ਉਨਟਾਰੀਓ ਵਿਚ 1 ਜੁਲਾਈ ਤੋਂ ਖੁਦ-ਬ-ਖੁਦ ਰੀਨਿਊ ਹੋਣਗੀਆਂ ਲਾਇਸੰਸ ਪਲੇਟਸ

ਉਨਟਾਰੀਓ ਵਿਚ ਗੱਡੀਆਂ ਦੀਆਂ ਲਾਇਸੰਸ ਪਲੇਟਸ 1 ਜੁਲਾਈ ਤੋਂ ਖੁਦ ਬ ਖੁਦ ਰੀਨਿਊ ਹੋਣਗੀਆਂ ਅਤੇ ਲੋਕਾਂ ਨੂੰ ਸਰਵਿਸ ਉਨਟਾਰੀਓ ਦੇ ਦਫ਼ਤਰਾਂ ਵਿਚ ਨਹੀਂ ਜਾਣਾ ਪਵੇਗਾ।

Update: 2024-06-27 11:38 GMT

ਟੋਰਾਂਟੋ : ਉਨਟਾਰੀਓ ਵਿਚ ਗੱਡੀਆਂ ਦੀਆਂ ਲਾਇਸੰਸ ਪਲੇਟਸ 1 ਜੁਲਾਈ ਤੋਂ ਖੁਦ ਬ ਖੁਦ ਰੀਨਿਊ ਹੋਣਗੀਆਂ ਅਤੇ ਲੋਕਾਂ ਨੂੰ ਸਰਵਿਸ ਉਨਟਾਰੀਓ ਦੇ ਦਫ਼ਤਰਾਂ ਵਿਚ ਨਹੀਂ ਜਾਣਾ ਪਵੇਗਾ। ਇਥੋਂ ਤੱਕ ਕਿ ਆਨਲਾਈਨ ਪ੍ਰਕਿਰਿਆ ਤੋਂ ਵੀ ਛੁਟਕਾਰ ਦੇ ਦਿਤਾ ਗਿਆ ਹੈ ਅਤੇ ਉਨਟਾਰੀਓ ਦੇ 80 ਲੱਖ ਡਰਾਈਵਰ ਸਾਲਾਨਾ 9 ਲੱਖ ਘੰਟੇ ਦਾ ਸਮਾਂ ਬਚਾ ਸਕਣਗੇ। ਡਗ ਫੋਰਡ ਸਰਕਾਰ ਵੱਲੋਂ ਇਸ ਤੋਂ ਪਹਿਲਾਂ 2022 ਵਿਚ ਲਾਇਸੰਸ ਪਲੇਟ ਸਟਿੱਕਰ ਅਤੇ ਇਨ੍ਹਾਂ ਉਤੇ ਹੋਣ ਵਾਲੇ ਖਰਚੇ ਨੂੰ ਖ਼ਤਮ ਕੀਤਾ ਗਿਆ ਪਰ ਫੀਸ ਹਟਾਏ ਜਾਣ ਦੇ ਬਾਵਜੂਦ ਪਤਨਾਲਾ ਉਥੇ ਦਾ ਉਥੇ ਰਿਹਾ। ਟ੍ਰਾਂਸਪੋਰਟੇਸ਼ਨ ਮੰਤਰੀ ਨੇ ਮੌਜੂਦਾ ਵਰ੍ਹੇ ਦੇ ਸ਼ੁਰੂ ਵਿਚ ਦੱਸਿਆ ਕਿ ਉਨਟਾਰੀਓ ਵਿਚ 10 ਲੱਖ ਤੋਂ ਵੱਧ ਲਾਇਸੰਸ ਪਲੇਟਸ ਦੀ ਮਿਆਦ ਪੁੱਗ ਚੁੱਕੀ ਹੈ ਅਤੇ ਆਟੋਮੈਟਿਕ ਸਿਸਟਮ ਬੇਹੱਦ ਲਾਜ਼ਮੀ ਹੋ ਗਿਆ ਹੈ।

