ਕੈਨੇਡਾ ਦੇ 25 ਭਗੌੜਿਆਂ ਦੀ ਨਵੀਂ ਸੂਚੀ ਜਾਰੀ
ਕੈਨੇਡਾ ਦੇ 25 ਪ੍ਰਮੁੱਖ ਭਗੌੜਿਆਂ ਦੀ ਨਵੀਂ ਸੂਚੀ ਜਾਰੀ ਕਰਦਿਆਂ ਹੈਰਾਨਕੁੰਨ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਖਤਰਨਾਕ ਭਗੌੜਾ ਮੈਟਰੋ ਵੈਨਕੂਵਰ ਵਿਚ ਮੌਜੂਦ ਹੋ ਸਕਦਾ ਹੈ।
ਵੈਨਕੂਵਰ : ਕੈਨੇਡਾ ਦੇ 25 ਪ੍ਰਮੁੱਖ ਭਗੌੜਿਆਂ ਦੀ ਨਵੀਂ ਸੂਚੀ ਜਾਰੀ ਕਰਦਿਆਂ ਹੈਰਾਨਕੁੰਨ ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਖਤਰਨਾਕ ਭਗੌੜਾ ਮੈਟਰੋ ਵੈਨਕੂਵਰ ਵਿਚ ਮੌਜੂਦ ਹੋ ਸਕਦਾ ਹੈ। ਜੀ ਹਾਂ, ਸੂਚੀ ਵਿਚ ਦੋ ਪੰਜਾਬੀਆਂ ਦੇ ਨਾਂ ਸ਼ਾਮਲ ਹਨ ਅਤੇ 25 ਵਿਚੋਂ 14 ਭਗੌੜੇ ਉਨਟਾਰੀਓ, ਚਾਰ ਭਗੌੜੇ ਕਿਊਬੈਕ, ਤਿੰਨ ਮੈਨੀਟੋਬਾ, ਦੋ ਐਲਬਰਟਾ ਅਤੇ ਦੋ ਬ੍ਰਿਟਿਸ਼ ਕੋਲੰਬੀਆ ਵਿਚ ਲੋੜੀਂਦੇ ਹਨ। 17 ਭਗੌੜਿਆਂ ਵਿਰੁੱਧ ਕਤਲ ਦੇ ਦੋਸ਼ ਹਨ ਜਦਕਿ ਬਾਕੀ ਜਿਣਸੀ ਹਮਲੇ ਅਤੇ ਸਾਜ਼ਿਸ਼ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਹਨ।
ਧਰਮ ਧਾਲੀਵਾਲ ਅਤੇ ਗੁਰਕੀਰਤ ਸਿੰਘ ਦੇ ਨਾਂ ਸ਼ਾਮਲ
ਬੋਲੋ ਪ੍ਰੋਗਰਾਮ ਦੇ ਕਾਰਜਕਾਰੀ ਡਾਇਰੈਕਟਰ ਮੈਕਸ ਲੌਂਗਲੂਵਾ ਨੇ ਦੱਸਿਆ ਕਿ ਸੂਚੀ ਵਿਚ 12 ਨਵੇਂ ਨਾਂ ਸ਼ਾਮਲ ਕੀਤੇ ਗਏ ਹਨ ਜਿਨ੍ਹਾਂ ਦੀ ਸੂਹ ਦੇਣ ਵਾਲਿਆਂ ਨੂੰ ਇਕ ਲੱਖ ਡਾਲਰ ਤੱਕ ਦਾ ਇਨਾਮ ਮਿਲ ਸਕਦਾ ਹੈ। ਪਿਛਲੇ ਸਾਲ ਦੀ ਸੂਚੀ ਵਿਚ ਸ਼ਾਮਲ ਭਗੌੜਿਆਂ ਵਿਚੋਂ 9 ਕਾਬੂ ਕੀਤੇ ਜਾ ਚੁੱਕੇ ਹਨ। ਬੋਲੋ ਮੁਹਿੰਮ ਦੌਰਾਨ 2018 ਮਗਰੋਂ 78 ਸ਼ੱਕੀਆਂ ਦੇ ਨਾਂ ਸ਼ਾਮਲ ਕੀਤੇ ਗਏ ਅਤੇ ਇਨ੍ਹਾਂ ਵਿਚੋਂ 42 ਨੂੰ ਹਥਕੜੀਆਂ ਲਾਉਣ ਵਿਚ ਪੁਲਿਸ ਸਫ਼ਲ ਰਹੀ। ਤਾਜ਼ਾ ਸੂਚੀ ਵਿਚ ਪਹਿਲਾ ਨਾਂ ਫੁਐਂਟਸ ਗਰੈਮਾਜੋ ਦਾ ਹੈ ਅਤੇ ਉਸ ਦੇ ਵੈਨਕੂਵਰ ਵਿਚ ਹੋਣ ਦਾ ਖਦਸ਼ਾ ਜ਼ਾਹਰ ਕੀਤਾ ਜਾ ਰਿਹਾ ਹੈ।
ਸਭ ਤੋਂ ਖ਼ਤਰਨਾਕ ਭਗੌੜਾ ਵੈਨਕੂਵਰ ਵਿਚ ਹੋਣ ਦੇ ਆਸਾਰ
ਅਸਲ ਵਿਚ ਉਹ ਮੌਂਟਰੀਅਲ ਨਾਲ ਸਬੰਧਤ ਹੈ ਪਰ ਬੀ.ਸੀ. ਅਤੇ ਉਨਟਾਰੀਓ ਵਿਚ ਉਸ ਦੇ ਗੂੜ੍ਹੇ ਦੋਸਤਾਂ ਦੀ ਮੌਜੂਦਗੀ ਦੱਸੀ ਜਾ ਰਹੀ ਹੈ। ਸੂਚੀ ਵਿਚ 16ਵੇਂ ਨੰਬਰ ’ਤੇ ਗੁਰਕੀਰਤ ਸਿੰਘ ਨੂੰ ਰੱਖਿਆ ਗਿਆ ਹੈ ਜੋ ਸੈਕਸ਼ੁਆਲ ਇੰਟਰਫੇਰੈਂਸ ਦੇ ਮਾਮਲੇ ਵਿਚ ਭਗੌੜਾ ਹੈ। ਇਸ ਤੋਂ ਇਲਾਵਾ 21ਵੇਂ ਨੰਬਰ ’ਤੇ ਧਰਮ ਧਾਲੀਵਾਲ ਨੂੰ ਰੱਖਿਆ ਗਿਆ ਹੈ ਜੋ ਕਤਲ ਮਾਮਲੇ ਵਿਚ ਲੋੜੀਂਦਾ ਹੈ।