30 ਹਜ਼ਾਰ ਤੋਂ ਵੱਧ immigrants ਨੂੰ Canada ਛੱਡਣ ਦੇ ਹੁਕਮ

ਕੈਨੇਡਾ ਦੇ ਬਿਲ ਸੀ-12 ਦਾ ਪਹਿਲਾ ਸੇਕ ਸੈਂਕੜੇ ਪੰਜਾਬੀਆਂ ਸਣੇ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਲੱਗਿਆ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਮੁਲਕ ਛੱਡਣ ਦੇ ਹੁਕਮ ਜਾਰੀ ਕਰ ਦਿਤੇ ਗਏ

Update: 2026-04-10 12:36 GMT

ਔਟਵਾ : ਕੈਨੇਡਾ ਦੇ ਬਿਲ ਸੀ-12 ਦਾ ਪਹਿਲਾ ਸੇਕ ਸੈਂਕੜੇ ਪੰਜਾਬੀਆਂ ਸਣੇ 30 ਹਜ਼ਾਰ ਤੋਂ ਵੱਧ ਲੋਕਾਂ ਨੂੰ ਲੱਗਿਆ ਹੈ ਜਿਨ੍ਹਾਂ ਨੂੰ ਜਲਦ ਤੋਂ ਜਲਦ ਮੁਲਕ ਛੱਡਣ ਦੇ ਹੁਕਮ ਜਾਰੀ ਕਰ ਦਿਤੇ ਗਏ। ਜੀ ਹਾਂ, ਇੰਮੀਗ੍ਰੇਸ਼ਨ ਵਿਭਾਗ ਦੀਆਂ ਚਿੱਠੀਆਂ ਮਿਲਦਿਆਂ ਹੀ ਹਜ਼ਾਰਾਂ ਲੋਕਾਂ ਦੇ ਪੈਰਾਂ ਹੇਠੋਂ ਜ਼ਮੀਨ ਨਿਕਲ ਗਈ ਜਿਨ੍ਹਾਂ ਦੀਆਂ ਅਸਾਇਲਮ ਅਰਜ਼ੀਆਂ ਉਤੇ ਵਿਚਾਰ ਕਰਨ ਤੋਂ ਸਾਫ਼ ਨਾਂਹ ਕਰ ਦਿਤੀ ਗਈ ਹੈ। ਕੈਨੇਡੀਅਨ ਇੰਮੀਗ੍ਰੇਸ਼ਨ ਇਤਿਹਾਸ ਵਿਚ ਪਹਿਲੀ ਵਾਰ ਹੋਇਆ ਹੈ ਜਦੋਂ ਇਕੋ ਵੇਲੇ ਐਨੀ ਵੱਡੀ ਗਿਣਤੀ ਵਿਚ ਲੋਕਾਂ ਨੂੰ ਜੁੱਲੀ ਬਿਸਤਰਾ ਇਕੱਠਾ ਕਰ ਕੇ ਜਹਾਜ਼ ਚੜ੍ਹਨ ਦੀ ਹਦਾਇਤ ਦਿਤੀ ਗਈ ਹੈ। ਸੀ.ਬੀ.ਸੀ. ਦੀ ਰਿਪੋਰਟ ਮੁਤਾਬਕ ਚਿੱਠੀਆਂ ਵਿਚ ਲਿਖਿਆ ਗਿਆ ਹੈ ਕਿ ਰਫ਼ਿਊਜੀ ਵਜੋਂ ਤੁਹਾਡਾ ਦਾਅਵਾ ਸੰਭਾਵਤ ਤੌਰ ’ਤੇ ਜਾਇਜ਼ ਨਹੀਂ ਜਿਸ ਦੇ ਮੱਦੇਨਜ਼ਰ ਤੁਹਾਡੀ ਅਰਜ਼ੀ ਇੰਮੀਗ੍ਰੇਸ਼ਨ ਐਂਡ ਰਫ਼ਿਊਜੀ ਬੋਰਡ ਦੀ ਰਫ਼ਿਊਜੀ ਪ੍ਰੋਟੈਕਸ਼ਨ ਕਮੇਟੀ ਕੋਲ ਨਹੀਂ ਭੇਜੀ ਜਾ ਸਕਦੀ। ਉਧਰ, ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਉਨ੍ਹਾਂ ਕੋਲ ਰੋਜ਼ਾਨਾ ਮਦਦ ਵਾਸਤੇ ਸੈਂਕੜੇ ਕਾਲਜ਼ ਆ ਰਹੀਆਂ ਹਨ ਪਰ ਬਿਲ ਸੀ-12 ਰਾਹੀਂ ਕੈਨੇਡਾ ਸਰਕਾਰ ਨੂੰ ਮਿਲੀਆਂ ਤਾਕਤਾਂ ਅੱਗੇ ਕਿਸੇ ਦੀ ਇਕ ਨਹੀਂ ਚੱਲਣੀ।

