ਉਨਟਾਰੀਓ ਦੀ ਟਾਸਕ ਫੋਰਸ ਨੇ ਕਾਬੂ ਕੀਤੇ 124 ਕਾਰ ਚੋਰ

ਉਨਟਾਰੀਓ ਵਿਚ ਕਾਰ ਚੋਰਾਂ ਵਿਰੁੱਧ ਬਣਾਈ ਟਾਸਕ ਫੋਰਸ ਨੇ 124 ਗ੍ਰਿਫ਼ਤਾਰੀਆਂ ਕਰਦਿਆਂ ਇਕ ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ 177 ਚੋਰੀ ਹੋਈਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ।

Update: 2024-06-26 11:44 GMT

ਟੋਰਾਂਟੋ : ਉਨਟਾਰੀਓ ਵਿਚ ਕਾਰ ਚੋਰਾਂ ਵਿਰੁੱਧ ਬਣਾਈ ਟਾਸਕ ਫੋਰਸ ਨੇ 124 ਗ੍ਰਿਫ਼ਤਾਰੀਆਂ ਕਰਦਿਆਂ ਇਕ ਕਰੋੜ ਡਾਲਰ ਤੋਂ ਵੱਧ ਮੁੱਲ ਦੀਆਂ 177 ਚੋਰੀ ਹੋਈਆਂ ਗੱਡੀਆਂ ਬਰਾਮਦ ਕਰਨ ਦਾ ਦਾਅਵਾ ਕੀਤਾ ਹੈ। ਆਪਣੀ ਕਾਰਗੁਜ਼ਾਰੀ ਪੇਸ਼ ਕਰਦਿਆਂ ਪ੍ਰੋਵਿਨਸ਼ੀਅਲ ਕਾਰਜੈਕਿੰਗ ਟਾਸਕ ਫੋਰਸ ਨੇ ਦੱਸਿਆ ਕਿ ਸ਼ੱਕੀਆਂ ਵਿਰੁੱਧ 749 ਦੋਸ਼ ਆਇਦ ਕੀਤੇ ਗਏ ਹਨ ਜਿਨ੍ਹਾਂ ਕੋਲੋਂ ਅੱਠ ਹਥਿਆਰ ਵੀ ਜ਼ਬਤ ਕੀਤੇ ਗਏ। ਪ੍ਰੌਜੈਕਟ ਟਾਇਟੇਨੀਅਮ ਅਧੀਨ ਇਹ ਕਾਰਵਾਈ ਸਤੰਬਰ 2023 ਤੋਂ ਮਾਰਚ 2024 ਦਰਮਿਆਨ ਕੀਤੀ ਗਈ ਅਤੇ ਕਾਰ ਚੋਰੀ ਦੀਆਂ ਵਾਰਦਾਤਾਂ ਤੋਂ ਇਲਾਵਾ ਘਰਾਂ ਵਿਚ ਜਬਰੀ ਦਾਖਲ ਹੋਣ ਦੇ ਮਾਮਲੇ ਵਿਚ ਪੜਤਾਲ ਦੇ ਘੇਰੇ ਵਿਚ ਰੱਖੇ ਗਏ। ਟੋਰਾਂਟੋ ਪੁਲਿਸ ਦੇ ਉਪ ਮੁਖੀ ਰੌਬਰਟ ਜੌਹਨਸਨ ਨੇ ਪ੍ਰੈਸ ਕਾਨਫਰੰਸ ਦੌਰਾਨ ਦੱਸਿਆ ਕਿ ਗਿਰੋਹਾਂ ਦੀ ਕਮਾਈ ਦਾ ਸਭ ਤੋਂ ਵੱਡਾ ਹਿੱਸਾ ਕਾਰ ਚੋਰੀ ਦੀਆਂ ਵਾਰਦਾਤਾਂ ਤੋਂ ਆਉਂਦਾ ਹੈ ਅਤੇ ਟਾਸਕ ਫੋਰਸ ਦੇ ਅਣਥੱਕ ਯਤਨਾਂ ਸਦਕਾ ਗਿਰੋਹਾਂ ਨੂੰ ਲਗਾਤਾਰ ਬੇਨਕਾਬ ਕੀਤਾ ਜਾ ਰਿਹਾ ਹੈ।

