ਉਨਟਾਰੀਓ ਦੀਆਂ ਸਿਆਸੀ ਪਾਰਟੀਆਂ ਨੇ ਚੋਣਾਂ ਲਈ ਕਮਰ ਕੱਸੀ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਕਰਨ ਦੇ ਕਿਆਸਿਆਂ ਦਰਮਿਆਨ ਲਿਬਰਲ ਆਗੂ ਬੌਨੀ ਕਰੌਂਬੀ ਨੇ ਪਾਰਟੀ ਵਰਕਰਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿਤਾ ਹੈ। ਬੌਨੀ ਕਰੌਂਬੀ ਵੱਲੋਂ ਪ੍ਰਚਾਰ ਮੁਹਿੰਮ ਦੇ ਮੁਖੀ ਤੋਂ ਇਲਾਵਾ ਦੋ ਕੈਂਪੇਨ ਡਾਇਰੈਕਟਰਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ ਅਤੇ ਪਾਰਟੀ ਮੈਂਬਰਾਂ ਨੂੰ ਭੇਜੀ ਈਮੇਲ ਵਿਚ ਤਕੜੇ ਹੋ ਕੇ ਚੋਣ ਤਿਆਰੀਆਂ ਵਿਚ ਜੁਟਣ ਦਾ ਜ਼ਿਕਰ ਕੀਤਾ ਗਿਆ ਹੈ।
ਟੋਰਾਂਟੋ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਵੱਲੋਂ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਕਰਨ ਦੇ ਕਿਆਸਿਆਂ ਦਰਮਿਆਨ ਲਿਬਰਲ ਆਗੂ ਬੌਨੀ ਕਰੌਂਬੀ ਨੇ ਪਾਰਟੀ ਵਰਕਰਾਂ ਨੂੰ ਤਿਆਰ-ਬਰ-ਤਿਆਰ ਰਹਿਣ ਦਾ ਸੱਦਾ ਦਿਤਾ ਹੈ। ਬੌਨੀ ਕਰੌਂਬੀ ਵੱਲੋਂ ਪ੍ਰਚਾਰ ਮੁਹਿੰਮ ਦੇ ਮੁਖੀ ਤੋਂ ਇਲਾਵਾ ਦੋ ਕੈਂਪੇਨ ਡਾਇਰੈਕਟਰਾਂ ਦੀ ਨਿਯੁਕਤੀ ਵੀ ਕੀਤੀ ਗਈ ਹੈ ਅਤੇ ਪਾਰਟੀ ਮੈਂਬਰਾਂ ਨੂੰ ਭੇਜੀ ਈਮੇਲ ਵਿਚ ਤਕੜੇ ਹੋ ਕੇ ਚੋਣ ਤਿਆਰੀਆਂ ਵਿਚ ਜੁਟਣ ਦਾ ਜ਼ਿਕਰ ਕੀਤਾ ਗਿਆ ਹੈ। ‘ਟੋਰਾਂਟੋ ਸਟਾਰ’ ਦੀ ਰਿਪੋਰਟ ਮੁਤਾਬਕ ਲਿਬਰਲ ਲੀਡਰਸ਼ਿਪ ਦੌੜ ਵਿਚ ਬੌਨੀ ਕਰੌਂਬੀ ਦਾ ਮੁਕਾਬਲਾ ਕਰ ਚੁੱਕੇ ਚੈਡ ਵਾਲਸ਼ ਅਤੇ ਜੈਨਵੀਵ ਟੌਮਨੀ ਨੂੰ ਕੈਂਪੇਨ ਡਾਇਰੈਕਟਰਾਂ ਦੀ ਜ਼ਿੰਮੇਵਾਰੀ ਸੌਂਪੀ ਗਈ ਹੈ।
ਬੌਨੀ ਕਰੌਂਬੀ ਵੱਲੋਂ ਲਿਬਰਲ ਮੈਂਬਰਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ
