਾਈ ਜਾਰੀ ਰੱਖੀ ਜਾਵੇਗੀ। ਅਮਰੀਕਾ ਦੇ ਕਸਟਮਜ਼ ਐਂਡ ਬਾਰਡਰ ਪ੍ਰੋਟੈਕਸ਼ਨ ਮਹਿਕਮੇ ਮੁਤਾਬਕ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਕੈਨੇਡਾ ਵਾਲੇ ਪਾਸਿਉਂ ਆ ਰਹੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਰੋਕਣ ਦੀਆਂ 24 ਹਜ਼ਾਰ ਘਟਨਾਵਾਂ ਸਾਹਮਣੇ ਆਈਆਂ। ਇਹ ਅੰਕੜਾ ਮੈਕਸੀਕੋ ਵਾਲੇ ਬਾਰਡਰ ਤੋਂ ਕਿਤੇ ਘੱਟ ਬਣਦਾ ਹੈ ਜਿਥੇ ਅਕਤੂਬਰ 2023 ਤੋਂ ਸਤੰਬਰ 2024 ਦਰਮਿਆਨ ਤਕਰੀਬਨ 15 ਲੱਖ ਪਵਾਸੀਆਂ ਨੂੰ ਰੋਕਿਆ ਗਿਆ।