2025 ਵਿਚ ਹੋ ਸਕਦੀਆਂ ਨੇ ਉਨਟਾਰੀਓ ਵਿਧਾਨ ਸਭਾ ਚੋਣਾਂ
ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਗਲੇ ਸਾਲ ਦੇ ਆਰੰਭ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੰਕੇਤ ਦਿਤੇ ਹਨ।
ਬਰੈਂਪਟਨ : ਉਨਟਾਰੀਓ ਦੇ ਪ੍ਰੀਮੀਅਰ ਡਗ ਫੋਰਡ ਨੇ ਅਗਲੇ ਸਾਲ ਦੇ ਆਰੰਭ ਵਿਚ ਵਿਧਾਨ ਸਭਾ ਚੋਣਾਂ ਕਰਵਾਉਣ ਦੇ ਸੰਕੇਤ ਦਿਤੇ ਹਨ। ਮੀਡੀਆ ਨਾਲ ਗੱਲਬਾਤ ਕਰਦਿਆਂ ਡਗ ਫੋਰਡ ਨੇ ਕਿਹਾ ਕਿ ਸੂਬੇ ਵਿਚ ਇਸ ਸਾਲ ਚੋਣਾਂ ਨਹੀਂ ਹੋਣਗੀਆਂ ਪਰ ਪਾਰਟੀ ਮੈਂਬਰਾਂ ਨੂੰ ਤਿਆਰ ਬਰ ਤਿਆਰ ਰਹਿਣ ਦਾ ਸੱਦਾ ਵੀ ਦਿਤਾ ਜਿਸ ਤੋਂ ਅੰਦਾਜ਼ਾ ਲਾਇਆ ਜਾ ਰਿਹਾ ਹੈ ਕਿ 2025 ਵਿਚ ਕਿਸੇ ਵੀ ਵੇਲੇ ਚੋਣਾਂ ਦਾ ਐਲਾਨ ਹੋ ਸਕਦਾ ਹੈ। ਡਗ ਫੋਰਡ ਨੇ ਗੱਲਾਂ-ਗੱਲਾਂ ਵਿਚ ਕਿਹਾ ਕਿ ਅਸੀਂ ਚੋਣਾਂ ਤੋਂ ਬਹੁਤੀ ਦੂਰ ਨਹੀਂ। ਭਾਵੇਂ ਇਹ ਅਗਲੇ ਸਾਲ ਹੋ ਜਾਣ ਜਾਂ ਉਸ ਤੋਂ ਅਗਲੇ ਸਾਲ। ਪ੍ਰੀਮੀਅਰ ਨੇ ਮੰਨਿਆ ਕਿ ਉਨ੍ਹਾਂ ਵੱਲੋਂ ਪਾਰਟੀ ਮੈਂਬਰਾਂ ਨੂੰ ਚੋਣਾਂ ਕਰਵਾਉਣ ਜਾਂ ਨਾ ਕਰਵਾਉਣ ਦਾ ਫੈਸਲਾ ਕਰਨ ਲਈ ਦਸੰਬਰ ਤੱਕ ਦਾ ਸਮਾਂ ਦਿਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਸੂਬਾ ਸਰਕਾਰ ਵੱਲੋਂ ਨੌਕਰੀਆਂ ਪੈਦਾ ਕਰਨ, ਹੈਲਥ ਕੇਅਰ, ਐਜੁਕੇਸ਼ਨ ਅਤੇ ਹਾਈਵੇਜ਼ ਤੇ ਟ੍ਰਾਂਜ਼ਿਟ ਵਰਗੇ ਇਨਫਰਾਸਟ੍ਰਕਚਰ ਪ੍ਰੌਜੈਕਟਾਂ ਵੱਲ ਧਿਆਨ ਕੇਂਦਰਤ ਕੀਤਾ ਜਾ ਰਿਹਾ ਹੈ। ਉਨਟਾਰੀਓ ਵਾਸੀਆਂ ਨੂੰ ਸਭ ਤੋਂ ਪਹਿਲਾਂ ਚੰਗੀ ਤਨਖਾਹ ਵਾਲੀ ਨੌਕਰੀ ਦੀ ਜ਼ਰੂਰਤ ਹੈ ਅਤੇ ਇਸ ਦੇ ਨਾਲ ਹੀ ਸੂਬੇ ਦੇ ਕੋਨੇ ਕੋਨੇ ਤੱਕ ਹਸਪਤਾਲਾਂ, ਸਕੂਲਾਂ ਤੇ ਹੋਰ ਇਨਫਰਾਸਟ੍ਰਕਚਰ ਦੀ ਉਸਾਰੀ ਕੀਤੀ ਜਾ ਰਹੀ ਹੈ।