ਲੋਕਾਂ ਦੀ ਜ਼ਿੰਦਗੀ ਸੁਖਾਲੀ ਬਣਾਉਣ ਦਾ ਇਕ ਹੋਰ ਕਦਮ : ਪ੍ਰਭਮੀਤ ਸਰਕਾਰੀਆ

ਟ੍ਰਾਂਸਪੋਰਟੇਸ਼ਨ ਮੰਤਰੀ ਪ੍ਰਭਮੀਤ ਸਿੰਘ ਸਰਕਾਰੀਆ ਨੇ ਦਾਅਵਾ ਕੀਤਾ ਕਿ ਆਟੋਮੈਟਿਕ ਤਰੀਕੇ ਨਾਲ ਲਾਇਸੰਸ ਪਲੇਟਸ ਨਵਿਆਉਣ ਵਾਲਾ ਉਨਟਾਰੀਓ, ਉਤਰੀ ਅਮਰੀਕਾ ਦਾ ਪਹਿਲਾ ਖਿਤਾ ਬਣ ਗਿਆ ਹੈ। ਉਨ੍ਹਾਂ ਕਿਹਾ ਕਿ ਪ੍ਰੀਮੀਅਰ ਡਗ ਫੋਰਡ ਦੀ ਅਗਵਾਈ ਹੇਠ ਸਾਡੀ ਸਰਕਾਰ ਲੋਕਾਂ ਦੀ ਜ਼ਿੰਦਗੀ ਵਧੇਰੇ ਸੁਖਾਲੀ ਅਤੇ ਕਿਫਾਇਤੀ ਬਣਾਉਣ ਦੇ ਯਤਨ ਕਰ ਰਹੀ ਹੈ। ਹੁਣ ਅਸੀ ਡਰਾਈਵਰਾਂ ਦਾ ਕੀਮਤੀ ਸਮਾਂ ਬਚਾਉਣ ਦਾ ਉਪਰਾਲਾ ਕੀਤਾ ਹੈ ਅਤੇ ਲਾਇਸੰਸ ਪਲੇਟਸ ਆਟੋਮੈਟਿਕ ਰੀਨਿਊ ਹੋਣ ਕਾਰਨ ਉਨ੍ਹਾਂ ਦੀ ਇਕ ਚਿੰਤਾ ਹੋਰ ਖਤਮ ਹੋ ਜਾਵੇਗੀ। ਲਾਇਸੰਸ ਪਲੇਟਸ ਨਵਿਆਉਣ ਦੀ ਨਵੀਂ ਪ੍ਰਕਿਰਿਆ ਸਾਰੀਆਂ ਮੁਸਾਫਰ ਗੱਡੀਆਂ, ਲਾਈਟ ਡਿਊਟੀ ਟਰੱਕਸ, ਮੋਟਰਸਾਈਕਲ ਅਤੇ ਮੋਪਡਜ਼ ’ਤੇ ਲਾਗੂ ਹੋਵੇਗੀ। ਉਨ੍ਹਾਂ ਗੱਡੀਆਂ ਦੀ ਲਾਇਸੰਸ ਪਲੇਟ ਐਕਸਪਾਇਰ ਹੋਣ ਤੋਂ 90 ਦਿਨ ਪਹਿਲਾਂ ਖੁਦ ਬ ਖੁਦ ਨਵਿਆਈ ਜਾਵੇਗੀ ਜਿਨ੍ਹਾਂ ਦਾ ਬੀਮਾ ਅਪ-ਟੂ-ਡੇਟ ਹੋਵੇਗਾ ਅਤੇ ਗੱਡੀ ਦਾ ਕੋਈ ਜੁਰਮਾਨਾ ਬਕਾਇਆ ਨਹੀਂ ਹੋਵੇਗਾ। ਜੇ ਲਾਇਸੰਸ ਪਲੇਟ ਆਟੋਮੈਟਿਕ ਰੀਨਿਊ ਕਰਨ ਵਿਚ ਕੋਈ ਦਿੱਕਤ ਆਉਂਦੀ ਹੈ ਤਾਂ ਇਸ ਬਾਰੇ ਸਬੰਧਤ ਗੱਡੀ ਦੇ ਮਾਲਕ ਨੂੰ ਈਮੇਲ, ਟੈਕਸਟ ਮੈਸੇਜ ਜਾਂ ਵੁਆਇਸ ਮੇਲ ਰਾਹੀਂ ਜਾਣੂ ਕਰਵਾ ਦਿਤਾ ਜਾਵੇਗਾ। ਸੂਬਾ ਸਰਕਾਰ ਵੱਲੋਂ ਇਸ ਗੱਲ ਦਾ ਖਾਸ ਤੌਰ ’ਤੇ ਜ਼ਿਕਰ ਕੀਤਾ ਗਿਆ ਹੈ ਕਿ ਪਹਿਲੀ ਜੁਲਾਈ ਤੋਂ ਪਹਿਲਾਂ ਐਕਸਪਾਇਰ ਹੋਣ ਵਾਲੀਆਂ ਲਾਇਸੰਸ ਪਲੇਟਸ ਨੂੰ ਆਨਲਾਈਨ ਜਾਂ ਸਰਵਿਸ ਉਨਟਾਰੀਓ ਦੇ ਦਫਤਰ ਜਾ ਕੇ ਹੀ ਨਵਿਆਇਆ ਜਾ ਸਕੇਗਾ।

Tags:    

Similar News