ਲਿਬਰਲ ਆਗੂ ਨੇ ਕਿਹਾ ਕਿ ਜਥੇਬੰਦਕ ਢਾਂਚੇ ਬਾਰੇ ਚੈਡ ਵਾਲਸ਼ ਦਾ ਲੰਮਾ ਤਜਰਬਾ ਅਤੇ ਨੈਟਵਰਕ ਪਾਰਟੀ ਵਾਸਤੇ ਲਾਹੇਵੰਦ ਸਾਬਤ ਹੋਵੇਗਾ ਜਦਕਿ ਅਸਰਦਾਰ ਰਣਨੀਤੀ ਘੜਨ, ਡਿਜੀਟਲ ਐਂਗੇਜਮੈਂਟ ਅਤੇ ਕਮਿਊਨੀਕੇਸ਼ਨ ਦੇ ਖੇਤਰ ਵਿਚ ਜੈਨਵੀਵ ਟੌਮਨੀ ਦਾ ਹੁਨਰ ਪਾਰਟੀ ਨੂੰ ਅੱਗੇ ਰੱਖਣ ਵਿਚ ਮਦਦ ਕਰੇਗਾ। ਬੌਨੀ ਕਰੌਂਬੀ ਨੇ ਅੱਗੇ ਕਿਹਾ ਕਿ ਡਗ ਫੋਰਡ ਵੱਲੋਂ ਪੇਸ਼ ਕੀਤੀ ਜਾਣ ਵਾਲੀ ਕਿਸੇ ਵੀ ਚੁਣੌਤੀ ਲਈ ਅਸੀਂ ਪੂਰੀ ਤਿਆਰੀ ਰੱਖਾਂਗੇ। ਟੌਮ ਐਲੀਸਨ ਨੂੰ ਪ੍ਰਚਾਰ ਮੁਹਿੰਮ ਦਾ ਮੁਖੀ ਨਿਯੁਕਤ ਕਰਦਿਆਂ ਬੌਨੀ ਕਰੌਂਬੀ ਨੇ ਕਿਹਾ ਕਿ ਜਲਦ ਹੀ ਕੋ-ਚੇਅਰਜ਼ ਦਾ ਐਲਾਨ ਵੀ ਕੀਤਾ ਜਾਵੇਗਾ। ਦੱਸ ਦੇਈਏ ਕਿ ਟੌਮ ਐਲੀਸਨ ਪਾਰਟੀ ਦੇ ਸੀਨੀਅਰ ਆਗੂਆਂ ਵਿਚੋਂ ਇਕ ਹਨ ਜੋ 2013 ਤੋਂ ਹੁਣ ਤੱਕ ਹੋਈ ਪਾਰਟੀ ਲੀਡਰਸ਼ਿਪ ਦੌੜ ਵਿਚ ਸ਼ਾਮਲ ਰਹੇ। 2013 ਵਿਚ ਕੈਥਲੀਨ ਵਿਨ ਜੇਤੂ ਰਹੇ ਜਦਕਿ 2020 ਵਿਚ ਸਟੀਵਨ ਡੈਲ ਡੁਕਾ ਨੇ ਟੌਮ ਐਲੀਸਨ ਦੀਆਂ ਉਮੀਦਾਂ ’ਤੇ ਪਾਣੀ ਫੇਰ ਦਿਤਾ। ਬੌਨੀ ਕਰੌਂਬੀ ਨਾਲ ਹੋਏ ਮੁਕਾਬਲੇ ਵਿਚ ਵੀ ਉਹ ਲੀਡ ਹਾਸਲ ਨਾ ਕਰ ਸਕੇ। ਇਸੇ ਦੌਰਾਨ ਬੌਨੀ ਕਰੌਂਬੀ ਨੇ ਕਿਹਾ ਕਿ ਗਰਮੀਆਂ ਦਾ ਮੌਸਮ ਉਨਟਾਰੀਓ ਦੇ ਲਿਬਰਲ ਮੈਂਬਰਾਂ ਲਈ ਬੇਹੱਦ ਰੁਝੇਵਿਆਂ ਵਾਲਾ ਹੋਵੇਗਾ ਕਿਉਂਕਿ ਪ੍ਰੀਮੀਅਰ ਡਗ ਫੋਰਡ ਨੇ ਲੰਮੀਆਂ ਛੁੱਟੀਆਂ ਵਾਸਤੇ ਸੂਬਾ ਵਿਧਾਨ ਸਭਾ ਦਾ ਇਜਲਾਸ ਸਮੇਂ ਤੋਂ ਪਹਿਲਾਂ ਹੀ ਉਠਾ ਦਿਤਾ।
ਪ੍ਰਚਾਰ ਮੁਹਿੰਮ ਦਾ ਮੁਖੀ ਅਤੇ ਦੋ ਡਾਇਰੈਕਟਰ ਨਿਯੁਕਤ ਕੀਤੇ
