ਫ਼ੈੱਡਰਲ ਸਰਕਾਰ ਵੱਲੋਂ ਪ੍ਰੋਵਿੰਸਾਂ/ਟੈਰੀਟਰੀਆਂ ਨੂੰ ਦਿੱਤੇ ਜਾਣ ਵਾਲੇ ਫ਼ੰਡਾਂ ਬਾਰੇ ਜਾਣਕਾਰੀ ਦੇ ਨਾਲ ਐੱਮ ਪੀ ਸੋਨੀਆ ਸਿੱਧੂ ਵੱਲੋਂ ਨਵੇਂ ਸਾਲ ਲਈ ਸ਼ੁਭ-ਸੁਨੇਹਾ

Update: 2024-12-31 17:52 GMT

ਬਰੈਂਪਟਨ, - ਅਸੀਂ ਨਵੇਂ ਸਾਲ ‘ਚ ਕਦਮ ਰੱਖ ਰਹੇ ਹਾਂ। ਇਸ ਨਵੇਂ ਸਾਲ 2025 ਨੂੰ ‘ਜੀ-ਆਇਆਂ’ ਕਹਿੰਦਿਆਂ ਹੋਇਆਂ ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਸੋਨੀਆ ਸਿੱਧੂ ਨੇ ਸਮੂਹ ਕੈਨੇਡਾ਼-ਵਾਸੀਆਂ ਨਾਲ ਸ਼ੁਭ-ਇੱਛਾਵਾਂ ਸਾਂਝੀਆਂ ਕੀਤੀਆਂ। ਇਸ ਦੇ ਨਾਲ ਹੀ ਉਨ੍ਹਾਂ ਨੇ ਸਾਲ 2024 ਦੌਰਾਨ ਕੈਨੇਡਾ ਨੂੰ ਹੋਰ ਮਜ਼ਬੂਤ ਬਨਾਉਣ ਸਰਕਾਰ ਵੱਲੋਂ ਆਰੰਭੇ ਗਏ ਨਵੇਂ ਪ੍ਰੋਗਰਾਮਾਂ ਬਾਰੇ ਜਿ਼ਕਰ ਕਰਦਿਆਂ ਕਿਹਾ, “ਪਿਛਲੇ ਸਾਲ ਦੌਰਾਨ ਸਾਡੀ ਸਰਕਾਰ ਨੇ ਕਈ ਨਵੀਆਂ ਸ਼ੁਲਾਂਘਾਂ ਪੁੱਟੀਆਂ ਹਨ। ਨੈਸ਼ਨਲ ਫ਼ਾਰਮਾਕੇਅਰ ਪ੍ਰੋਗਰਾਮ, ਲੋਕਾਂ ਲਈ ਕਿਫ਼ਾਇਤੀ ਘਰ ਬਨਾਉਣ ਲਈ ਕੀਤਾ ਗਿਆ ਪੂੰਜੀ-ਨਿਵੇਸ਼ ਅਤੇ ਛੋਟੇ ਕਾਰੋਬਾਰਾਂ ਦੀ ਸਹਾਇਤਾ ਇਸ ਦੀਆਂ ਕੁਝ ਕੁ ਉਦਾਹਰਣਾਂ ਹਨ ਜੋ ਇਹ ਦਰਸਾਉਂਦੀਆਂ ਹਨ ਕਿ ਅਸੀਂ ਕੈਨੇਡਾ ਨੂੰ ਕਿਵੇਂ ਇੱਕ ਮਜ਼ਬੂਤ ਦੇਸ਼ ਵਜੋਂ ਵਿਕਸਤ ਕਰ ਰਹੇ ਹਾਂ।”

ਦੇਸ਼ ਵਿੱਚ ਹੋ ਰਹੀ ਤਰੱਕੀ ਨੂੰ ਭਵਿੱਖ ਵਿੱਚ ਇੰਜ ਹੀ ਜਾਰੀ ਰੱਖਣ ਅਤੇ ਦਰਪੇਸ਼ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਲੋਕਾਂ ਨਾਲ ਕੀਤੇ ਗਏ ਅਹਿਦ ਬਾਰੇ ਗੱਲ ਕਰਦਿਆਂ ਉਨ੍ਹਾਂ ਕਿਹਾ, “ਇਸ ਤਰੱਕੀ ਨੂੰ ਬਰਕਰਾਰ ਹੱਖਣ ਲਈ ਮੈਂ ਆਪਣੀ ਸਰਕਾਰ ਵੱਲੋਂ ਤੁਹਾਡੇ ਸੱਭਨਾਂ ਨਾਲ ਵਚਨਬੱਧ ਹਾਂ। ਰਸਤੇ ਵਿਚ ਆਉਣ ਵਾਲੀਆਂ ਮੁਸ਼ਕਲਾਂ ਅਤੇ ਚੁਣੌਤੀਆਂ ਦਾ ਮੁਕਾਬਲਾ ਕਰਨ ਲਈ ਤੁਹਾਡੇ ਨਾਲ ਮਿਲ ਕੇ ਮੈਂ ਆਪਣੀਆਂ ਕੋਸਿ਼ਸ਼ਾਂ ਜਾਰੀ ਰੱਖਾਂਗੀ।”

