ਹੁਣ ਵੀਜ਼ਾ ਰੱਦ ਹੋਣ ਦਾ ਕਾਰਨ ਵੀ ਦੱਸੇਗਾ ਕੈਨੇਡਾ
ਕੈਨੇਡਾ ਦੇ ਵੀਜ਼ਾ ਸਿਸਟਮ ਵਿਚ ਅਹਿਮ ਤਬਦੀਲੀ ਕਰਦਿਆਂ ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ
ਟੋਰਾਂਟੋ : ਕੈਨੇਡਾ ਦੇ ਵੀਜ਼ਾ ਸਿਸਟਮ ਵਿਚ ਅਹਿਮ ਤਬਦੀਲੀ ਕਰਦਿਆਂ ਇੰਮੀਗ੍ਰੇਸ਼ਨ ਮੰਤਰਾਲੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਹਨ। ਜੀ ਹਾਂ, ਹੁਣ ਵਿਜ਼ਟਰ ਵੀਜ਼ਾ, ਸਟੱਡੀ ਵੀਜ਼ਾ ਜਾਂ ਵਰਕ ਪਰਮਿਟ ਦੀ ਅਰਜ਼ੀ ਰੱਦ ਹੋਣ ’ਤੇ ਇੰਮੀਗ੍ਰੇਸ਼ਨ ਅਫ਼ਸਰਾਂ ਵੱਲੋਂ ਬਿਨੈਕਾਰਾਂ ਨੂੰ ਵਿਸਤਾਰਤ ਜਾਣਕਾਰੀ ਦਿਤੀ ਜਾਵੇਗੀ ਕਿ ਉਨ੍ਹਾਂ ਦੀ ਵੀਜ਼ਾ ਅਰਜ਼ੀ ਆਖਰਕਾਰ ਰੱਦ ਕਿਉਂ ਕੀਤੀ ਗਈ। ਨਵੇਂ ਨਿਯਮ 29 ਜੁਲਾਈ ਤੋਂ ਲਾਗੂ ਹੋ ਗਏ ਜਿਨ੍ਹਾਂ ਦਾ ਮਕਸਦ ਕੈਨੇਡੀਅਨ ਇੰਮੀਗ੍ਰੇਸ਼ਨ ਪ੍ਰਣਾਲੀ ਵਿਚ ਪਾਰਦਰਸ਼ਤਾ ਲਿਆਉਣਾ ਦੱਸਿਆ ਜਾ ਰਿਹਾ ਹੈ। ਇਕ ਮੀਡੀਆ ਰਿਪੋਰਟ ਮੁਤਾਬਕ ਰਫਿਊਜ਼ਲ ਲੈਟਰਜ਼ ਦੇ ਨਾਲ ਇਕ ਪੱਤਰ ਹੋਰ ਈਮੇਲ ਕੀਤਾ ਜਾਵੇਗਾ ਜਿਸ ਵਿਚ ਵੀਜ਼ਾ ਨਾ ਦਿਤੇ ਜਾਣ ਦੇ ਕਾਰਨ ਤਫਸੀਲ ਨਾਲ ਦਰਜ ਹੋਣਗੇ।
ਇੰਮੀਗ੍ਰੇਸ਼ਨ ਵਿਭਾਗ ਵੱਲੋਂ ਨਵੇਂ ਨਿਯਮ ਲਾਗੂ