ਹਾਲਾਤ ਨੂੰ ਵੇਖਦਿਆਂ ਉਨਟਾਰੀਓ ਦੀ ਲਿਬਰਲ ਪਾਰਟੀ ਨੂੰ ਚੋਣਾਂ ਦੀ ਤਿਆਰੀ ਕਰ ਲੈਣੀ ਚਾਹੀਦੀ ਹੈ ਜੋ ਸਮੇਂ ਤੋਂ ਪਹਿਲਾਂ ਹੋ ਸਕਦੀਆਂ ਹਨ। ਬੌਨੀ ਕਰੌਂਬੀ ਤੋਂ ਪਹਿਲਾਂ ਐਨ.ਡੀ.ਪੀ. ਆਗੂ ਮੈਰਿਟ ਸਟਾਈਲਜ਼ ਵੱਲੋਂ ਪਾਰਟੀ ਮੈਂਬਰਾਂ ਨੂੰ ਸਮੇਂ ਤੋਂ ਪਹਿਲਾਂ ਚੋਣਾਂ ਵਾਸਤੇ ਤਿਆਰ ਰਹਿਣ ਦਾ ਸੱਦਾ ਦਿਤਾ ਜਾ ਚੁੱਕਾ ਹੈ। ਟੋਰਾਂਟੋ ਵਿਖੇ ਪਾਰਟੀ ਦੀ ਕਾਨਫਰੰਸ ਦੌਰਾਨ ਮੈਰਿਟ ਸਟਾਈਲਜ਼ ਨੇ ਕਿਹਾ ਸੀ ਕਿ ਸਮੇਂ ਤੋਂ ਪਹਿਲਾਂ ਚੋਣਾਂ ਦੇ ਕਿਆਸੇ ਲਗਾਤਾਰ ਤੇਜ਼ ਹੋ ਰਹੇ ਹਨ ਤਾਂ ਅਸੀਂ ਵੀ ਮੈਦਾਨ ਵਿਚ ਨਿੱਤਰਨ ਲਈ ਤਿਆਰ ਬੈਠੇ ਹਾਂ। ਇਥੇ ਦਸਣਾ ਬਣਦਾ ਹੈ ਕਿ ਕੌਮੀ ਪੱਧਰ ’ਤੇ ਕੰਜ਼ਰਵੇਟਿਵ ਪਾਰਟੀ ਦੀ ਚੜ੍ਹਤ ਨੂੰ ਵੇਖਦਿਆਂ ਪਿਅਰੇ ਪੌਇਲੀਐਵ ਦੀ ਜਿੱਤ ਯਕੀਨੀ ਮੰਨੀ ਜਾ ਰਹੀ ਹੈ ਪਰ ਟੋਰੀ ਸਰਕਾਰ ਬਣਨ ਦੀ ਸੂਰਤ ਵਿਚ ਕਈ ਫੈਸਲੇ ਅਜਿਹੇ ਲਏ ਜਾ ਸਕਦੇ ਹਨ ਜੋ ਡਗ ਫੋਰਡ ਸਰਕਾਰ ਦੀ ਮਕਬੂਲੀਅਤ ਨੂੰ ਢਾਹ ਲਾ ਸਕਦੇ ਹਨ। ਖੁਦ ਡਗ ਫੋਰਡ ਦਾ ਮੰਨਣਾ ਹੈ ਕਿ ਭਵਿੱਖ ਵਿਚ ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਸੱਤਾ ਵਿਚ ਆਉਂਦੀ ਹੈ ਤਾਂ ਸੂਬਾ ਸਰਕਾਰਾਂ ਨੂੰ ਮਿਲਣ ਵਾਲੀ ਰਕਮ ਵਿਚ ਕਟੌਤੀ ਹੋ ਸਕਦੀ ਹੈ। ਕੰਜ਼ਰਵੇਟਿਵ ਪਾਰਟੀ ਦੀ ਸਰਕਾਰ ਆਉਣ ’ਤੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਦੀ ਇਲੈਕਟ੍ਰਿਕ ਗੱਡੀਆਂ ਨਾਲ ਸਬੰਧਤ ਨੀਤੀ ਵੀ ਖਤਮ ਕਰ ਦਿਤੀ ਜਾਵੇਗੀ ਅਤੇ ਇਸ ਦਾ ਸਿੱਧਾ ਨੁਕਸਾਨ ਉਨਟਾਰੀਓ ਨੂੰ ਹੋਵੇਗਾ ਜਦਕਿ ਹੋਰਨਾਂ ਖਰਚਿਆਂ ਵਿਚ ਕਟੌਤੀ ਨਾਲ ਪੀ.ਸੀ. ਪਾਰਟੀ ਦੀ ਸਰਕਾਰ ਨੂੰ ਝਟਕਾ ਲੱਗ ਸਕਦਾ ਹੈ। ਡਗ ਫੋਰਡ ਫੈਡਰਲ ਚੋਣਾਂ ਤੋਂ ਪਹਿਲਾਂ ਹੀ ਮੁੜ ਆਪਣੀ ਸਰਕਾਰ ਬਣਾ ਕੇ ਬਤੌਰ ਪ੍ਰੀਮੀਅਰ ਚਾਰ ਸਾਲ ਕੁਰਸੀ ’ਤੇ ਰਹਿਣਾ ਚਾਹੁਣਗੇ ਕਿਉਂਕਿ ਤੈਅ ਸਮੇਂ ’ਤੇ ਚੋਣਾਂ ਹੋਈਆਂ ਤਾਂ ਅਜਿਹਾ ਹੋਣਾ ਮੁਸ਼ਕਲ ਹੋ ਸਕਦਾ ਹੈ।