ਬਿਲ ਸੀ-12 ਸੇਕ ਲੱਗਣਾ ਸ਼ੁਰੂ, ਹਜ਼ਾਰਾਂ ਭਾਰਤੀ ਮਾਰ ਹੇਠ

ਚਿੱਠੀਆਂ ਵਿਚ ਵਰਤੇ ਸਖ਼ਤ ਲਹਿਜ਼ੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਲੋਕਾਂ ਨੂੰ ਕੈਨੇਡਾ ਛੱਡ ਦੇ ਤਰੀਕ ਬਾਰਡਰ ਸਰਵਿਸਿਜ਼ ਏਜੰਸੀ ਨਾਲ ਸਾਂਝੀ ਕਰਨ ਵਾਸਤੇ ਵੀ ਆਖਿਆ ਗਿਆ ਹੈ। ਹੁਣ ਮਸਲਾ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਫ਼ਾਰਮਾਂ ’ਤੇ ਟਿਕਦਾ ਹੈ ਪਰ ਇਥੇ ਲਾਲਚੀ ਇੰਮੀਗ੍ਰੇਸ਼ਨ ਵਕੀਲ ਲੋਕਾਂ ਤੋਂ ਸੈਂਕੜੇ ਡਾਲਰ ਮੰਗ ਰਹੇ ਹਨ। ਇਮਾਨਦਾਰੀ ਨਾਲ ਕੰਮ ਕਰ ਰਹੇ ਇੰਮੀਗ੍ਰੇਸ਼ਨ ਵਕੀਲਾਂ ਦਾ ਕਹਿਣਾ ਹੈ ਕਿ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਕੈਨੇਡਾ ਵਿਚ ਮੌਜੂਦ ਹਰ ਵਿਦੇਸ਼ੀ ਨਾਗਰਿਕ ਦਾ ਹੱਕ ਹੈ ਅਤੇ ਇੰਮੀਗ੍ਰੇਸ਼ਨ ਵਿਭਾਗ ਵੱਲੋਂ ਤੁਰਤ ਕੈਨੇਡਾ ਛੱਡਣ ਦੇ ਹੁਕਮ ਜਾਇਜ਼ ਨਹੀਂ ਮੰਨੇ ਜਾ ਸਕਦੇ। ਇਸੇ ਦੌਰਾਨ ਕੁਝ ਵਿਦੇਸ਼ੀ ਨਾਗਰਿਕ ਅਜੀਬੋ ਗਰੀਬ ਸਮੱਸਿਆ ਵਿਚ ਘਿਰੇ ਹੋਏ ਹਨ ਜਿਨ੍ਹਾਂ ਦਾ ਮੁਲਕ ਪ੍ਰੀ ਰਿਮੂਵਲ ਰਿਸਕ ਅਸੈਸਮੈਂਟ ਦੀ ਸ਼ਰਤ ਦੇ ਘੇਰੇ ਵਿਚ ਨਹੀਂ ਆਉਂਦਾ।

ਅਸਾਇਲਮ ਅਰਜ਼ੀਆਂ ’ਤੇ ਵਿਚਾਰ ਕਰਨ ਤੋਂ ਕੀਤੀ ਜਾ ਰਿਹਾ ਇਨਕਾਰ

ਦੱਸ ਦੇਈਏ ਕਿ ਪਿਛਲੇ ਕੁਝ ਵਰਿ੍ਹਆਂ ਦੌਰਾਨ ਕੈਨੇਡਾ ਵਿਚ ਪਨਾਹ ਦੇ ਸਭ ਤੋਂ ਵੱਧ ਦਾਅਵੇ ਭਾਰਤੀ ਲੋਕਾਂ ਨੇ ਦਾਖਲ ਕੀਤੇ ਅਤੇ ਹੁਣ ਵਾਪਸੀ ਦੇ ਜਹਾਜ਼ ਚੜ੍ਹਨ ਵਾਲਿਆਂ ਵਿਚ ਵੀ ਇਨ੍ਹਾਂ ਦੀ ਗਿਣਤੀ ਸਭ ਤੋਂ ਵੱਧ ਹੋਵੇਗੀ। ਅਸਾਇਲਮ ਦਾਅਵਿਆਂ ਦੇ ਨਿਪਟਾਰੇ ਦੀ ਉਡੀਕ ਕਰ ਰਹੇ ਭਾਰਤੀ ਲੋਕਾਂ ਦੀ ਕੁਲ ਗਿਣਤੀ 45 ਹਜ਼ਾਰ ਤੋਂ ਵੱਧ ਦੱਸੀ ਜਾ ਰਹੀ ਹੈ। ਨਵੇਂ ਕਾਨੂੰਨ ਤਹਿਤ 24 ਜੂਨ 2020 ਤੋਂ ਬਾਅਦ ਆਇਆ ਪਨਾਹ ਦਾ ਕੋਈ ਦਾਅਵਾ ਪ੍ਰਵਾਨ ਨਹੀਂ ਕੀਤਾ ਜਾ ਸਕਦਾ ਜੋ ਸਬੰਧਤ ਸ਼ਖਸ ਨੇ ਕੈਨੇਡਾ ਵਿਚ ਇਕ ਸਾਲ ਰਹਿਣ ਤੋਂ ਬਾਅਦ ਦਾਖਲ ਕੀਤਾ ਹੋਵੇ। ਅਮਰੀਕਾ ਦੇ ਰਸਤੇ ਗੈਰਕਾਨੂੰਨੀ ਤਰੀਕੇ ਨਾਲ ਕੈਨੇਡਾ ਦਾਖਲ ਹੋਣ ਵਾਲਿਆਂ ਦੇ ਅਸਾਇਲਮ ਕਲੇਮ ਪ੍ਰਵਾਨ ਨਹੀਂ ਕੀਤੇ ਜਾਣਗੇ ਜੇ ਕੈਨੇਡਾ ਆਉਣ ਤੋਂ 14 ਦਿਨ ਬਾਅਦ ਦਾਖਲ ਕੀਤੇ ਗਏ।

Tags:    

Similar News