ਕੈਨੇਡਾ ਦੇ ਵਿੰਨੀਪੈਗ ਅਤੇ ਐਬਸਫੋਰਡ ਵਿਖੇ ਸਜਾਏ ਅਲੌਕਿਕ ਨਗਰ ਕੀਰਤਨ

ਕੈਨੇਡਾ ਦੇ ਵਿੰਨੀਪੈਗ ਅਤੇ ਐਬਸਫੋਰਡ ਸ਼ਹਿਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ ਨੂੰ ਸਜਾਏ ਗਏ

Update: 2025-09-01 12:38 GMT

ਵਿੰਨੀਪੈਗ : ਕੈਨੇਡਾ ਦੇ ਵਿੰਨੀਪੈਗ ਅਤੇ ਐਬਸਫੋਰਡ ਸ਼ਹਿਰਾਂ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੌਕਿਕ ਨਗਰ ਕੀਰਤਨ ਐਤਵਾਰ ਨੂੰ ਸਜਾਏ ਗਏ। ਪੰਜ ਪਿਆਰਿਆਂ ਦੀ ਅਗਵਾਈ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਛਤਰ-ਛਾਇਆ ਹੇਠ ਸਜਾਏ ਨਗਰ ਕੀਰਤਨ ਦੌਰਾਨ ਹਜ਼ਾਰਾਂ ਦੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਭਰਦਿਆਂ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕੀਤੀਆਂ। ਮੈਨੀਟੋਬਾ ਦੇ ਪ੍ਰੀਮੀਅਰ ਵੈਬ ਕੀਨਿਊ ਖਾਸ ਤੌਰ ’ਤੇ ਨਗਰ ਕੀਰਤਨ ਵਿਚ ਸ਼ਾਮਲ ਹੋਏ ਅਤੇ ਲੰਗਰ ਦੀ ਸੇਵਾ ਕੀਤੀ।

ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਹਿਲੇ ਪ੍ਰਕਾਸ਼ ਪੁਰਬ ਮੌਕੇ ਵੱਡੇ ਇਕੱਠ

ਸਿੱਖ ਸੋਸਾਇਟੀ ਵੱਲੋਂ ਉਨ੍ਹਾਂ ਨੂੰ ਸ੍ਰੀ ਦਰਬਾਰ ਸਾਹਿਬ ਦਾ ਮਾਡਲ ਅਤੇ ਸਿਰੋਪਾਉ ਭੇਟ ਕੀਤੇ ਗਏ। ਮੈਨੀਟੋਬਾ ਸਿੱਖ ਸੋਸਾਇਟੀ ਦੇ ਪ੍ਰਧਾਨ ਹਰਬੰਸ ਸਿੰਘ ਬਰਾੜ ਨੇ ਦੱਸਿਆ ਕਿ ਸ਼ਹਿਰ ਦੇ ਹਰ ਵਰਗ ਨੂੰ ਨਗਰ ਕੀਰਤਨ ਵਿਚ ਸ਼ਾਮਲ ਹੋਣ ਦਾ ਸੱਦਾ ਦਿਤਾ ਗਿਆ ਜਿਸ ਰਾਹੀਂ ਨਾ ਸਿਰਫ਼ ਸਿੱਖ ਧਰਮ ਬਾਰੇ ਜਾਗਰੂਕਤਾ ਫੈਲਾਉਣ ਵਿਚ ਮਦਦ ਮਿਲੀ ਸਗੋਂ ਸਮਾਜਿਕ ਮੇਲ-ਮਿਲਾਪ ਵੀ ਸੰਭਵ ਹੋ ਸਕਿਆ। ਨਗਰ ਕੀਰਤਨ ਦੌਰਾਨ ਜਿਥੇ ਗੁਰਬਾਣੀ ਉਚਾਰਨ ਕਰਦਿਆਂ ਸੰਗਤ ਅੱਗੇ ਵਧ ਰਹੀ ਸੀ, ਉਥੇ ਹੀ ਸਿੰਘਾਂ ਵੱਲੋਂ ਗੱਤਕੇ ਦੇ ਜੌਹਰ ਵੀ ਦਿਖਾਏ ਗਏ। ਬਤੌਰ ਵਾਲੰਟੀਅਰ ਸ਼ਾਮਲ ਹੋਏ ਗਗਨਦੀਪ ਚੌਹਾਨ ਨੇ ਕਿਹਾ ਕਿ ਸਥਾਨਕ ਲੋਕਾਂ ਨੂੰ ਸਿੱਖੀ ਦੇ ਮੂਲ ਸਿਧਾਂਤਾਂ ਤੋਂ ਜਾਣੂ ਕਰਵਾਉਣਾ ਬੇਹੱਦ ਲਾਜ਼ਮੀ ਹੈ। ਗੁਰੂ ਸਾਹਿਬਾਨ ਵੱਲੋਂ ਦਿਖਾਇਆ ਨਿਸ਼ਕਾਮ ਸੇਵਾ ਦਾ ਰਾਹ ਸਿੱਖੀ ਨੂੰ ਦੁਨੀਆਂ ਦਾ ਵਿਲੱਖਣ ਧਰਮ ਬਣਾਉਂਦਾ ਹੈ। ਦੂਜੇ ਪਾਸੇ ਤਕਰੀਬਨ ਢਾਈ ਸਾਲ ਪਹਿਲਾਂ ਕੈਨੇਡਾ ਪੁੱਜੀ ਸਹਿਜ ਕੌਰ ਦਾ ਕਹਿਣਾ ਸੀ ਕਿ ਮੈਨੀਟੋਬਾ ਵਿਚ ਇਸ ਤੋਂ ਵੱਡਾ ਧਾਰਮਿਕ ਇਕੱਠ ਪਹਿਲਾਂ ਕਦੇ ਨਹੀਂ ਦੇਖਿਆ।