ਕੈਨੇਡਾ ਦੇ ਵੱਖ-ਵੱਖ ਪ੍ਰੋਵਿੰਸਾਂ ਤੇ ਟੈਰੀਟਰੀਆਂ ਵੱਲੋਂ ਚਲਾਏ ਜਾ ਰਹੇ ਪ੍ਰੋਗਰਾਮਾਂ ਤੇ ਸੇਵਾਵਾਂ ਨੂੰ ਹੋਰ ਅੱਗੇ ਵਧਾਉਣ ਲਈ ਫ਼ੈੱਡਰਲ ਸਰਕਾਰ ਵੱਲੋਂ ਉਨ੍ਹਾਂ ਦੀ ਵਿੱਤੀ ਸਹਾਇਤਾ ਲਈ ਸਾਲ 2024 ਦੌਰਾਨ ਕਈ ਯੋਜਨਾਵਾਂ ਬਣਾਈਆਂ ਗਈਆਂ ਹਨ। ਮਾਣਯੋਗ ਵਿੱਤ ਮੰਤਰੀ ਡੌਮਿਨਿਕ ਲੀ ਬਲਾਂਕ ਨੇ ਪਿਛਲੇ ਹਫ਼ਤੇ ਐਲਾਨ ਕੀਤਾ ਹੈ ਕਿ ਫ਼ੈੱਡਰਲ ਸਰਕਾਰ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਸਾਲ 2025-26 ਵਿਚ ਵੱਖ-ਵੱਖ ਪ੍ਰਜੈੱਕਟਾਂ ਲਈ 103.8 ਬਿਲੀਅਨ ਡਾਲਰ ਦੀ ਹੋਰ ਵਿੱਤੀ ਸਹਾਇਤਾ ਦੇਵੇਗੀ ਜੋ ਪਹਿਲਾਂ ਦਿੱਤੀ ਜਾ ਰਹੀ ਰਾਸ਼ੀ ਨਾਲੋਂ ਵੱਖਰੀ ਹੋਵੇਗੀ। ਇਸ ਤਰ੍ਹਾਂ ਇਹ ਰਾਸ਼ੀ 2024-25 ਦੇ ਮੁਕਾਬਲੇ 4.4% ਵਧੇਰੇ ਹੋਵੇਗੀ।

ਬਰੈਂਪਟਨ ਸਾਊਥ ਦੀ ਮੈਂਬਰ ਪਾਰਲੀਮੈਂਟ ਨੇ ਕਿਹਾ, “ਹੈੱਲਥ ਕੇਅਰ ਅਤੇ ਹੋਰ ਸਮਾਜਿਕ ਸੇਵਾਵਾਂ ਲਈ ਖ਼ਰਚੀ ਜਾ ਰਹੀ ਇਹ ਵੱਡੀ ਰਾਸ਼ੀ ਬਰੈਂਪਟਨ ਸਾਊਥ ਅਤੇ ਸਮੁੱਚੇ ਦੇਸ਼ ਲਈ ਲਾਹੇਵੰਦੀ ਸਾਬਤ ਹੋਵੇਗੀ। ਸਾਡੀ ਕਮਿਊਨਿਟੀ ਜ਼ਰੂਰੀ ਸੇਵਾਵਾਂ ਵਿੱਚ ਵਾਧੇ ਅਤੇ ਇਨ੍ਹਾਂ ਵਿੱਚ ਹੋਏ ਸੁਧਾਰਾਂ ਦਾ ਲਾਭ ਉਠਾਏਗੀ। ਇਨ੍ਹਾਂ ਸੇਵਾਵਾਂ ਦੇ ਨਾਲ ਸਿਹਤਮੰਦ ਅਤੇ ਖੁਸ਼ਹਾਲ ਕੈਨੇਡਾ ਦੀ ਸਿਰਜਣਾ ਹੋਵੇਗੀ।”

2025-26 ਵਿੱਚ ‘ਕੈਨੇਡਾ ਹੈੱਲਥ ਟ੍ਰਾਂਸਫ਼ਰ’ ਵਿਚ 2.6 ਬਿਲੀਅਨ ਡਾਲਰ ਦਾ ਵਾਧਾ ਹੋ ਕੇ ਇਹ 54.7 ਬਿਲੀਅਨ ਡਾਲਰ ਹੋ ਜਾਏਗਾ। ਇਸ ਵਿੱਚ ਫ਼ਰਵਰੀ 2023 ਵਿਚ ਐਲਾਨ ਕੀਤੀ ਗਈ 10 ਸਾਲਾ ਹੈੱਲਥ ਪੈਕੇਜ ਵਾਲੀ 5% ਸਲਾਨਾ ਵਾਧੇ ਨਾਲ ਮਿਲਣ ਵਾਲੀ 713 ਮਿਲੀਅਨ ਡਾਲਰ ਦੀ ਰਾਸ਼ੀ ਸ਼ਾਮਲ ਹੈ ਅਤੇ ਰਾਸ਼ੀ ਵਿੱਚ ਇਹ ਵਾਧਾ 2027-28 ਤੱਕ ਜਾਰੀ ਰਹੇਗਾ।

ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਟ੍ਰਾਂਸਫ਼ਰ ਕੀਤੇ ਜਾਣ ਵਾਲੇ ਫ਼ੈੱਡਰਲ ਫ਼ੰਡਾਂ ਵਿੱਚ ਕੈਨੇਡਾ ਸੋਸ਼ਲ ਟ੍ਰਾਂਸਫ਼ਰ, ਇਕੁਵੀਲਾਈਜ਼ੇਸ਼ਨ ਅਤੇ ਟੈਰੀਟੋਰੀਅਲ ਫ਼ਾਰਮੂਲਾ ਫਾਈਨਾਂਸਿੰਗ ਵੀ ਸ਼ਾਮਲ ਹਨ। ਇਸ ਦੇ ਨਾਲ ਹੀ ਫ਼ੈੱਡਰਲ ਸਰਕਾਰ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਹੋਰ ਕਈ ਸਲਾਨਾ ਫ਼ੰਡ ਮੁਹੱਈਆ ਕਰਦੀ ਹੈ ਜਿਸ ਵਿਚ ਘਰਾਂ ਤੇ ਕਮਿਊਨਿਟੀ ਦੀ ਸੰਭਾਲ, ਮੈਂਟਲ ਹੈੱਲਥ ਅਤੇ ਨਸਿ਼ਆਂ ਦੀ ਰੋਕਥਾਮ ਦੀਆਂ ਸੇਵਾਵਾਂ ਲਈ 10 ਸਾਲ ਲਈ 11 ਬਿਲੀਅਨ ਡਾਲਰ ਅਤੇ ਬੱਚਿਆਂ ਲਈ ਕਿਫ਼ਾਇਤੀ ਅਗਲੇਰੀ ਸਿੱਖਿਆ ਲਈ ਪੰਜ ਸਾਲਾਂ ਲਈ 27 ਬਿਲੀਅਨ ਰਾਸ਼ੀਆਂ ਸ਼ਾਮਲ ਹਨ।

ਇਸ ਸਬੰਧੀ ਆਪਣੇ ਵਿਚਾਰ ਪ੍ਰਗਟ ਕਰਦਿਆਂ ਮਾਣਯੋਗ ਵਿੱਤ ਮੰਤਰੀ ਡੌਮਿਨਿਕ ਲੀ ਬਲਾਂਕ ਨੇ ਕਿਹਾ, “ਸਾਡੇ ਅਰਥਚਾਰੇ ਦਾ ਮੁੱਢਲਾ ਮਕਸਦ ਸਮਾਜਿਕ ਸੁਰੱਖਿਆ ਅਤੇ ਲੋਕਾਂ ਦੀ ਸਿਹਤ ਦੀ ਸੰਭਾਲ ਹੈ। ਇਸ ਸਾਲ ਅਸੀਂ ਪ੍ਰੋਵਿੰਸਾਂ ਤੇ ਟੈਰੀਟਰੀਆਂ ਨੂੰ ਲੱਗਭੱਗ 104 ਬਿਲੀਅਨ ਡਾਲਰ ਟ੍ਰਾਂਸਫ਼ਰ ਕਰ ਰਹੇ ਹਾਂ। ਇਹ ਰਾਸ਼ੀ ਹਰ ਹਫ਼ਤੇ ਦੋ ਬਿਲੀਅਨ ਡਾਲਰ ਬਣਦੀ ਹੈ। ਹਰ ਹਫ਼ਤੇ ਇਹ ਯਕੀਨੀ ਬਣਾਇਆ ਜਾਏਗਾ ਕਿ ਹੈੱਲਥ ਕੇਅਰ, ਪੋਸਟ ਸੈਕੰਡਰੀ ਸਿੱਿਖਆ, ਸੋਸ਼ਲ ਸਰਵਿਸ ਅਤੇ ਬੱਚਿਆਂ ਲਈ ਮੁੱਢਲੀ ਸਿੱਿਖਆ ਵਰਗੀਆਂ ਸਹੂਲਤਾਂ ਲੋਕਾਂ ਤੱਕ ਬਾਕਾਇਦਾ ਪਹੁੰਚਦੀਆਂ ਹਨ ਜਿਨ੍ਹਾਂ ਦੀ ਉਨ੍ਹਾਂ ਨੂੰ ਅਤਿਅੰਤ ਜ਼ਰੂਰਤ ਹੈ। ਸਾਡੀ ਸਰਕਾਰ ਕੈਨੇਡਾ ਦੇ ਇੱਕ ਸਿਰੇ ਤੋਂ ਦੂਸਰੇ ਸਿਰੇ ਤੀਕ ਇਸ ਨੂੰ ਮਜ਼ਬੂਤ ਅਤੇ ਸਿਹਤਮੰਦ ਬਨਾਉਣ ਲਈ ਆਪਣੀ ਬਣਦੀ ਭੂਮਿਕਾ ਪੂਰੀ ਤਨਦੇਹੀ ਨਾਲ ਨਿਭਾਏਗੀ।”

Tags:    

Similar News