1 ਕਰੋੜ ਡਾਲਰ ਮੁੱਲ ਦੀਆਂ 177 ਗੱਡੀਆਂ ਬਰਾਮਦ

ਉਨਟਾਰੀਓ ਪ੍ਰੋਵਿਨਸ਼ੀਅਲ ਪੁਲਿਸ ਦੇ ਡਿਟੈਕਟਿਵ ਇੰਸਪੈਕਟਰ ਸਕੌਟ ਵੇਡ ਨੇ ਕਿਹਾ ਕਿ ਪੜਤਾਲ ਦੌਰਾਨ ਹੈਰਾਨਕੁੰਨ ਤੱਕ ਸਾਹਮਣੇ ਆਏ ਜਿਨ੍ਹਾਂ ਮੁਤਾਬਕ ਅੱਧੀ ਰਾਤ ਵੇਲੇ ਕਾਰ ਚੋਰੀ ਕਰਨ ਦੀ ਬਜਾਏ ਅਪਰਾਧੀਆਂ ਵੱਲੋਂ ਘਰ ਵਿਚ ਜ਼ਬਰਦਸਤੀ ਦਾਖਲ ਹੋਣ ਅਤੇ ਹਥਿਆਰ ਦੀ ਨੋਕ ’ਤੇ ਚਾਬੀਆਂ ਲੈ ਕੇ ਫਰਾਰ ਹੋਣ ਨੂੰ ਤਰਜੀਹ ਦਿਤੀ ਗਈ। ਕ੍ਰਿਮੀਨਲ ਨੈਟਵਰਕ ਦਾ ਜ਼ਿਕਰ ਕਰਦਿਆਂ ਉਨ੍ਹਾਂ ਕਿਹਾ ਕਿ 100 ਵਾਰਦਾਤਾਂ ਨੂੰ ਸੰਭਾਵਤ ਤੌਰ ’ਤੇ ਇਕੋ ਗਿਰੋਹ ਵੱਲੋਂ ਅੰਜਾਮ ਦਿਤਾ ਗਿਆ ਜਿਨ੍ਹਾਂ ਵਿਚੋਂ 21 ਵਾਰਦਾਤਾਂ ਦੌਰਾਨ ਜਬਰੀ ਘਰ ਵਿਚ ਦਾਖਲ ਹੋਣ ਅਤੇ ਤਿੰਨ ਵਾਰਦਾਤਾਂ ਦੌਰਾਨ ਰਾਹ ਵਿਚ ਹਥਿਆਰ ਦੀ ਨੋਕ ’ਤੇ ਗੱਡੀ ਖੋਹਣ ਦੇ ਮਾਮਲੇ ਸ਼ਾਮਲ ਰਹੇ। ਟਾਸਕ ਫੋਰਸ ਵੱਲੋਂ ਬੀਤੀ 18 ਜੂਨ ਅਤੇ 19 ਜੂਨ ਨੂੰ ਟੋਰਾਂਟੋ ਅਤੇ ਪੀਲ ਰੀਜਨ ਵਿਚ ਤਲਾਸ਼ੀ ਵਾਰੰਟਾਂ ਦੀ ਤਾਮੀਲ ਕਰਦਿਆਂ 103 ਦੋਸ਼ ਆਇਦ ਕੀਤੇ ਗਏ। ਤਲਾਸ਼ੀ ਦੌਰਾਨ ਇਕ ਗਲੌਕ 17 ਪਸਤੌਲ ਅਤੇ ਇਸ ਦੀਆਂ ਗੋਲੀਆਂ ਤੋਂ ਇਲਾਵਾ ਗੱਡੀ ਚੋਰੀ ਲਈ ਵਰਤੇ ਜਾਂਦੇ ਔਜ਼ਾਰ, ਫਰਜ਼ੀ ਸ਼ਨਾਖਤੀ ਕਾਰਡ ਅਤੇ ਨਕਾਬ ਬਰਾਮਦ ਕੀਤੇ ਗਏ। ਟਾਸਕ ਫੋਰਸ ਨੇ 23 ਗੱਡੀਆਂ ਅਜਿਹੀਆਂ ਬਰਾਮਦ ਕੀਤੀਆਂ ਜਿਨ੍ਹਾਂ ਦੀ ਕੀਮਤ 50 ਲੱਖ ਡਾਲਰ ਬਣਦੀ ਹੈ। ਇਸੇ ਦੌਰਾਨ ਰੌਬਰਟ ਜੌਹਨਸਨ ਨੇ ਦੱਸਿਆ ਕਿ ਗ੍ਰਿਫ਼ਤਾਰ ਸ਼ੱਕੀਆਂ ਵਿਚੋਂ ਤਕਰੀਬਨ ਅੱਧੇ ਅਜਿਹੇ ਸਨ ਜੋ ਪਹਿਲਾਂ ਹੀ ਕਾਰ ਚੋਰੀ ਦੀਆਂ ਵਾਰਦਾਤਾਂ ਦੇ ਮਾਮਲੇ ਵਿਚ ਜ਼ਮਾਨਤ ’ਤੇ ਬਾਹਰ ਆਏ ਹੋਏ ਸਨ। ਉਨ੍ਹਾਂ ਅੱਗੇ ਕਿਹਾ ਕਿ 30 ਫੀ ਸਦੀ ਸ਼ੱਕੀ ਬਹੁਤ ਘੱਟ ਉਮਰ ਦੇ ਸਨ ਜਿਨ੍ਹਾਂ ਨੂੰ ਜ਼ਮਾਨਤ ’ਤੇ ਰਿਹਾਅ ਕਰ ਦਿਤਾ ਗਿਆ।

Tags:    

Similar News