ਲੰਗਰ ਦੀ ਸੇਵਾ ਕਰਨ ਪੁੱਜੇ ਮੈਨੀਟੋਬਾ ਦੇ ਪ੍ਰੀਮੀਅਰ

ਨਗਰ ਕੀਰਤਨ ਵਿਚ ਸ਼ਾਮਲ ਹੁੰਦਿਆਂ ਇਉਂ ਮਹਿਸੂਸ ਹੋਇਆ ਜਿਵੇਂ ਪੰਜਾਬ ਦੇ ਕਿਸੇ ਸ਼ਹਿਰ ਦੀਆਂ ਸੜਕਾਂ ਤੋਂ ਲੰਘ ਰਹੇ ਹੋਈਏ। ਮੈਨੀਟੋਬਾ ਵਿਧਾਨ ਸਭਾ ਨੇੜੇ ਸਥਿਤ ਮੈਮੋਰੀਅਲ ਪਾਰਕ ਵਿਚ ਸੰਗਤ ਵਾਸਤੇ ਲੰਗਰ ਦਾ ਪ੍ਰਬੰਧ ਕੀਤਾ ਗਿਆ ਅਤੇ ਢਾਡੀ ਜਥਿਆਂ ਨੇ ਵਾਰਾਂ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸੇ ਦੌਰਾਨ ਬੀ.ਸੀ. ਦੇ ਐਬਸਫੋਰਡ ਵਿਖੇ ਨਗਰ ਕੀਰਤਨ ਦੀ ਆਰੰਭਤਾ ਬਲੂਰਿੱਜ ਡਰਾਈਵ ’ਤੇ ਸਥਿਤ ਗੁਰਦਵਾਰਾ ਸਾਹਿਬ ਕਲਗੀਧਰ ਦਰਬਾਰ ਤੋਂ ਹੋਈ ਅਤੇ ਸ਼ਹਿਰ ਦੇ ਵੱਖ ਵੱਖ ਹਿੱਸਿਆਂ ਵਿਚੋਂ ਲੰਘਦਿਆਂ ਨਗਰ ਕੀਰਤਨ ਗੁਰਦਵਾਰਾ ਸਾਹਿਬ ਵਿਖੇ ਸੰਪੰਨ ਹੋਇਆ।

Tags:    

Similar News