ਇਥੇ ਦਸਣਾ ਬਣਦਾ ਹੈ ਕਿ ਵਿਜ਼ਟਰ ਵੀਜ਼ਾ ਅਰਜ਼ੀਆਂ ਵੱਡੇ ਪੱਧਰ ’ਤੇ ਰੱਦ ਹੋਣ ਦੇ ਮੱਦੇਨਜ਼ਰ ਅਸਫ਼ਲ ਬਿਨੈਕਾਰਾਂ ਵੱਲੋਂ ਐਕਸੈਸ ਟੁ ਇਨਫਰਮੇਸ਼ਨ ਐਂਡ ਪ੍ਰਾਇਵੇਸੀ ਰਾਹੀਂ ਕਾਰਨ ਪਤਾ ਕਰਨ ਵਾਸਤੇ ਅਰਜ਼ੀਆਂ ਦਾ ਢੇਰ ਲਾ ਦਿਤਾ ਗਿਆ। ਅਜਿਹੀਆਂ ਅਰਜ਼ੀਆਂ ਇੰਮੀਗ੍ਰੇਸ਼ਨ ਵਿਭਾਗ ’ਤੇ ਬੋਝ ਬਣਦੀਆਂ ਜਾ ਰਹੀਆਂ ਸਨ ਅਤੇ ਇਨ੍ਹਾਂ ਦਾ ਜਵਾਬ ਦੇਣ ਲਈ ਇੰਮੀਗ੍ਰੇਸ਼ਨ ਵਕੀਲਾਂ ਦੀ ਮਦਦ ਵੀ ਲੈਣੀ ਪੈਂਦੀ। ਹੁਣ ਸਬੰਧਤ ਬਿਨੈਕਾਰ ਨੂੰ ਰਫ਼ਿਊਜ਼ਲ ਲੈਟਰ ਭੇਜਣ ਲੱਗਿਆਂ ਵੀਜ਼ੇ ਤੋਂ ਇਨਕਾਰ ਦੇ ਕਾਰਨ ਬਿਆਨ ਕਰਦਾ ਪੱਤਰ ਵੀ ਨੱਥੀ ਕਰ ਦਿਤਾ ਜਾਵੇਗਾ ਅਤੇ ਭੰਬਲਭੂਸੇ ਦੀ ਕੋਈ ਦੀ ਕੋਈ ਗੁੰਜਾਇਸ਼ ਨਹੀਂ ਬਚੇਗੀ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਨਵੇਂ ਨਿਯਮ ਇਲੈਕਟ੍ਰਾਨਿਕ ਟਰੈਵਲ ਆਥੋਰਾਈਜ਼ੇਸ਼ਨ ਅਤੇ ਟੈਂਪਰੇਰੀ ਰੈਜ਼ੀਡੈਂਟ ਪਰਮਿਟਸ ’ਤੇ ਲਾਗੂ ਨਹੀਂ ਹੋਣਗੇ। ਇੰਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਨਵੇਂ ਪੋਰਟਲ ਰਾਹੀਂ ਅਰਜ਼ੀ ਦਾਖਲ ਕਰਨ ਵਾਲਿਆਂ ਨੂੰ ਫ਼ਿਲਹਾਲ ਵੀਜ਼ਾ ਰੱਦ ਹੋਣ ਦੇ ਕਾਰਨ ਬਿਆਨ ਕਰਦੇ ਪੱਤਰ ਨਹੀਂ ਨਹੀਂ ਮਿਲ ਸਕਣਗੇ। ਇੰਮੀਗ੍ਰੇਸ਼ਨ ਮਾਹਰਾਂ ਵੱਲੋਂ ਨਵੇਂ ਨਿਯਮ ਨੂੰ ਬੇਹੱਦ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬਿਨੈਕਾਰਾਂ ਸਾਹਮਣੇ ਹਾਲਾਤ ਬਿਲਕੁਲ ਸਪੱਸ਼ਟ ਹੋ ਜਾਣਗੇ ਕਿ ਆਖਰਕਾਰ ਉਨ੍ਹਾਂ ਦੀ ਵੀਜ਼ਾ ਅਰਜ਼ੀ ਵਿਚ ਕਿਹੜੀਆਂ ਕਮੀਆਂ ਰਹਿ ਗਈਆਂ। ਇਸ ਤੋਂ ਇਲਾਵਾ ਬਿਨੈਕਾਰ ਆਪਣੇ ਭਵਿੱਖ ਦੇ ਕਦਮਾਂ ਬਾਰੇ ਠਰੰਮੇ ਨਾਲ ਵਿਚਾਰ ਵਟਾਂਦਰਾ ਵੀ ਕਰ ਸਕਣਗੇ। ਵੀਜ਼ਾ ਰੱਦ ਹੋਣ ਦਾ ਕਾਰਨ ਦਰਸਾਉਣ ਵਾਲੇ ਪੱਤਰਾਂ ਵਿਚ ਜਿਥੇ ਰਸਮੀ ਭਾਸ਼ਾ ਵਰਤੀ ਜਾਵੇਗੀ, ਉਥੇ ਹੀ ਤਕਨੀਕੀ ਭਾਸ਼ਾ ਵੀ ਵਰਤੀ ਜਾ ਸਕਦੀ ਹੈ ਜਾਂ ਸਿੱਧੇ ਤੌਰ ’ਤੇ ਵਿੱਤੀ ਸਰੋਤਾਂ ਦੀ ਕਮੀ ਜਾਂ ਹੋਰ ਕਾਰਨਾਂ ਦਾ ਜ਼ਿਕਰ ਕੀਤਾ ਜਾ ਸਕਦਾ ਹੈ।
ਅਸਫ਼ਲ ਬਿਨੈਕਾਰਾਂ ਨੂੰ ਭੇਜਿਆ ਜਾਵੇਗਾ ਪੱਤਰ
ਦੱਸ ਦੇਈਏ ਕਿ ਪਿਛਲੇ ਸਮੇਂ ਦੌਰਾਨ ਵਿਜ਼ਟਰ ਵੀਜ਼ਾ ਅਰਜ਼ੀਆਂ ਰੱਦ ਹੋਣ ਦਰ 60 ਫੀ ਸਦੀ ਤੋਂ ਟੱਪ ਗਈ। 2024 ਦੌਰਾਨ ਇੰਮੀਗ੍ਰੇਸ਼ਨ ਵਿਭਾਗ ਨੇ ਵਿਜ਼ਟਰ ਵੀਜ਼ਾ ਦੀਆਂ 19 ਲੱਖ 50 ਹਜ਼ਾਰ ਅਰਜ਼ੀਆਂ ਰੱਦ ਕੀਤੀਆਂ ਅਤੇ 2023 ਦੇ ਮੁਕਾਬਲੇ ਇਹ ਅੰਕੜਾ 40 ਫੀ ਸਦੀ ਵੱਧ ਬਣਦਾ ਹੈ। ਦੂਜੇ ਪਾਸੇ ਰੱਦ ਹੋਈਆਂ ਸਟੱਡੀ ਵੀਜ਼ਾ ਅਰਜ਼ੀਆਂਦੀ ਗਿਣਤੀ ਚਾਰ ਲੱਖ ਦੇ ਨੇੜੇ ਦਰਜ ਕੀਤੀ ਗਈ ਅਤੇ 2023 ਦੇ ਮੁਕਾਬਲੇ ਇਹ ਅੰਕੜਾ 52 ਫੀ ਸਦੀ ਵੱਧ ਬਣਦਾ ਹੈ। 3 ਮਿਲੀਅਨ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦੀ ਮੌਜੂਦਗੀ ਨੂੰ ਵੇਖਦਿਆਂ ਕੈਨੇਡਾ ਸਰਕਾਰ ਵੱਲੋਂ ਇਨ੍ਹਾਂ ਦੀ ਗਿਣਤੀ ਘਟਾਉਣ ਖਾਤਰ ਮਲਟੀਪਲ ਐਂਟਰੀ ਵਿਜ਼ਟਰ ਵੀਜ਼ਾ ਬੰਦ ਕਰ ਦਿਤੇ ਗਏ ਜਦਕਿ ਹਰ ਸਾਲ ਸੱਦੇ ਜਾਣ ਵਾਲੇ ਇੰਟਰਨੈਸ਼ਨ ਸਟੂਡੈਂਟਸ ਦੀ ਗਿਣਤੀ ਵੀ 35 ਫੀ ਸਦੀ ਘਟਾ ਦਿਤੀ ਗਈ।