ਬਰੈਂਪਟਨ ਦਾ ਮਨਪ੍ਰੀਤ ਸੇਖੋਂ ਲੁੱਟ ਦੇ ਮਾਮਲੇ ਵਿਚ ਗ੍ਰਿਫ਼ਤਾਰ
ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਮਨਪ੍ਰੀਤ ਸੇਖੋਂ ਨੂੰ ਇਕ ਘਰ ਵਿਚ ਲੁੱਟ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ।;
ਬਰੈਂਪਟਨ : ਪੀਲ ਰੀਜਨਲ ਪੁਲਿਸ ਵੱਲੋਂ ਬਰੈਂਪਟਨ ਦੇ ਮਨਪ੍ਰੀਤ ਸੇਖੋਂ ਨੂੰ ਇਕ ਘਰ ਵਿਚ ਲੁੱਟ ਦੇ ਮਾਮਲੇ ਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ। ਪੁਲਿਸ ਨੇ ਦੱਸਿਆ ਕਿ 7 ਜੂਨ ਨੂੰ ਵੱਡੇ ਤੜਕੇ ਤਿੰਨ ਸ਼ੱਕੀਆਂ ਵੱਲੋਂ ਮੇਅਫੀਲਡ ਰੋਡ ਅਤੇ ਡਿਕਸੀ ਰੋਡ ਇਲਾਕੇ ਵਿਚਲੇ ਇਕ ਘਰ ਵਿਚ ਹਥਿਆਰਬੰਦ ਲੁੱਟ ਨੂੰ ਅੰਜਾਮ ਦਿਤਾ ਗਿਆ ਜਿਨ੍ਹਾਂ ਵੱਲੋਂ ਆਪਣੀ ਪਛਾਣ ਲੁਕਾਉਣ ਲਈ ਨਕਾਬ ਪਹਿਨੇ ਹੋਏ ਸਨ। ਲੁੱਟ ਦੀ ਵਾਰਦਾਤ ਦੌਰਾਨ ਸ਼ੱਕੀ ਵੱਲੋਂ ਘਰ ਵਿਚ ਮੌਜੂਦ ਲੋਕਾਂ ’ਤੇ ਬੀਅਰ ਸਪ੍ਰੇਅ ਕੀਤਾ ਗਿਆ ਅਤੇ ਕੀਮਤੀ ਸਮਾਨ ਲੈ ਕੇ ਇਕ ਚੋਰੀ ਕੀਤੀ ਗੱਡੀ ਵਿਚ ਫਰਾਰ ਹੋ ਗਏ।
3 ਸ਼ੱਕੀਆਂ ਨੇ ਘਰ ਵਿਚ ਕੀਤੀ ਸੀ ਹਥਿਆਰਬੰਦ ਲੁੱਟ
ਪੀਲ ਰੀਜਨਲ ਪੁਲਿਸ ਵੱਲੋਂ ਡੂੰਘਾਈ ਨਾਲ ਕੀਤੀ ਗਈ ਪੜਤਾਲ ਮਗਰੋਂ ਇਕ ਸ਼ੱਕੀ ਦੀ ਸ਼ਨਾਖਤ ਸੰਭਵ ਹੋ ਸਕੀ। ਪੁਲਿਸ ਨੇ ਪੱਕੇ ਪੈਰੀਂ ਕੰਮ ਕਰਦਿਆਂ ਤਲਾਸ਼ੀ ਵਾਰੰਟਾਂ ਦੀ ਤਾਮੀਲ ਕੀਤੀ ਅਤੇ ਤਲਾਸ਼ੀ ਦੌਰਾਨ ਘਰ ਵਿਚੋਂ ਲੁੱਟਿਆ ਸਮਾਨ ਬਰਾਮਦ ਹੋ ਗਿਆ। ਪੁਲਿਸ ਵੱਲੋਂ 25 ਸਾਲ ਦੇ ਮਨਪ੍ਰੀਤ ਸੇਖੋਂ ਵਿਰੁੱਧ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ, ਭੇਖ ਬਦਲਣ, ਖਤਰਨਾਕ ਪਦਾਰਥ ਦੀ ਵਰਤੋਂ ਕਰਨ, ਅਪਰਾਧ ਰਾਹੀਂ ਹਾਸਲ ਪ੍ਰੌਪਰਟੀ ਆਪਣੇ ਕੋਲ ਰੱਖਣ, ਖਤਰਨਾਕ ਤਰੀਕੇ ਨਾਲ ਗੱਡੀ ਚਲਾਉਣ ਅਤੇ ਪੁਲਿਸ ਤੋਂ ਫਰਾਰ ਹੋਣ ਦੇ ਦੋਸ਼ ਆਇਦ ਕੀਤੇ ਗਏ ਹਨ। ਮਨਪ੍ਰੀਤ ਸੇਖੋਂ ਦੀ ਪਹਿਲੀ ਪੇਸ਼ੀ ਬਰੈਂਪਟਨ ਦੀ ਉਨਟਾਰੀਓ ਕੋਰਟ ਆਫ ਜਸਟਿਸ ਵਿਚ ਹੋਈ। ਮਾਮਲੇ ਦੀ ਪੜਤਾਲ ਚੱਲ ਰਹੀ ਹੈ ਅਤੇ ਪੁਲਿਸ ਵੱਲੋਂ ਹੋਰ ਦੋਸ਼ ਆਇਦ ਕੀਤੇ ਜਾ ਸਕਦੇ ਹਨ।
ਪੀਲ ਰੀਜਨਲ ਪੁਲਿਸ ਨੇ ਕੀਤੀ ਕਾਰਵਾਈ
ਪੀਲ ਰੀਜਨਲ ਪੁਲਿਸ ਵੱਲੋਂ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਜੇ ਕਿਸੇ ਕੋਲ ਇਸ ਮਾਮਲੇ ਬਾਰੇ ਜਾਣਕਾਰੀ ਹੋਵੇ ਤਾਂ ਸੈਂਟਰਲ ਰੌਬਰੀ ਬਿਊਰੋ ਦੇ ਜਾਂਚਕਰਤਾਵਾਂ ਨਾਲ 905 453 2121 ਐਕਸਟੈਨਸ਼ਨ 3410 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨਾਲ 1800 222 ਟਿਪਸ 8477 ’ਤੇ ਸੰਪਰਕ ਕੀਤਾ ਜਾ ਸਕਦਾ ਹੈ।