ਬਰੈਂਪਟਨ ਪੁੱਜੇ ਪ੍ਰੀਮੀਅਰ ਡਗ ਫੋਰਡ ਨੇ ਦਿਤੇ ਸੰਕੇਤ
ਇਥੇ ਦਸਣਾ ਬਣਦਾ ਹੈ ਕਿ ਪ੍ਰੀਮੀਅਰ ਡਗ ਫੋਰਡ ਕਈ ਮੌਕਿਆਂ ’ਤੇ ਸਮੇਂ ਤੋਂ ਪਹਿਲਾਂ ਚੋਣਾਂ ਕਰਵਾਉਣ ਵੱਲ ਇਸ਼ਾਰਾ ਕਰ ਚੁੱਕੇ ਹਨ ਜਿਸ ਦੇ ਮੱਦੇਨਜ਼ਰ ਵਿਰੋਧੀ ਪਾਰਟੀਆਂ ਨੇ ਉਮੀਦਵਾਰਾਂ ਦੀ ਨਾਮਜ਼ਦਗੀ ਦਾ ਸਿਲਸਿਲਾ ਤੇਜ਼ ਕਰ ਦਿਤਾ। ਉਨਟਾਰੀਓ ਦੀ ਐਨ.ਡੀ.ਪੀ. ਵੱਲੋਂ ਪਿਛਲੇ 10 ਹਫਤੇ ਤੌਰਾਨ 11 ਲੱਖ ਡਾਲਰ ਦਾ ਚੰਦਾ ਇਕੱਤਰ ਕੀਤਾ ਗਿਆ। ਪਾਰਟੀ ਦਾ ਕਹਿਣਾ ਹੈ ਕਿ ਤਕਰੀਬਨ 20 ਹਜ਼ਾਰ ਲੋਕਾਂ ਨੇ ਔਸਤਨ 52 ਡਾਲਰ ਦਾ ਚੰਦਾ ਪਾਰਟੀ ਨੂੰ ਦਿਤਾ। ਆਪਣੀ ਨਵੀਂ ਆਗੂ ਬੌਨੀ ਕਰੌਂਬੀ ਨਾਲ ਲਿਬਰਲ ਪਾਰਟੀ ਦੇ ਹੌਸਲੇ ਵੀ ਬੁਲੰਦ ਨਜ਼ਰ ਆ ਰਹੇ ਹਨ। ਪਾਰਟੀ ਦੇ ਬੁਲਾਰੇ ਕਾਰਟਰ ਬ੍ਰਾਊਨਲੀ ਨੇ ਦੱਸਿਆ ਕਿ ਬੌਨੀ ਕਰੌਂਬੀ ਦੇ ਆਗੂ ਚੁਣੇ ਜਾਣ ਮਗਰੋਂ ਤਕਰੀਬਨ 10 ਹਜ਼ਾਰ ਦਾਨੀ ਸੱਜਣ 30 ਲੱਖ ਡਾਲਰ ਦਾ ਚੰਦਾ ਦੇ ਚੁੱਕੇ ਹਨ। ਬ੍ਰਾਊਨਲੀ ਨੇ ਅੱਗੇ ਕਿਹਾ ਕਿ 2024 ਦੀ ਦੂਜੀ ਤਿਮਾਹੀ ਦੌਰਾਨ ਲਿਬਰਲ ਪਾਰਟੀ ਨੂੰ 10 ਲੱਖ ਡਾਲਰ ਦਾ ਚੰਦਾ ਹਾਸਲ ਹੋਇਆ। ਉਧਰ ਗਰੀਨ ਪਾਰਟੀ ਦਾ ਜ਼ਿਕਰ ਕੀਤਾ ਜਾਵੇ ਤਾਂ ਦੋ ਵਿਧਾਇਕਾਂ ਵਾਲੀ ਇਸ ਧਿਰ ਵੱਲੋਂ ਲੋਕਲ ਟੀਮਾਂ ਬਣਾਉਣ ’ਤੇ ਜ਼ੋਰ ਦਿਤਾ ਜਾ ਰਿਹਾ ਹੈ। ਦੱਸ ਦੇਈਏ ਕਿ ਪੀ.ਸੀ. ਪਾਰਟੀ ਕੋਲ ਇਸ ਵੇਲੇ 78 ਸੀਟਾਂ ਹਨ ਅਤੇ ਕੌਕਸ ਦੇ ਮੈਂਬਰ ਪੂਰੀਆਂ ਗਰਮੀਆਂ ਦੌਰਾਨ ਲੋਕਾਂ ਨਾਲ ਰਾਬਤਾ ਕਾਇਮ ਕਰਨ ਵਿਚ ਰੁੱਝੇ ਰਹੇ।